ਪੰਜਾਬ ਵਿੱਚ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੀ ਨੀਤੀ ਲਾਗੂ

740

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਆਪਕਾਂ ਦੀ ਨਵੀਂ ਬਦਲੀਆਂ ਦੀ ਨੀਤੀ ਦਾ ਬਟਨ ਦਬਾਅ ਕੇ ਹੁਕਮ ਜਾਰੀ ਕਰ ਦਿੱਤੇ ਹਨ। ਆਨਲਾਈਨ ਨੀਤੀ ਤਹਿਤ ਅੱਜ 4551 ਅਧਿਆਪਕਾਂ ਦੀਆਂ ਬਦਲੀਆਂ ਹੋ ਗਈਆਂ ਹਨ। ਇਸ ਨੀਤੀ ਦਾ ਉਦੇਸ਼ ਬਦਲੀਆਂ ’ਚ ਪਾਰਦਰਸ਼ਤਾ ਯਕੀਨੀ ਬਣਾਉਣਾ ਅਤੇ ਭਿਸ਼ਟਾਚਾਰ ਨੂੰ ਠੱਲ੍ਹ ਪਾਉਣਾ ਹੈ। ਕਾਫੀ ਉਤਰਾਅ-ਚੜ੍ਹਾਅ ਬਾਅਦ ਆਨਲਾਈਨ ਬਦਲੀਆਂ ਦੀ ਨੀਤੀ ਸਿਰੇ ਚੜ੍ਹੀ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਦੇ ਵਿਧਾਇਕਾਂ ਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਆਪਣੇ ਚਹੇਤਿਆਂ ਦੀਆਂ ਬਦਲੀਆਂ ਕਰਵਾਉਣ ਲਈ ਦਬਾਅ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨੀਤੀ ਨੂੰ ਹੋਰਨਾਂ ਵਿਭਾਗਾਂ ਵਿੱਚ ਲਾਗੂ ਕਰਨ ਦੀ ਵੀ ਯੋਜਨਾ ਹੈ। ਸਕੂਲ ਸਿੱਖਿਆ ਵਿਭਾਗ ਨੂੰ 11063 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਇਨ੍ਹਾਂ ਵਿਚੋਂ 4551 ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ ਜਦਕਿ ਪਹਿਲੇ ਗੇੜ ਦੌਰਾਨ 6506 ਅਰਜ਼ੀਆਂ ’ਤੇ ਕਾਰਵਾਈ ਨਹੀਂ ਕੀਤੀ ਗਈ।
ਆਨਲਾਈਨ ਬਦਲੀਆਂ ਲਈ ਸਕੂਲਾਂ ਨੂੰ 5 ਜ਼ੋਨਾਂ ਵਿੱਚ ਵੰਡਿਆ ਗਿਆ ਸੀ। ਅਧਿਆਪਕਾਂ ਦੀ ਕਾਰਗੁਜ਼ਾਰੀ ਲਈ ਕੁਲ 250 ਵਿੱਚੋਂ 90 ਅੰਕ ਮੁਹੱਈਆ ਕਰਵਾਏ ਗਏ। ਕਾਰਗੁਜ਼ਾਰੀ ਵਿੱਚ ਅਧਿਆਪਕਾਂ ਦੇ ਨਤੀਜੇ, ਸਾਲਾਨਾ ਗੁਪਤ ਰਿਪੋਰਟ ਆਦਿ ਨੂੰ ਵੀ ਸ਼ਾਮਲ ਕੀਤੇ ਗਿਆ ਸੀ। ਇਸ ਤੋਂ ਇਲਾਵਾ 15 ਅੰਕ ਉਨ੍ਹਾਂ ਅਧਿਆਪਕਾਂ ਨੂੰ ਮੁਹੱਈਆ ਕਰਵਾਏ ਗਏ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਅਧਿਆਪਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਮੈਡੀਕਲ ਆਧਾਰ ’ਤੇ ਤਬਾਦਲਾ ਨੀਤੀ ਤੋਂ ਮੁਕੰਮਲ ਛੋਟ ਦਿੱਤੀ ਗਈ। ਇਨ੍ਹਾਂ ਵਿੱਚ ਕੈਂਸਰ ਮਰੀਜ਼, ਡਾਇਲੇਸਿਸ ’ਤੇ , ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਸਿਕੱਲ ਸੈੱਲ ਅਨੀਮਿਆ, ਥੈਲੇਸੀਮੀਆ ਆਦਿ ਨਾਲ ਪੀੜਤ ਸ਼ਾਮਲ ਸਨ।
ਨਵੀਂ ਨੀਤੀ ਤਹਿਤ ਬਦਲੇ ਗਏ ਅਧਿਆਪਕਾਂ ਨੂੰ ਨਵੇਂ ਸਟੇਸ਼ਨ ’ਤੇ ਤਿੰਨ ਸਾਲ ਗੁਜ਼ਾਰਨ ਤੋਂ ਪਹਿਲਾਂ ਤਬਾਦਲੇ ਲਈ ਨਹੀਂ ਵਿਚਾਰਿਆ ਜਾਵੇਗਾ।

Real Estate