ਨਸ਼ਾ ਤਸਕਰਾਂ ਨਾਲ ਸਬੰਧ ਹੋਣ ਵਾਲਾ ਦਾਗ ਸਾਫ ਕਰ ਸਕੇਗੀ ਪੰਜਾਬ ਪੁਲਿਸ ?

763

ਦਵਿੰਦਰ ਪਾਲ

ਸੂਬਾ ਪੁਲੀਸ ਮੁਖੀ ਦਿਨਕਰ ਗੁਪਤਾ ਅਤੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਸ਼ਿਆਂ ਦੀ ਤਸਕਰੀ ਨਾ ਰੋਕਣ ਦੇ ਮਾਮਲੇ ’ਚ ਡੀਐੱਸਪੀ ਅਤੇ ਥਾਣਾ ਮੁਖੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜਿਸ ਖੇਤਰ ਵਿੱਚ ਤਸਕਰੀ ਨੂੰ ਠੱਲ੍ਹ ਨਾ ਪਈ ਉਸ ਖੇਤਰ ਦੇ ਡੀਐੱਸਪੀ ਜਾਂ ਥਾਣਾ ਮੁਖੀ ਦਾ ਮਹਿਜ਼ ਤਬਾਦਲਾ ਹੀ ਨਹੀਂ ਹੋਵੇਗਾ ਸਗੋਂ ਕਾਨੂੰਨੀ ਕਾਰਵਾਈ ਤੇ ਮੁਅੱਤਲੀ ਜਾਂ ਬਰਖ਼ਾਸਤਗੀ ਵਰਗੇ ਕਦਮ ਚੁੱਕੇ ਜਾ ਸਕਦੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਡੀਜੀਪੀ ਤੇ ਹੋਰਨਾਂ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਇਲਾਕੇ ਵਿਚ ਪੁਲੀਸ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦਾ ਹੈ ਤਾਂ ਅਜਿਹੇ ਪੁਲੀਸ ਅਧਿਕਾਰੀਆਂ ਦੀ ਬਰਖ਼ਾਸਤਗੀ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਤਸਕਰਾਂ ਨਾਲ ਰਲ਼ੇ ਹੋਏ ਪੁਲੀਸ ਅਫ਼ਸਰਾਂ ਜਾਂ ਮੁਲਾਜ਼ਮਾਂ ਖਿਲਾਫ਼ ਕਾਰਵਾਈ ਲਈ ਪਹਿਲਾਂ ਹੀ ਕਹਿ ਚੁੱਕੇ ਹਨ ਪਰ ਡੀਜੀਪੀ ਵੱਲੋਂ ਇਸ ਮਾਮਲੇ ’ਤੇ ਪਹਿਲੀ ਵਾਰ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਨਸ਼ਿਆਂ ਦੀ ‘ਹੋਮ ਡਲਿਵਰੀ’ ਹੋਣ ਅਤੇ ਹੋਰਨਾਂ ਗੰਭੀਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਡੀਜੀਪੀ ਅਤੇ ਐੱਸਟੀਐਫ ਮੁਖੀ ਸਮੇਤ ਸਾਰੇ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਇਹ ਮੁੱਦਾ ਵੀ ਵਿਚਾਰਿਆ ਗਿਆ ਕਿ ਲੋਕਾਂ ਵੱਲੋਂ ਜਨਤਕ ਤੌਰ ’ਤੇ ਦੋਸ਼ ਲਾਏ ਜਾ ਰਹੇ ਹਨ ਕਿ ਪੁਲੀਸ ਤਸਕਰਾਂ ਨਾਲ ਮਿਲੀ ਹੋਈ ਹੈ। ਇਹ ਪ੍ਰਭਾਵ ਖ਼ਤਮ ਕਰਨ ਲਈ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲੀਸ ਅਧਿਕਾਰੀਆਂ ਵੱਲੋਂ ਹੇਠਲੇ ਪੱਧਰ ਤੱਕ ਨਸ਼ਿਆਂ ਦੀ ਵਿਕਰੀ ਰੋਕਣ ਲਈ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਡੀਜੀਪੀ ਵੱਲੋਂ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਤਸਕਰੀ ਰੋਕਣ ਲਈ ਐੱਸਟੀਐਫ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਦਾ ਮੁੱਦਾ ਜ਼ਿਆਦਾ ਮਘਣ ਅਤੇ ਨੌਜਵਾਨਾਂ ਦੀਆਂ ਰੋਜ਼ਾਨਾ ਮੌਤ ਦੀਆਂ ਰਿਪੋਰਟਾਂ ਤੋਂ ਘਬਰਾਈ ਕੈਪਟਨ ਸਰਕਾਰ ਨੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੂੰ ਪਿਛਲੇ ਦਿਨਾਂ ਦੌਰਾਨ ਮੁੜ ਐੱਸਟੀਐਫ ਮੁਖੀ ਲਾਉਣ ਦਾ ਫੈ਼ਸਲਾ ਕੀਤਾ ਸੀ। ਮੁੱਖ ਮੰਤਰੀ ਦੇ ਇਸ ਫ਼ੈਸਲੇ ਤੋਂ ਸੀਨੀਅਰ ਪੁਲੀਸ ਅਧਿਕਾਰੀਆਂ ਅੰਦਰ ਨਾਰਾਜ਼ਗੀ ਪਾਈ ਜਾ ਰਹੀ ਸੀ ਤਾਂ ਮੁੱਖ ਮੰਤਰੀ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜਿਸ ਕਿਸੇ ਨੂੰ ਵੀ ਸਿੱਧੂ ਦੀ ਨਿਯੁਕਤੀ ਦਾ ਫੈ਼ਸਲਾ ਪ੍ਰਵਾਨ ਨਹੀਂ ਉਹ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਜਾ ਸਕਦਾ ਹੈ। ਪੰਜਾਬ ਪੁਲੀਸ ਅੰਦਰ ਅਧਿਕਾਰੀਆਂ ਦਰਮਿਆਨ ਧੜੇਬੰਦੀ ਦੀਆਂ ਰਿਪੋਰਟਾਂ ਆਉਂਦੀਆਂ ਰਹੀਆਂ ਹਨ। ਦਿਨਕਰ ਗੁਪਤਾ ਨੇ ਕਿਹਾ ਕਿ ਸਾਰੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਭਾਵਸ਼ਾਲੀ ਛਾਪੇਮਾਰੀ ਕਰਨ ਲਈ ਫਲਾਇੰਗ ਸਕੁਐਡ ਦਾ ਗਠਨ ਕਰਨ ਤਾਂ ਕਿ ਬਦਨਾਮ ਅਪਰਾਧੀਆਂ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਆਈਜੀ/ਡੀਆਈਜੀ ਰੇਂਜ ਨੂੰ ਹਰ ਮਹੀਨੇ ਦੇ ਆਖ਼ਰੀ ਸ਼ੁੱਕਰਵਾਰ ਨੂੰ ‘ਨਸ਼ਿਆਂ ਵਿਰੁੱਧ ਮੁਹਿੰਮ’ ਦੀ ਮਹੀਨਾਵਾਰ ਸਮੀਖਿਆ ਕਰਨ ਦੀ ਸਲਾਹ ਦਿੱਤੀ। ਐੱਸ।ਟੀ।ਐਫ। ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਸਮੂਹ ਸੀਨੀਅਰ ਫੀਲਡ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਨਸ਼ਿਆਂ ਦੀ ਸਪਲਾਈ ’ਤੇ ਕਾਬੂ ਪਾਉਣ ਅਤੇ ਸਪਲਾਈ ਲੜੀ ਨੂੰ ਤੋੜਨ ਲਈ ਐੱਸਐਚਓਜ਼ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਸ਼ਾ ਤਸਕਰਾਂ/ਸਪਲਾਇਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਮੁਹੱਲਾ ਪੱਧਰ ’ਤੇ ਨਸ਼ਿਆਂ ਦੀ ਰੋਕਥਾਮ ਲਈ ਧਿਆਨ ਕੇਂਦਰਤ ਕਰਨ ਲਈ ਕਿਹਾ ਅਤੇ ਹਰੇਕ ‘ਜ਼ੈਲ’ (ਪਿੰਡਾਂ ਦੇ ਸਮੂਹ) ਪੱਧਰ ਦੇ ਪੁਲੀਸ ਅਧਿਕਾਰੀਆਂ ਦੀ ਤਾਇਨਾਤੀ ਦਾ ਸੁਝਾਅ ਵੀ ਦਿੱਤਾ ਜੋ ਪਿੰਡ ਪੱਧਰ ’ਤੇ ਜਾਂਚ/ਪੁੱਛਗਿੱਛ ਲਈ ਖੇਤਰ ਵਿਚ ਕੰਮ ਕਰ ਰਹੇ ਡੀ।ਏ।ਪੀ।ਓਜ਼ ਦੇ ਸੰਪਰਕ ਵਿਚ ਹੋਣੇ ਚਾਹੀਦੇ ਹਨ।

ਡੀਜੀਪੀ (ਇੰਟੈਲੀਜੈਂਸ) ਵੀ।ਕੇ। ਭਾਵੜਾ ਅੱਜ ਦੀ ਮੀਟਿੰਗ ’ਚ ਖਾਸ ਤੌਰ ’ਤੇ ਸ਼ਾਮਲ ਹੋਏ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ਿਆਂ ਦੇ ਮੁੱਦੇ ’ਤੇ ਦਿਨਕਰ ਗੁਪਤਾ ਅਤੇ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੱਕ ਦੂਜੇ ਦੀ ਹਾਂ ’ਚ ਹਾਂ ਮਿਲਾਈ ਗਈ ਤਾਂ ਜੋ ਇਹ ਪ੍ਰਭਾਵ ਖ਼ਤਮ ਕੀਤਾ ਜਾਵੇ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ (ਗੁਪਤਾ ਤੇ ਸਿੱਧੂ) ਦਰਮਿਆਨ ਕੋਈ ਤਕਰਾਰ ਹੈ। ਹਰਪ੍ਰੀਤ ਸਿੰਘ ਸਿੱਧੂ ਦੇ ਐੱਸ।ਟੀ।ਐਫ। ਦਾ ਮੁਖੀ ਨਿਯੁਕਤ ਹੋਣ ਤੋਂ ਬਾਅਦ ਦਿਨਕਰ ਗੁਪਤਾ ਅਤੇ ਸਿੱਧੂ ਦਰਮਿਆਨ ਇਹ ਪਲੇਠੀ ਮੀਟਿੰਗ ਸੀ।
ਪੰਜਾਬੀ ਟ੍ਰਿਬਿਊਨ

Real Estate