ਕਰਨਾਟਕ ਸਰਕਾਰ ਡਿੱਗਣ ਮਗਰੋਂ ਭਾਜਪਾਈਆਂ ਦੀਆਂ ਮੀਟਿੰਗਾਂ ਸੁ਼ਰੂ

773

ਕਰਨਾਟਕ ਦੇ ਭਾਜਪਾ ਆਗੂਆਂ ਦੇ ਸਮੂਹ ਨੇ ਸੂਬੇ ਵਿੱਚ ਕਾਂਗਰਸ-ਜੇਡੀ (ਐੱਸ) ਦੀ ਸਰਕਾਰ ਡਿੱਗਣ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਚਰਚਾ ਕਰਨ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।ਸਾਬਕਾ ਮੁੱਖ ਮੰਤਰੀ ਬੀ।ਐੱਸ। ਯੇਦੀਯੁਰੱਪਾ ਦੀ ਅਗਵਾਈ ਵਿੱਚ ਸੂਬੇ ਦੀ ਭਾਜਪਾ ਇਕਾਈ ਅਗਲੀ ਸਰਕਾਰ ਬਣਾਉਣ ਲਈ ਦਾਅਵਾ ਕਰਨਾ ਚਾਹੁੰਦੀ ਹੈ ਪਰ ਅਗਲੇ ਕਦਮ ਲਈ ਕੇਂਦਰੀ ਲੀਡਰਸ਼ਿਪ ਦੀ ਪ੍ਰਵਾਨਗੀ ਦਾ ਇੰਤਜ਼ਾਰ ਕਰ ਰਹੀ ਹੈ। ਕਰਨਾਟਕ ਦੇ ਭਾਜਪਾ ਆਗੂਆਂ ਜਗਦੀਸ਼ ਸ਼ੈਟਾਰ, ਅਰਵਿੰਦ ਲਿੰਬਾਵਲੀ, ਮਧੂਸਵਾਮੀ, ਬਸਵਾਰਾਜ ਬੋਮਈ ਅਤੇ ਯੇਦੀਯੁਰੱਪਾ ਦੇ ਪੁੱਤਰ ਵਿਜੇਂਦਰ ਸਣੇ ਕਰਨਾਟਕ ਭਾਜਪਾ ਦੇ ਹੋਰ ਆਗੂਆਂ ਨੇ ਸ਼ਾਹ ਨਾਲ ਮੁਲਾਕਾਤ ਕਰਕੇ ਸੂਬੇ ਵਿਚਲੇ ਘਟਨਾਕ੍ਰਮ ਅਤੇ ਪਾਰਟੀ ਸਾਹਮਣੇ ਮੌਜੂਦ ਵੱਖ-ਵੱਖ ਬਦਲਾਂ ਬਾਰੇ ਚਰਚਾ ਕੀਤੀ। ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨੇ ਕਾਂਗਰਸ-ਜੇਡੀ (ਐੱਸ) ਗੱਠਜੋੜ ਦੇ 15 ਬਾਗੀ ਵਿਧਾਇਕਾਂ ਦੇ ਅਸਤੀਫ਼ੇ ਅਤੇ ਉਨ੍ਹਾਂ ਨੂੰ ਬਰਖਾਸਤ ਕਰਨ ਸਬੰਧੀ ਉਨ੍ਹਾਂ ਦੀਆਂ ਪਾਰਟੀਆਂ ਦੀਆਂ ਪਟੀਸ਼ਨਾਂ ’ਤੇ ਅਜੇ ਤੱਕ ਫ਼ੈਸਲਾ ਨਹੀਂ ਲਿਆ ਹੈ। ਅਜਿਹੇ ਵਿੱਚ ਭਾਜਪਾ ਸਾਵਧਾਨੀ ਨਾਲ ਕਦਮ ਵਧਾ ਰਹੀ ਹੈ ਕਿਉਂਕਿ ਸਪੀਕਰ ਦੇ ਫ਼ੈਸਲੇ ਦਾ ਅਗਲੀ ਸਰਕਾਰ ’ਤੇ ਗੰਭੀਰ ਅਸਰ ਹੋ ਸਕਦਾ ਹੈ।
ਸਰਕਾਰ ਡਿੱਗਣ ਦੇ ਦੋ ਦਿਨਾਂ ਬਾਅਦ ਕਰਨਾਟਕ ਦੇ ਕੰਮ-ਚਲਾਊ ਮੁੱਖ ਮੰਤਰੀ ਐੱਚ।ਡੀ। ਕੁਮਾਰਸਵਾਮੀ ਨੇ ਅੱਜ ਕਿਹਾ ਹੈ ਕਿ ਮੌਜੂਦਾ ਸਿਆਸੀ ਹਾਲਾਤ ਵਿਚ ਕੋਈ ਵੀ ਸਥਿਰ ਸਰਕਾਰ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ-ਜੇਡੀ (ਐੱਸ) ਗੱਠਜੋੜ ਦੇ ਬਾਗੀ ਵਿਧਾਇਕਾਂ ਦੇ ਅਸਤੀਫ਼ਿਆਂ ਨੇ ਸੂਬੇ ਨੂੰ ਜ਼ਿਮਨੀ ਚੋਣਾਂ ਵੱਲ ਧੱਕ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਹੋਣ ਮਗਰੋਂ ਵੀ ਸੂਬੇ ਵਿੱਚ ਸਰਕਾਰ ਦੀ ਸਥਿਰਤਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Real Estate