ਸੁਲਤਾਨਪੁਰ ਲੋਧੀ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਮੇਤ ਦੋ ਗ੍ਰਿਫਤਾਰ

991

ਸੁਲਤਾਨਪੁਰ ਲੋਧੀ ,29 ਜੁਲਾਈ ( ਕੌੜਾ ) – ਥਾਨਾ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਥਾਨਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਕਰੋੜਾਂ ਰੁਪਏ ਕੀਮਤ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ਕੀਤੇ ਹਨ ਤੇ ਇੱਕ ਗੱਡੀ ਟਾਟਾ ਸੂਮੋ ਵੀ ਜਬਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਡੀ ਐਸ ਪੀ ਸ਼੍ਰੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸ਼੍ਰੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਕਾਊਟਰ ਇੰਟੈਲੀਜੈਸ ਵਲੋਂ ਪੁਲਿਸ ਨਾਲ ਕੀਤੇ ਸਾਂਝੇ ਓਪਰੇਸ਼ਨ ਤਹਿਤ ਪਿੰਡ ਸ਼ੇਰ ਪੁਰ ਦੋਨਾਂ , ਤਲਵੰਡੀ ਮਾਧੋ ਸਾਈਡ ਵਲੋਂ ਗੱਡੀ ਟਾਟਾ ਸੂਮੋ ਵਿੱਚ ਆ ਰਹੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨੂਰਪੁਰ ਹਕੀਮਾਂ ਥਾਣਾ ਧਰਮਕੋਟ, ਜਿਲ੍ਹਾ ਮੋਗਾ ਅਤੇ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਮੁਖਤਿਆਰ ਸਿੰਘ ਵਾਸੀ ਮਹਿਤਪੁਰ, ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਅੱਧਾ – ਅੱਧਾ ਕਿਲੋ ਹੈਰੋਇਨ ਬ੍ਰਾਂਮਦ ਕੀਤੀ ਗਈ । ਦੋਹਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਗੱਡੀ ਨੰਬਰ ਪੀ ਬੀ 29 ਪੀ 8895 ਜਬਤ ਕਰ ਲਈ ਗਈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਇੱਕ ਕਿਲੋਗਰਾਮ ਹੈਰੋਇਨ ਦਿੱਲੀ ਤੋਂ ਲਿਆ ਕੇ ਇਸ ਇਲਾਕੇ ਚ ਵੇਚਣ ਆਏ ਸਨ । ਉਨ੍ਹਾਂ ਦੱਸਿਆ ਕਿ ਇਹ ਜੋ ਸਾਰਾ ਕਾਰੋਬਾਰ ਵਿਕਟਰ ਅਡਮਾਏ ਡਵੀਲ ਵਾਸੀ ਅਬੂਜਾ ਨਾਈਜੀਰੀਆ , ਹਾਲ ਵਾਸੀ ਦਿੱਲੀ ਜੋ ਮਾਡਰਨ ਜੇਲ੍ਹ ਕਪੂਰਥਲਾ ਚ ਬੰਦ ਹੈ ਦਾ ਹੈ ਤੇ ਜੋ ਜੇਲ੍ਹ ਅੰਦਰ ਬੈਠਾ ਹੀ ਚੋਰੀ ਛਿਪੇ ਲੁਕੋ ਕੇ ਰੱਖੇ ਮੋਬਾਇਲ ਨਾਲ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਹੈ । ਗ੍ਰਿਫਤਾਰ ਕੀਤੇ ਗਏ ਦੋਹਾਂ ਨਸ਼ਾ ਤਸਕਰਾਂ ਖਿਲਾਫ ਥਾਨਾ ਸੁਲਤਾਨਪੁਰ ਲੋਧੀ ਵਿਖੇ ਧਾਰਾ 21/29-61-85 ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ । ਥਾਨਾ ਮੁਖੀ ਨੇ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਇਸ ਨਸ਼ਾ ਤਸਕਰ ਗਿਰੋਹ ਨਾਲ ਜੁੜੇ ਹੋਰਨਾਂ ਤਸਕਰਾਂ ਬਾਰੇ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ।

Real Estate