ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਚੋਣ ਹੋਇਆ ਅਜਲਾਸ

742

ਬਠਿੰਡਾ/ 28 ਜੁਲਾਈ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਡੈਲੀਗੇਟ ਅਜਲਾਸ ਸੀ ਪੀ ਆਈ ਐੱਮ ਦੇ ਸਥਾਨਕ ਦਫ਼ਤਰ ਵਿਖੇ ਸਭਾ ਦੇ ਸੁਬਾਈ ਜਨਰਲ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਦੀ ਦੇਖ ਰੇਖ ’ਚ ਸ੍ਰੀ ਮੇਘ ਨਾਥ ਸਰਮਾਂ, ਗੁਰਚਰਨ ਸਿੰਘ ਚੌਹਾਨ, ਬਲਕਾਰ ਸਿੰਘ ਅਤੇ ਹਰਦੇਵ ਸਿੰਘ ਜੰਡਾਂਵਾਲਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਪੰਜਾਬ ਦੀ ਕਿਸਾਨੀ ਦੀ ਮਾੜੀ ਆਰਥਿਕ ਹਾਲਤ ਤੇ ਵਿਚਾਰਾਂ ਹੋਈਆਂ ਅਤੇ ਕਿਸਾਨੀ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਖੇਤੀਬਾੜੀ ਦੇ ਸੁਧਾਰ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਤੇ ਜੋਰ ਦਿੱਤਾ ਗਿਆ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲੋਂ ਪਾਸਾ ਵੱਟਣ ਅਤੇ ਖੁਦਕਸੀਆਂ ਦੇ ਰਾਹ ਪਏ ਕਿਸਾਨਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਨਾ ਦੇਣ ਦੀ ਨਿੰਦਾ ਕੀਤੀ ਗਈ। ਅਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਦਾ ਇੱਕੋ ਇੱਕ ਹੱਲ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਨੂੰ ਇੰਨ ਬਿੰਨ ਲਾਗੂ ਕਰਨਾ ਹੈ, ਜਿਸਨੂੰ ਨਾ ਕੇਂਦਰ ਦੀ ਕਾਂਗਰਸ ਸਰਕਾਰ ਨੇ ਲਾਗੂ ਕੀਤਾ ਅਤੇ ਨਾਹੀ ਭਾਜਪਾ ਸਰਕਾਰ ਨੇ। ਉਹਨਾਂ ਕਿਹਾ ਕਿ ਖੇਤੀ ਲਾਗਤ ਵਿੱਚ ਭਾਰੀ ਵਾਧਾ ਹੋ ਚੁੱਕਾ ਹੈ, ਜਦ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਿਨਸਾਂ ਦਾ ਸਹੀ ਭਾਅ ਨਹੀਂ ਮਿਲਦਾ, ਇਸੇ ਕਰਕੇ ਕਿਸਾਨੀ ਦੀ ਹਾਲਤ ਅਤੀ ਨਾਜੁਕ ਹੋ ਗਈ ਹੈ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਨਾ ਕਰਨ ਨੂੰ ਕਿਸਾਨਾਂ ਨਾਲ ਸਰੇਆਮ ਧੋਖਾ ਕਰਾਰ ਦਿੱਤਾ। ਉਹਨਾਂ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਅਤੇ ਨਸ਼ਿਆਂ ਕਾਰਨ ਤਬਾਹ ਹੋ ਰਹੀ ਜਵਾਨੀ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਕਾ: ਸੇਖੋਂ ਨੇ ਮੰਗ ਕੀਤੀ ਕਿ ਸਰਕਾਰਾਂ ਸਵਾਮੀਨਾਥਨ ਕਮਿਸਨ ਦੀ ਰਿਪੋਰਟ ਲਾਗੂ ਕਰਨ, ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜਾ ਕੈਪਟਨ ਸਰਕਾਰ ਵਿਧਾਨ ਸਭਾ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਮੁਆਫ਼ ਕਰੇ। ਪਿਛਲੇ ਦਿਨੀਂ ਬਾਰਸਾਂ ਨਾਲ ਹੋਏ ਫ਼ਸਲਾਂ ਦੇ ਭਾਰੀ ਨੁਕਸਾਨ ਸਬੰਧੀ ਸਪੈਸਲ ਗਿਰਦਾਵਰੀ ਕਰਵਾ ਕੇ ਯੋਗ ਮੁਆਵਜਾ ਦਿੱਤਾ ਜਾਵੇ। ਅਜਲਾਸ ਨੂੰ ਬਲਕਾਰ ਸਿੰਘ, ਗੁਰਦੇਵ ਸਿੰਘ ਬਾਂਡੀ ਜਿਲ੍ਹਾ ਸਕੱਤਰ ਸੀ ਪੀ ਆਈ ਐ¤ਮ ਬਠਿੰਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਵ ਸ੍ਰੀ ਰਾਮ ਚੰਦ ਬਾਂਸਲ, ਇੰਦਰਜੀਤ ਸਿੰਘ, ਜੀਤ ਸਿੰਘ ਜੀਦਾ, ਹਰਬੰਸ ਸਿੰਘ, ਕੁਲਵੰਤ ਕੌਰ, ਭੂਰਾ ਸਿੰਘ ਮਲਕਾਣਾ ਆਦਿ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦੀ ਚੋਣ ਕੀਤੀ ਗਈ, ਜਿਸ ਵਿੱਚ ਮੇਘ ਨਾਥ ਸਰਮਾਂ ਪ੍ਰਧਾਨ, ਗੁਰਦੇਵ ਸਿੰਘ ਜੰਡਾਂਵਾਲਾ ਉਪ ਪ੍ਰਧਾਨ, ਬਖਸੀਸ ਸਿੰਘ ਜੀਦਾ ਸਕੱਤਰ, ਦਲਵਾਰਾ ਸਿੰਘ ਨਥਾਨਾ ਜੁਆਇੰਟ ਸਕੱਤਰ, ਰਣਜੀਤ ਸਿੰਘ ਲਹਿਰਾ ਖਜਾਨਚੀ, ਗੁਰਦੇਵ ਸਿੰਘ ਸੰਗਠਨ ਸਕੱਤਰ, ਭੂਰਾ ਸਿੰਘ ਮਲਕਾਣਾ ਦਵਿਦਰਪਾਲ ਜੀਦਾ ਅੰਗਰੇਜ ਸਿੰਘ ਜੰਡਾਂਵਾਲਾ ਕਾਰਜਕਾਰੀ ਮੈਂਬਰ ਚੁਣੇ ਗਏ। ਇਸ ਉਪਰੰਤ ਜਨਵਾਦੀ ਇਸਤਰੀ ਸਭਾ ਦੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਸ੍ਰੀਮਤੀ ਕੁਲਵੰਤ ਕੌਰ ਨੂੰ ਕਨਵੀਨਰ, ਗੁਰਵਿੰਦਰ ਕੌਰ ਕੋ-ਕਨਵੀਨਰ ਅਤੇ ਚਰਨਜੀਤ ਕੌਰ ਗੰਗਾ, ਚਰਨਜੀਤ ਕੌਰ ਬੱਜੋਆਣਾ, ਪੁਸਪਾ ਰਾਣੀ ਤੇ ਰਜਨੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ।

Real Estate