ਨਾਬਰੀ ਅਤੇ ਬਹਾਦਰੀ ਦਾ ਪ੍ਰਤੀਕ- ਸ਼ਹੀਦ ਨਿਜ਼ਾਮ ਲੁਹਾਰ

1475

ਮੁੱਢਲਾ ਜੀਵਨ……..ਮਾਝੇ ਦੀ ਧਰਤੀ ਦਾ ਅਣਗੌਲਿਆ ਨਾਇਕ “ਨਿਜ਼ਾਮ ਲੁਹਾਰ” ਬ੍ਰਿਟਿਸ਼ ਰਾਜ ਵਿਚ ਤਰਨ-ਤਾਰਨ ਦੀ ਧਰਤੀ ਤੇ ਵਿਚਰਣ ਵਾਲਾ ਉਹ ਸੂਰਮਾ ਸੀ, ਜਿਸਨੇ ਅੰਗਰੇਜ਼ੀ ਰਾਜ ਵਿਚ ਪੰਜਾਬੀਆਂ ਦੇ ਸਿਰ ਉਠਾ ਕੇ ਜੀਣ ਦੀ ਅਦਾ ਨੂੰ ਅੰਤਲੇ ਸਾਹਾਂ ਤੱਕ ਨਿਭਾਇਆ ਸੀ । ਨਿਜ਼ਾਮ ਲੁਹਾਰ 1835 ਵਿਚ ਤਰਨ ਤਾਰਨ ਦੇ ਇਕ ਗਰੀਬ ਮੁਸਲਿਮ ਘਰ ਵਿਚ ਜੰਮਿਆ ਸੀ । ਇਹ ਉਨ੍ਹਾਂ ਵੇਲਿਆਂ ਦੀ ਗੱਲ ਏ, ਜਦ ਅਜੇ ਅੰਗਰੇਜ਼ ਪੰਜਾਬ ਵਿਚ ਆਪਣੇ ਪੈਰ ਹੀ ਗੱਡ ਰਹੇ ਸਨ । ਉਸਦਾ ਪਰਿਵਾਰ ਲੁਹਾਰ ਦਾ ਕੰਮ ਕਰਦਾ ਸੀ । ਉਹ ਵੀ ਵੱਡਾ ਹੋ ਕੇ ਆਪਣੇ ਘਰ ਵਿਚ ਹਥਿਆਰ ਬਣਾਇਆ ਕਰਦਾ ਸੀ । ਉਸਦੇ ਨਾਲ ਉਸਦੀ ਮਾਤਾ ਅਤੇ ਇਕ ਕੁਆਰੀ ਭੈਣ ਰਹਿੰਦੀ ਸੀ । ਉਹ ਬਚਪਨ ਤੋਂ ਹੀ ਅਜ਼ਾਦ ਤਬੀਅਤ ਤੇ ਅਣਖੀ ਸੁਭਾਅ ਵਾਲਾ ਸੀ ।
ਬ੍ਰਿਟਿਸ਼ ਰਾਜ ਦੀ ਵਿਰੋਧਤਾ……..
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸ਼ਾਜਿਸਾਂ ਕਰਕੇ ਜਦੋਂ ਗੋਰਿਆਂ ਨੇ ਆਪਣੇ ਰਾਜ ਵਿਚ ਮਿਲਾ ਤਾਂ ਨਿਜ਼ਾਮ ਨੇ ਇਸ ਰਾਜ ਨੂੰ ਪ੍ਰਵਾਨ ਨਹੀਂ ਕੀਤਾ, ਉਸਨੇ ਹਿੰਦੂ-ਸਿੱਖ ਭਾਈਚਾਰੇ ਨਾਲ ਰਲਕੇ ਗੋਰਿਆਂ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ । ਨਿਜ਼ਾਮ ਗੱਭਰੂ ਸ਼ੁਰੂ ਤੋਂ ਹੀ ਗ਼ਰੀਬਾਂ ਲਈ ਦਿਲ ਵਿਚ ਦਰਦ ਰੱਖਦਾ ਸੀ ਤੇ ਅੰਗਰੇਜ਼ਾਂ ਦੇ ਰੋਜ਼ ਰੋਜ਼ ਵਧਨ ਵਾਲੇ ਜ਼ੁਲਮ ਉਹਨੂੰ ਸਤਾਉਂਦੇ ਸੀ । ਉਹ ਗੋਰਿਆਂ ਦੀ ਬਾਦਸ਼ਾਹਤ ਦੇ ਖਿਲਾਫ਼ ਸੀ । ਪਰ ਉਸਦਾ ਪਰਿਵਾਰ ਚਾਹੁੰਦਾ ਸੀ ਕਿ ਨਿਜ਼ਾਮ ਇਹਨਾਂ ਕੰਮਾਂ ਤੋਂ ਦੂਰ ਰਹੇ । ਉਸਨੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਆਪਣੀਆੰ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ । ਉਸਨੇ ਸਥਾਨਿਕ ਬਾਗੀ ਆਗੂਆੰੰ ਜੀਤ ਸਿੰਘ ਅਤੇ ਮਲਕੀਤ ਸਿੰਘ ਨੂੰ ਹਥਿਆਰ ਬਣਾ ਕੇ ਦੇਣੇ ਸ਼ੁਰੂ ਕਰ ਦਿੱਤੇ । ਉਸਦੇ ਇਹ ਕਾਰਜ ਚਾਹੇ ਛੋਟੇ ਪੱਧਰ ਦੇ ਸਨ, ਪਰ ਅੰਗਰੇਜ਼ਾਂ ਨੂੰ ਹੌਲੀ ਹੌਲੀ ਨਿਜ਼ਾਮ ਬਾਰੇ ਸ਼ੱਕ ਪੈ ਰਿਹਾ ਸੀ । ਉਹਨਾਂ ਨੇ ਉਸਦੀਆਂ ਕਾਰਵਾਈਆਂ ਤੇ ਨਿਗਾ ਰੱਖਣੀ ਸ਼ੁਰੂ ਕਰ ਦਿੱਤੀ । ਪਰ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਸੀ ਲੱਭਦਾ । ਫਿਰ ਨਿਜ਼ਾਮ ਨੇ ਹੋਲੀ-ਹੋਲੀ ਖੁੱਲ ਕੇ ਬਾਗੀਆਂ ਨਾਲ ਸ਼ੰਘਰਸ਼ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਹਰ ਵਾਰਦਾਤ ਦੇ ਮਗਰੋਂ ਉਹ “ਚੰਗਾ-ਮੰਗਾ” ਦੇ ਜੰਗਲ ਵਿਚ ਲੁਕ ਜਾਇਆ ਕਰਦਾ ਸੀ ।
ਪੁਲਸ ਦਾ ਛਾਪਾ ਅਤੇ ਤਸ਼ੱਦਦ……..
ਇਕ ਦਿਨ ਨਿਜ਼ਾਮ ਲੁਹਾਰ ਦੀ ਗੈਰ-ਹਾਜ਼ਰੀ ਵਿਚ ਤਰਨਤਾਰਨ ਪੁਲਸ ਨੇ “ਕੈਪਟਨ ਕੌਲ” ਦੀ ਅਗਵਾਈ ਵਿਚ ਉਹਦੇ ਘਰ ਛਾਪਾ ਮਾਰਿਆ । ਨਿਜ਼ਾਮ ਨੇ ਘਰ ਵਿਚ ਇਕ ਖੁਫ਼ੀਆ ਤਹਿਖਾਨਾ ਬਣਾਇਆ ਸੀ, ਜਿਸ ਵਿਚ ਉਹ ਅਸਲਾ ਛਿਪਾ ਕੇ ਰੱਖਦਾ ਸੀ । ਪੁਲਸ ਨੇ ਓਥੋਂ ਹਥਿਆਰ ਬਰਾਮਦ ਕਰ ਲਏ । ਪਰ ਇਸ ਰੇਡ ਸਮੇਂ ਅੰਗਰੇਜ਼ਾਂ ਦੇ ਅਫ਼ਸਰ “ਕੈਪਟਨ ਕੌਲ” ਨੇ ਨਿਜ਼ਾਮ ਦੀ ਭੈਣ ਨਾਲ਼ ਉਸਦੀ ਮਾਂ ਦੇ ਸਾਹਮਣੇ ਹੀ ਜ਼ਬਰ ਜ਼ਨਾਹ ਵੀ ਕੀਤਾ । ਇਹ ਸਦਮਾ ਨਿਜ਼ਾਮ ਦੀ ਮਾਂ ਵੇਖ ਕੇ ਬਰਦਾਸ਼ਤ ਨਾ ਕਰ ਸਕੀ ਤੇ ਇਸ ਨਮੌਸ਼ੀ ਵਿਚ ਹੀ ਚੱਲ ਵੱਸੀ । ਜਦੋਂ ਨਿਜ਼ਾਮ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਪਹਿਲਾਂ ਤੇ ਆਪਣੀ ਭੈਣ ਦਾ ਵਿਆਹ ਫ਼ੌਰੀ ਤੌਰ ਤੇ ਆਪਣੇ ਇਕ ਸੰਗੀ “ਸ਼ਫ਼ੀ” ਨਾਲ਼ ਕਰ ਦਿੱਤਾ । ਇਹ ਘਟਨਾ ਉਸਦੀ ਸੂਰਮਗਤੀ ਲਈ ਬਹੁਤ ਵੱਡੀ ਵੰਗਾਰ ਸੀ । ਉਸਨੇ ਆਪਣੇ ਹੌਂਸਲੇ ਨੂੰ ਬੁਲੰਦ ਰੱਖਦੇ ਹੋਏ ਅਗਲੀ ਹੀ ਰਾਤ ਥਾਣੇ ਤੇ ਹੱਲਾ ਕੀਤਾ । ਉਸਨੇ “ਕੈਪਟਨ ਕੌਲ਼” ਜਿਹਨੇ ਉਸਦੀ ਭੈਣ ਨਾਲ਼ ਬੁਰਾ ਸਲੂਕ ਕੀਤਾ ਸੀ, ਉਹਨੂੰ ਪਾਰ ਬੁਲਾ ਦਿੱਤਾ । ਨਿਜ਼ਾਮ ਹੁਣ ਖੁੱਲ ਕੇ ਹਕੂਮਤ ਦੇ ਖਿਲਾਫ਼ ਨਿੱਤਰ ਆਇਆ ਸੀ । ਉਸਨੇ ਸਦਾ ਲਈ ਘਰ ਨੂੰ ਅਲਵਿਦਾ ਕਹਿੰਦੇ ਹੋਏ ਗੁਰੀਲਾ ਜੀਵਨ ਅਪਣਾ ਲਿਆ । ਕੁਝ ਹੀ ਦਿਹਾੜਿਆਂ ਦੇ ਮਗਰੋਂ ਨਿਜ਼ਾਮ ਨੇ ਇਕ ਹੋਰ ਅਫ਼ਸਰ ਤਰਨਤਾਰਨ ਦੇ ਐਸ ਪੀ “ਰੋਨਾਲਡ” ਅਤੇ ਕਈ ਹੋਰ ਗੋਰੇ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਹੁਣ ਪੂਰੇ ਅੰਮ੍ਰਿਤਸਰ ਵਿਚ ਨਿਜ਼ਾਮ ਦੀਆਂ ਧੁੰਮਾਂ ਪੈ ਗਈਆਂ । ਉਸ ਨਾਲ ਹੋਏ ਧੱਕੇ ਕਾਰਨ ਅਤੇ ਸੰਘਰਸ਼ੀ ਜੀਵਨ ਕਾਰਨ ਉਸਦਾ ਲੋਕ ਬਹੁਤ ਸਤਿਕਾਰ ਕਰਨ ਲੱਗ ਪਏ । ਸਭ ਪਿੰਡਾਂ ਦੇ ਲੋਕਾਂ ਨੇ ਏਸ ਗੱਲ ਤੇ ਸਹਿਮਤੀ ਕੀਤੀ ਕਿ ਜਿਹਨੇ ਵੀ ਨਿਜ਼ਾਮ ਦੀ ਮੁਖ਼ਬਰੀ ਕੀਤੀ ਉਹਦਾ ਘਰ ਸਾੜ ਦਿੱਤਾ ਜਾਵੇਗਾ । ਹੁਣ ਨਿਜ਼ਾਮ ਲੁਹਾਰ ਇਕ ਡਾਕੂ ਨਹੀਂ ਲੋਕਾਂ ਦਾ ਮਸੀਹਾ ਸੀ । ਉਹ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਬਣ ਚੁੱਕਾ ਸੀ । ਇਹ ਗੱਲ ਸੁਣ ਕੇ ਅੰਗਰੇਜ਼ ਵੀ ਕੰਬ ਉਠੇ । ਉਹਨਾਂ ਦੀਆਂ ਤਮਾਮ ਕੋਸ਼ਿਸਾਂ ਦੇ ਬਾਵਜੂਦ ਵੀ ਨਿਜ਼ਾਮ ਪੁਲਸ ਦੀ ਪਕੜ ਤੋਂ ਬਾਹਰ ਸੀ ।
ਜਬਰੂ ਜੱਟ ਤੇ ਸ਼ੂਜੇ ਨੂੰ ਛਡਵਾਉਣਾ……..
ਨਿਜ਼ਾਮ ਲੁਹਾਰ ਦਾ ਨਾਮ ਉਸ ਸਮੇਂ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਸੀ । ਉਸਨੇ ਗਰੀਬਾਂ ਦੀ ਮਦਦ ਕਰਕੇ ਆਪਣਾ ਰੁਤਬਾ ਰੌਬਨਹੁੱਡ ਵਰਗਾ ਬਣਾ ਲਿਆ ਸੀ । ਉਸਨੇ ਇਕ ਦਿਹਾੜੇ ਛਾਵਣੀ ਦੇ ਥਾਣੇ ਵਿਚ ਹੱਲਾ ਕਰਕੇ ਸਰਕਾਰ ਦੇ ਬਾਗ਼ੀ “ਸ਼ੂਜਾ ਸਿੰਘ” ਅਤੇ “ਜਬਰੂ ਜੱਟ” ਨੂੰ ਛੁਡਾ ਲਿਆ । ਹੁਣ ਤਿੰਨਾਂ ਨੇ ਹੀ ਇਲਾਕੇ ਵਿਚ ਅੰਗਰੇਜ਼ਾਂ ਦੀ ਨੱਕ ਵਿਚ ਕਰ ਦਿਤਾ ਸੀ । ਨਿਜ਼ਾਮ ਦੀ ਮਾਂ ਦਾ ਇੰਤਕਾਲ ਹੋ ਗਿਆ ਸੀ, ਉਸਨੇ ਸੁੱਜੇ ਦੀ ਮਾਂ ਨੂੰ ਆਪਣੀ ਮਾਂ ਬਣਾ ਲਿਆ । ਨਿਜ਼ਾਮ ਲੁਹਾਰ ਦੀ ਧਾਂਕ ਹੁਣ ਹਰ ਪਾਸੇ ਫ਼ੈਲ ਚੁੱਕੀ ਸੀ । ਇਨ੍ਹਾਂ ਦੇ ਜਥੇ ਨੇ ਖੁੱਲਕੇ ਗੋਰਿਆਂ ਦੀ ਮੁਖਾਲਫ਼ਿਤ ਕਰਦਿਆਂ, “ਪੰਜਾਬ ਛੱਡ ਦਿਓ” ਤਹਿਰੀਕ ਤੋਰੀ ਸੀ । ਇਸ ਤਹਿਰੀਕ ਦੇ ਝੰਡੇ ਥੱਲੇ ਪੂਰੇ ਪੰਜਾਬ ਵਿਚ ਵਿਚ ਬਹੁਤ ਸਾਰੇ ਨੌਜਵਾਨ ਇਨ੍ਹਾਂ ਨਾਲ਼ ਰਲ਼ ਗਏ । ਇਨ੍ਹਾਂ ਨੇ ਕਈ ਸੌ ਅੰਗਰੇਜ਼ ਫ਼ੌਜੀਆਂ ਨੂੰ ਮਾਰਿਆ ਅਤੇ ਸਰਕਾਰੀ ਖਜ਼ਾਨਾ ਲੁੱਟ ਕੇ ਗ਼ਰੀਬ ਲੋਕਾਂ ਦੀ ਮਦਦ ਕੀਤੀ । ਇਸ ਪ੍ਰਕਾਰ ਇਕ ਲੋਕ ਲਹਿਰ ਖੜੀ ਹੋ ਗਈ, ਜੋ ਸਥਾਪਿਤ ਹੋ ਰਹੇ ਅੰਗਰੇਜ਼ੀ ਰਾਜ ਲਈ ਕੜੀ ਚੁਣੌਤੀ ਸੀ । ਇਸ ਤਿਕੜੀ ਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਫ਼ੈਲ ਗਏ । ਨਿਜ਼ਾਮ ਲੁਹਾਰ ਗੋਰੀ ਹਕੂਮਤ ਦੇ ਕਾਗਜ਼ਾਂ ਵਿਚ ਸਭ ਤੋਂ ਲੋੜੀਂਦਾ ਬਾਗੀ ਸੀ । ਉਸਦੇ ਘੋੜੇ ਦੀਆੰ ਟਾਪਾਂ ਹੁਣ ਵਾਇਸਰਾਏ ਦੇ ਦਰਬਾਰ ਵਿਚ ਸੁਣਾਈ ਦਿੰਦੀਆਂ ਸਨ ।
ਅੰਗਰੇਜ਼ਾਂ ਦੀ ਸਾਜ਼ਿਸ਼ ਤੇ ਸ਼ੂਜੇ ਦਾ ਭਟਕਣਾ………
ਹੁਣ ਅੰਗਰੇਜ਼ਾਂ ਨੇ ਇਨ੍ਹਾਂ ਦੀ ਤਹਿਰੀਕ ਨੂੰ ਡੱਕਨ ਲਈ ਇਕ ਸ਼ਾਤਰ ਚਾਲ ਚਲੀ ਤੇ ਇਕ ਬਦ ਕਿਰਦਾਰ ਕੁੜੀ ਨੂੰ ਸੁੱਜੇ ਨਾਲ਼ ਨੱਥੀ ਕਰ ਦਿੱਤਾ । ਉਸ ਕੁੜੀ ਨੇ ਸੁੱਜੇ ਨੂੰ ਆਪਣੇ ਪ੍ਰੇਮ-ਜਾਲ ਵਿਚ ਫਸਾ ਲਿਆ । ਸ਼ੁੱਜਾ ਉਹਦੇ ਇਸ਼ਕ ਵਿਚ ਕਮਲਾ ਹੋ ਗਿਆ ਤੇ ਆਪਣੇ ਫ਼ਰਜ਼ਾਂ ਕੋਲੋਂ ਵੀ ਗ਼ਾਫ਼ਲ ਹੋ ਗਿਆ, ਉਹ ਹੁਣ ਆਪਣੇ ਅਹਿਦ ਤੋਂ ਮੁਨਕਰ ਹੋ ਕੇ ਅੰਗਰੇਜ਼ਾਂ ਨੂੰ ਪੰਜਾਬ ਚੋਂ ਕੱਢਣ ਦੇ ਸੱਚੇ-ਸੁੱਚੇ ਆਸ਼ੇ ਤੋਂ ਪਿਛੇ ਹੱਟ ਰਿਹਾ ਸੀ । ਸਿਤਮ ਦੀ ਗੱਲ ਹੈ ਕਿ ਜਦ ਉਹਦੀ ਮਾਂ ਬਹੁਤ ਸਖ਼ਤ ਬਿਮਾਰ ਹੋ ਗਈ ਤੇ ਸੁੱਜੇ ਨੇ ਆਪਣੀ ਮਾਂ ਨੂੰ ਵੀ ਉਹਦੇ ਹਾਲ ਤੇ ਛੱਡ ਦਿੱਤਾ । ਜਦ ਨਿਜ਼ਾਮ ਲੁਹਾਰ ਨੂੰ ਏਸ ਗੱਲ ਦਾ ਪਤਾ ਚਲਿਆ ਉਹ ਫ਼ੌਰਨ ਮਾਤਾ ਜੀ ਦੇ ਕੋਲ਼ ਆਇਆ ਤੇ ਉਨ੍ਹਾਂ ਕੋਲੋਂ ਸੁੱਜੇ ਦੀ ਲਾਪਰਵਾਹੀ ਦਾ ਕਿੱਸਾ ਸੁਣ ਕੇ ਸੁੱਜੇ ਨੂੰ ਝਿੜਕਿਆ ਝੰਬਿਆ । ਸੁੱਜੇ ਨੂੰ ਇਹ ਗੱਲ ਭੈੜੀ ਲੱਗੀ ਤੇ ਨਾਲੇ ਉਹਦੀ ਮਹਿਬੂਬਾ ਨੇ ਇਹ ਮੌਕਾ ਪਾਉਂਦੇ ਹੀ ਸੁੱਜੇ ਨੂੰ ਉਕਸਾਇਆ ਕਿ ਤੂੰ ਇਹਦੀ ਮੁਖ਼ਬਰੀ ਕਰਦੇ, ਸੁੱਜੇ ਨੂੰ ਪਤਾ ਸੀ ਕਿ ਨਿਜ਼ਾਮ ਇਹਦੀ ਮਾਤਾ ਜੀ ਦੇ ਕੋਲ਼ ਉਨ੍ਹਾਂ ਦੀ ਤਿਮਾਰਦਾਰੀ ਕਰਨ ਲਈ ਆਉਂਦਾ ਏ, ਉਸਨੇ ਆਪਣੀ ਮਹਿਬੂਬ ਦੀਆੰ ਗੱਲਾਂ ਵਿਚ ਆ ਕੇ ਆਪਣੇ ਜਿਗਰੀ ਯਾਰ ਤੇ ਲੋਕ ਨਾਇਕ ਨਿਜ਼ਾਮ ਨੂੰ ਮਰਵਾਉਣ ਦਾ ਮਨਸੂਬਾ ਬਣਾ ਲਿਆ ।
ਸ਼ੁੱਜੇ ਦੀ ਗਦਾਰੀ ਅਤੇ ਆਖਰੀ ਮੁਕਾਬਲਾ……..
ਇਕ ਦਿਹਾੜੇ ਨਿਜ਼ਾਮ ਲੁਹਾਰ ਸ਼ੁੱਜੇ ਦੀ ਮਾਤਾ ਜੋ ਅਸਲ ਵਿਚ ਹੁਣ ਸ਼ੁੱਜੇ ਦੀ ਧਰਮ-ਮਾਤਾ ਬਣ ਚੁੱਕੀ ਸੀ, ਉਸ ਕੋਲ਼ ਆਇਆ ਹੋਇਆ ਸੀ । ਇਨਕਲਾਬੀ ਰਾਹਵਾਂ ਤੋਂ ਭਟਕ ਕੇ ਗਦਾਰ ਬਣਕੇ ਸੁੱਜੇ ਨੇ ਪੁਲਸ ਨੂੰ ਮੁਖ਼ਬਰੀ ਕਰ ਦਿੱਤੀ । ਉਸਦੀ ਇਤਲਾਹ ਤੇ ਪੁਲਸ ਪੂਰੇ ਲਾਮ-ਲਸ਼ਕਰ ਨਾਲ ਨਿਜ਼ਾਮ ਨੂੰ ਸੁੱਜੇ ਦੇ ਘਰ ਵਿਚ ਹੀ ਘੇਰ ਲਿਆ । ਨਿਜ਼ਾਮ ਨੇ ਆਪਣੇ ਸੀਮਤ ਹਥਿਆਰਾਂ ਨਾਲ ਪੁਲਸ ਦਾ ਡੱਟਕੇ ਮੁਕਾਬਲਾ ਕੀਤਾ । ਉਸਦੇ ਬਚ ਕੇ ਨਿਕਲਣ ਦੀ ਉਮੀਦ ਬਹੁਤ ਮੱਧਮ ਸੀ । ਉਸਨੇ ਗ੍ਰਿਫ਼ਤਾਰ ਹੋਣ ਦੀ ਬਜਾਏ ਪੁਲਸ ਦੀ ਧਾੜ ਦਾ ਆਖਰੀ ਗੋਲੀ ਤੀਕ ਸਾਹਮਣਾ ਕੀਤਾ । ਇਹ ਮੁਕਾਬਲਾ 48 ਘੰਟੇ ਤੀਕ ਚੱਲਿਆ । ਅੰਤ ਵਿਚ ਨਿਜ਼ਾਮ ਨੇ ਪੁਲਸ ਨੂੰ ਚਕਮਾ ਦੇ ਕੇ ਘੇਰਾ ਤੋੜ ਕੇ ਨਿਕਲਣ ਦੀ ਕੋਸ਼ਿਸ ਕੀਤੀ, ਪਰ ਭੱਜਦਿਆਂ ਹੋਇਆਂ ਰਾਹ ਵਿਚ ਕਿਸੇ ਚੀਜ਼ ਨਾਲ਼ ਉਹਦਾ ਸਿਰ ਵੱਜਿਆ ਤੇ ਉਹ ਘਾਇਲ ਹੋ ਕੇ ਡਿੱਗ ਪਿਆ । ਗੋਰਿਆਂ ਨੇ ਜਖ਼ਮੀ ਹੋਏ ਸੂਰਬੀਰ ਨਿਜ਼ਾਮ ਨੂੰ ਗੋਲੀਆੰੰ ਮਾਰ ਕੇ ਸ਼ਹੀਦ ਕਰ ਦਿੱਤਾ । ਉਹ ਸੁੱਜੇ ਤੇ ਜਬਰੂ ਨੂੰ ਫੜ ਕੇ ਥਾਣੇ ਲੈ ਗਏ ।
ਮਾਂ ਦਾ ਫਰਜ਼ ਅਤੇ ਸ਼ੁੱਜੇ ਦੀ ਮੌਤ…….
ਜਦ ਸੁੱਜੇ ਦੀ ਮਾਤਾ ਨੂੰ ਇਹ ਪਤਾ ਚਲਿਆ ਕਿ ਉਸਦੇ ਧਰਮੀ ਪੱਤਰ ਨਿਜ਼ਾਮ ਨੂੰ ਉਸਦੇ ਹੀ ਪੇਟੋਂ ਜੰਮੇ ਪੁੱਤਰ ਨੇ ਮੁਖਬਰੀ ਕਰਕੇ ਮਰਵਾਇਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ । ਉਸਦੇ ਲਈ ਇਹ ਬਹੁਤ ਕਠਿਨ ਪ੍ਰੀਖਿਆ ਦੀ ਘੜੀ ਸੀ । ਉਸਦੇ ਲਈ ਇਕ ਪਾਸੇ ਗਦਾਰ ਪੁੱਤ ਦੀ ਮਮਤਾ ਸੀ, ਤੇ ਦੂਸਰੇ ਪਾਸੇ ਧਰਮੀ ਪੁੱਤ ਦੀ ਸ਼ਹਾਦਤ ਦਾ ਰੰਜ ਸੀ । ਮਾਂ ਸ਼ਬਦ ਦੇ ਅਰਥਾਂ ਨੂੰ ਵਿਸ਼ਾਲਤਾ ਦਿੰਦਿਆਂ, ਪੰਜਾਬ ਦੀ ਉਸ ਮਹਾਨ ਮਾਂ ਨੇ ਤਲਵਾਰ ਕੱਢੀ ਤੇ ਸਿੱਧੀ ਥਾਣੇ ਅਪੜੀ । ਉਸ ਨੇ ਸੁੱਜੇ ਨੂੰ ਮਿਲਦੇ ਸਾਰ ਹੀ ਆਪਣੇ ਦੁੱਧ ਨੂੰ ਲਾਜ ਲਾਉਣ ਵਾਲੇ ਗਦਾਰ ਪੁੱਤ ਸ਼ੁੱਜੇ ਦਾ ਸਿਰ ਵੱਢ ਦਿੱਤਾ । ਉਸਨੇ ਇਤਿਹਾਸਕ ਜੁਮਲਾ ਕਿਹਾ “ਸੁੱਜਿਆ ਤੂੰ ਮਰਦੇ ਮਰਦੇ ਇਕ ਹੋਰ ਰੋਗ ਵੀ ਨਾਲ਼ ਲੈ ਕੇ ਜਾਮੈਂ ! ਤੈਨੂੰ 32 ਧਾਰਾਂ ਨਹੀਂ ਬਖ਼ਸ਼ਾਂਗੀ……..ਤੇ ਜਬਰੂ ਤੂੰ ਗਵਾਹ ਰਹੀਂ ਕਿ ਮੈਂ ਇਹਨੂੰ ਕਿਉਂ ਮਾਰਿਆ ਹੈ” ਇਹ ਕਹਿੰਦਿਆਂ ਉਹਨੇ ਤਲਵਾਰ ਧਰਤੀ ਤੇ ਸੁੱਟ ਦਿੱਤੀ ਤੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤਾ । ਐਸੀ ਮਿਸਾਲ ਇਤਿਹਾਸ ਵਿਚ ਕਦੀ ਕਿਸੇ ਮਾਂ ਨੇ ਪੇਸ਼ ਨਹੀਂ ਕੀਤੀ ਸੀ ।
ਸ਼ਹੀਦ ਨਿਜ਼ਾਮ ਲੁਹਾਰ ਦਾ ਜਨਾਜ਼ਾ……..
