ਐਨ ਜੀ ਟੀ ਦੀ ਟੀਮ ਵਲੋਂ ਪਵਿੱਤਰ ਕਾਲੀ ਵੇਈਂ ਵਿਚ ਦੂਸ਼ਿਤ ਪਾਣੀ ਨਾ ਪਾਉਣ ਦੇ ਹੁਕਮ

648

ਸੁਲਤਾਨਪੁਰ ਲੋਧੀ, ੧ ਅਗਸਤ
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ‘ਤੇ ਬਣਾਈ ਗਈ ਨਿਗਰਾਨ ਕਮੇਟੀ ਨੇ ਪੀਣ ਵਾਲੇ ਪਾਣੀ ਦੀ ਸਪਲਾਈ ੧੩੫ ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਜਸਟਿਸ ਪ੍ਰੀਤਮ ਪਾਲ ਦੀ ਅਗਵਾਈ ਹੇਠ ਸਰਕਟ ਹਾਊਸ ਵਿਚ ਹੋਈ ਮੀਟਿੰਗ ਦੌਰਾਨ ਸਤਲੁਜ ਤੇ ਬਿਆਸ ਦਰਿਆ ਦੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਰੋਕਣ ਲਈ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਉਚੇਚੀ ਮੀਟਿੰਗ ਕੀਤੀ ਗਈ।
ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀਣ ਵਾਲੇ ਪਾਣੀ ਦੀ ਲੋੜੋਂ ਵੱਧ ਸਪਲਾਈ ਕੀਤੇ ਜਾਣ ਦੇ ਮੁੱਦੇ ਨੂੰ ਉਠਾਉਂਦਿਆਂ ਕਿਹਾ ਕਿ ਬਸਤੀ ਪੀਰ ਦਾਦ ‘ਚ ਬਣਿਆ ੫੦ ਐਮਐਲਡੀ ਦਾ ਟਰੀਟਮੈਂਟ ਪਲਾਂਟ ਸੰਨ ੨੦੨੫ ਤੱਕ ਚੱਲਣ ਦੀ ਸਮਰੱਥਾ ਨਾਲ ਬਣਾਇਆ ਗਿਆ ਸੀ ਪਰ ਇਹ ੨੦੧੬ ਤੱਕ ਹੀ ਫੇਲ੍ਹ ਹੋ ਗਿਆ। ਕਿਉਂਕਿ ਪੀਣ ਵਾਲੇ ਪਾਣੀ ਦੀ ਸਪਲਾਈ ੧੩੫ ਲਿਟਰ ਪ੍ਰਤੀ ਵਿਅਕਤੀ ਦੀ ਥਾਂ ‘ਤੇ ੩੫੦ ਲਿਟਰ ਤੱਕ ਕੀਤੀ ਜਾ ਰਹੀ ਹੈ। ਜਿਸ ਨਾਲ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਨੱਥ ਨਹੀਂ ਪਾਈ ਜਾ ਸਕਦੀ। ਜਸਟਿਸ ਪ੍ਰੀਤਮ ਪਾਲ ਨੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਨਗਰ ਨਿਗਮ ਦੇ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਹਦਾਇਤਾਂ ਕੀਤੀਆਂ ਕਿ ਇਸ ਬਾਰੇ ਢੁਕਵੇਂ ਪ੍ਰਬੰਧ ਕੀਤੇ ਜਾਣ। ਦੋਵਾਂ ਅਧਿਕਾਰੀਆਂ ਨੇ ੧੫ ਦਿਨਾਂ ਵਿਚ ਇਸ ਨੂੰ ਹੱਲ ਕਰਨ ਦਾ ਯਕੀਨ ਦੁਆਇਆ। ਜ਼ਿਕਰਯੋਗ ਹੈ ਕਿ ਨੀਤੀ ਆਯੋਗ ਨੇ ਪੰਜਾਬ ਦੇ ਜਿਹੜੇ ਪੰਜ ਸ਼ਹਿਰਾਂ ਵਿਚ ਧਰਤੀ ਹੇਠਲਾ ਪਾਣੀ ੨੦੨੦ ਤੱਕ ਖਤਮ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ ਉਸ ਵਿਚ ਜਲੰਧਰ ਵੀ ਸ਼ਾਮਿਲ ਹੈ।
ਮੀਟਿੰਗ ਵਿਚ ਅਧਿਕਾਰੀਆਂ ਨੂੰ ਇਹ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਜੇਕਰ ਉਨ੍ਹਾਂ ਨੇ ਮਿੱਥੇ ਸਮੇਂ ਵਿਚ ਦੂਸ਼ਿਤ ਪਾਣੀ ਨੂੰ ਡਰੇਨਾਂ ਵਿਚ ਪੈਣ ਤੋਂ ਨਾ ਰੋਕਿਆ ਤਾਂ ਉਨ੍ਹਾਂ ਵਿਰੁੱਧ ਸਿੱਧੀ ਕਾਰਵਾਈ ਹੋਵੇਗੀ। ਜਸਟਿਸ ਪ੍ਰੀਤਮ ਪਾਲ ਨੇ ਇਹ ਹਦਾਇਤਾਂ ਵੀ ਕੀਤੀਆਂ ਕਿ ਟਰੀਟਮੈਂਟ ਪਲਾਂਟਾਂ ਦਾ ਪਾਣੀ ਸੋਧੇ ਜਾਣ ਤੋਂ ਬਾਅਦ ਵੀ ਡਰੇਨਾਂ ਵਿਚ ਨਹੀਂ ਪਾਇਆ ਜਾਵੇਗਾ ਸਗੋਂ ਇਸ ਨੂੰ ਖੇਤੀ ਲਈ ਵਰਤੇ ਜਾਣ ਦੇ ਯੋਗ ਪ੍ਰਬੰਧ ਕਰਨ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ। ਜਸਟਿਸ ਪ੍ਰੀਤਮ ਪਾਲ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਪਵਿੱਤਰ ਕਾਲੀ ਵੇਈਂ ਵਿਚ ਦੂਸ਼ਿਤ ਪਾਣੀ ਮੁਕੰਮਲ ਤੌਰ ‘ਤੇ ਪੈਣੋਂ ਰੋਕੇ ਜਾਣ। ਡਿਪਟੀ ਕਮਿਸ਼ਨਰ ਕਪੂਰਥਲਾ ਡੀਪੀਐਸ ਖਰਬੰਦਾ ਨੇ ਯਕੀਨ ਦੁਆਇਆ ਕਿ ਸਤੰਬਰ ਮਹੀਨੇ ਤੱਕ ਪਵਿੱਤਰ ਕਾਲੀ ਵੇਈਂ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕ ਦਿੱਤਾ ਜਾਵੇਗਾ। ਇਸ ਮੌਕੇ ਕਮੇਟੀ ਦੇ ਮੈਂਬਰਾਂ ‘ਚ ਪੰਜਾਬ ਦੇ ਸਾਬਕਾ ਮੁੱਖ ਸੱਤਰ ਐਸਸੀ ਅਗਰਵਾਲ, ਬਾਬੂ ਰਾਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਜੀਐਸ ਮਜੀਠੀਆ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Real Estate