ਨਿਜ਼ਾਮ ਲੁਹਾਰ ਦੀ ਸ਼ਹੀਦੀ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫ਼ੈਲ ਗਈ । ਗੋਰਿਆਂ ਦੀ ਹਕੂਮਤ ਨੂੰ ਟਿੱਚ ਜਾਣਨ ਵਾਲਾ ਸੂਰਮਾ ਆਪਣੇ ਹੀ ਸਾਥੀ ਦੀ ਗਦਾਰੀ ਕਾਰਨ ਤਾਬੂਤ ਵਿਚ ਅਹਿਲ ਪਿਆ ਸੀ । ਉਸਦੇ ਜ਼ਨਾਜ਼ੇ ਵਿਚ ਇਕੱਲੇ ਮੁਸਲਮਾਨ ਹੀ ਨਹੀਂ, ਹਿੰਦੂ-ਸਿੱਖ ਹਰ ਸੱਚਾ ਪੰਜਾਬੀ ਸੇਜਲ ਅੱਖਾਂ ਨਾਲ ਉਸਨੂੰ ਸਰਧਾਂਜਲੀ ਦੇਣ ਆਇਆ ਸੀ । ਸਰਕਾਰੀ ਦਸਤਾਵੇਜ਼ਾਂ ਅਨੁਸਾਰ ਗੋਰੀ ਸਰਕਾਰ ਨੇ ਉਹਦੇ ਜ਼ਨਾਜ਼ੇ ਤੇ ਲੋਕਾਂ ਦੀ ਗਿਣਤੀ ਘੱਟ ਕਰਨ ਲਈ 2 ਰੁਪੈ ( ਜੋ ਉਸ ਸਮੇਂ ਬਹੁਤ ਜ਼ਿਆਦਾ ਸਨ ) ਫ਼ੀ ਬੰਦਾ ਟੈਕਸ ਲਗਾ ਦਿੱਤਾ ਸੀ । ਪਰ ਆਪਣਾ ਸਿਰ ਦੇ ਕੇ ਲੋਕ-ਲਹਿਰ ਸਿਰਜਣ ਵਾਲੇ ਉਸ ਜੰਗਜੂ ਦੇ ਅੰਤਮ ਦਰਸ਼ਨਾਂ ਲਈ ਲੋਕਾਂ ਦੀ ਭੀੜ ਉਮੜ੍ਹ ਆਈ । ਉਸ ਇਤਿਹਾਸਿਕ ਜਨਾਜ਼ੇ ਸਮੇਂ ਸਰਕਾਰ ਨੇ 35,000 ਰੁਪਿਆ ਮਾਲੀਆ ਇਕੱਠਾ ਕਰ ਲਿਆ ਸੀ । ਜੋ ਭਾਰਤ ਵਿਚ ਅੱਜ ਸਮੇਂ ਦੇ ਸਭ ਤੋਂ ਵੱਧ ਲੋੜੀਂਦੇ ਮਾਓਵਾਦੀ ਬਾਗੀ “ਗਣਪਤੀ” ਦੇ ਸਿਰ ‘ਤੇ ਰੱਖੇ ਇਨਾਮ 36,000,000 ਤੋਂ ਵੀ ਜ਼ਿਆਦਾ ਹੋਵੇਗਾ ।
ਮਰਨੋਂ ਉਪਰੰਤ ਨਿਜ਼ਾਮ ਲੁਹਾਰ ਦਾ ਨਾਮ………
ਨਿਰਸੰਦੇਹ ਸ਼ਹੀਦ ਨਿਜ਼ਾਮ ਲੁਹਾਰ ਦੇ ਸੰਘਰਸ਼ਮਈ ਜੀਵਨ ਅੱਗੇ ਸਿਰ ਝੁੱਕਦਾ ਹੈ । ਉਸ ਦੇ ਜੀਵਨ ਦੇ ਬਾਰੇ ਪਾਕਿਸਤਾਨ ਵਿਚ ਬਹੁਤ ਸਾਰੀਆਂ ਫਿਲਮਾਂ ਬਣੀਆਂ ਹਨ । ਉਹ ਅੰਗਰੇਜ਼ਾਂ ਦੇ ਕਾਗਜ਼ਾਂ ਵਿਚ ਚਾਹੇ ਇਕ ਡਾਕੂ ਹੀ ਸੀ, ਪਰ ਲੋਕ ਦਿਲਾੰ ਵਿਚ ਉਸਦਾ ਸਤਿਕਾਰ ਸਦਾ ਵਾਸਤੇ ਅਜ਼ਾਦੀ ਲਈ ਤੱਤਪਰ ਇਕ ਇਨਕਲਾਬੀ ਸ਼ਹੀਦ ਵਜੋਂ ਰਹੇਗਾ । ਸ਼ਹੀਦ ਸ਼ਬਦ ਜੋ ਕਿ ਫ਼ਾਰਸੀ ਵਿਚੋਂ ਆਇਆ ਹੈ, ਇਸਦੇ ਸ਼ਾਬਦਿਕ ਅਰਥ- ਸੱਚ ਲਈ ਗਵਾਹੀ ਦੇਣ ਵਾਲਾ ਹੈ, ਪਰ ਅੱਜ ਇਹ ਸ਼ਬਦ ਭਾੜੇ ਦੇ ਸੈਨਿਕਾਂ ਅਤੇ ਬੇਗੁਨਾਹਾਂ ਦੇ ਖੂਨ ਵਿਚ ਹੱਥ ਰੰਗਣ ਵਾਲਿਆਂ ਲਈ ਵਰਤ ਕੇ ਇਸ ਨੂੰ ਪਲੀਤ ਕੀਤਾ ਜਾ ਰਿਹਾ ਹੈ । ਅੱਜ ਜਿਥੇ ਵੀਰ ਸਾਵਰਕਰ ਵਰਗੇ ਜ਼ਾਅਲੀ ਦੇਸ਼ਭਗਤ ਚਮਕਾਏ ਜਾ ਰਹੇ ਹਨ । ਅੱਜ ਜਿਥੇ ਸ਼ਹੀਦ ਭਗਤ ਸਿੰਘ ਨੂੰ ਆਰੀਆ ਸਮਾਜੀ ਜਾਂ ਸਿੱਖ ਬਣਾਉਣ ਲਈ ਉਸ ਨੂੰ ਸਿਰਫ਼ ਪੱਗ ਜਾਂ ਟੋਪੀ ਤੱਕ ਸੀਮਤ ਕੀਤਾ ਜਾ ਰਿਹਾ । ਉਥੇ ਨਾਜ਼ਿਮ ਲੁਹਾਰ ਵਰਗੇ ਲੋਕ-ਨਾਇਕ ਦਾ ਜ਼ਿਕਰ ਇੱਕ ਮੁਸਲਮਾਨ ਹੋਣ ਕਰਕੇ ਸਕੂਲੀ ਪਾਠਕ੍ਰਮ ਚੋਂ ਬਾਹਰ ਰੱਖਣਾ ਵੀ ਸਾਡੀਆਂ ਸਰਕਾਰਾਂ ਵੱਲੋਂ ਇਤਿਹਾਸ ਨੂੰ ਮਲੀਆਮੇਟ ਕਰਨ ਵਾਲੀਆਂ ਨੀਤੀਆਂ ਦਾ ਲੁਕਵਾਂ ਹਿੱਸਾ ਹੈ । ਅਜ਼ਾਦੀ ਦੀ ਲੌਅ ਤੇ ਮਚਲਣ ਵਾਲੇ ਉਸ ਅਣਖੀ ਪਤੰਗੇ ਤੇ ਉਸ ਮਹਾਨ ਮਾਂ ਦੀ ਵਾਰਤਾ ਤੋਂ ਸ਼ਾਇਦ ਮੈਂ ਵੀ ਅਣਜਾਣ ਰਹਿ ਜਾਂਦਾ, ਜੇਕਰ ਸਾਥੀ ਜਗਦੀਪ ਸਿੰਘ ਗਿੱਲ ਨਾਲ ਗੱਲਾਂ ਕਰਦਿਆਂ ਉਸ ਮਹਾਨ ਸ਼ਹੀਦ ਦਾ ਨਾਮ ਆਉਣ ਤੇ ਉਸ ਬਾਰੇ ਖੋਜ ਨਾ ਕਰਦਾ । ਦੁੱਖ ਦੀ ਗੱਲ ਹੈ ਕਿ ਸਾਡੇ ਲੋਕ-ਨਾਇਕ ਸਾਥੋਂ ਛਿਪਾ ਕੇ ਸਮੇਂ ਦੀਆੰ ਸਰਕਾਰਾੰ ਨੇ ਸਾਡੇ ਝੂਠੇ ਹੀ “ਬਾਪੂ ਅਤੇ ਚਾਚਾ” ਸਿਰਜ ਦਿੱਤੇ । ਸਾਡੇ ਬੱਚਿਆਂ ਨੂੰ ਸ਼ਾਇਦ ਪਤਾ ਹੀ ਨਾ ਚੱਲੇ ਕਿ ਸ਼ਹੀਦ ਦੇ ਅਰਥ ਕੀ ਹੁੰਦੇ ਹਨ । ਸਾਨੂੰ ਆਪਣੇ ਜੰਗਜੂ ਵਿਰਸੇ ਦੇ ਖੂਨੀ ਪੱਤਰੇ ਆਪਣੇ ਦਾਇਰੇ ਵਿਚੋਂ ਬਾਹਰ ਨਿਕਲ ਕੇ ਜਰੂਰ ਫੋਲਣੇ ਚਾਹੀਦੇ ਹਨ ।
ਧੰਨਵਾਦ ਸਾਹਿਤ
ਸਰਬਜੀਤ ਸੋਹੀ

Real Estate