ਪੰਜਾਬ ਉੱਜੜ ਰਿਹੈ, ਸ਼ਾਇਦ ਹੁਣ ਇਸਨੂੰ ਕੋਈ ਨਹੀਂ ਬਚਾ ਸਕੇਗਾ

1910

ਸਵੇਰੇ ਉੱਠਦਿਆਂ ਜਦੋਂ ਅਖਬਾਰ ਦੀਆਂ ਸੁਰਖੀਆਂ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਤਾਂ ਰਾਜਨੀਤੀ ਵਿਚ ਕੋਈ ਨਾਂ ਕੋਈ ਨਵਾਂ ਚੰਦ ਚੜ੍ਹਿਆ ਨਜ਼ਰ ਪੈਂਦਾ ਹੈ। ਕਦੀ ਕੈਪਟਨ ਉੱਤੇ, ਸਿੱਧੂ ਥੱਲੇ। ਕਦੇ ਸਿੱਧੂ ਉੱਤੇ ਕੈਪਟਨ ਥੱਲੇ। ਕਿਤੇ ਬਾਦਲ ਕੇ ਕੈਪਟਨ ਨੂੰ ਨਿੰਦੀ ਜਾਂਦੇ ਐ, ਕਿਤੇ ਕੈਪਟਨ ਬਾਦਲ ਕਿਆਂ ਨੂੰ ਰਗੜੇ ਲਾਈ ਜਾਂਦੈ। ਲੋਕਾਂ ਦੀ ਸੁਣੀਏੋ ਤਾਂ ਬਾਦਲ , ਕੈਪਟਨ ਰਲੇ ਹੋਏ ਐ। ਪੰਜਾਬ ਵਿਚ ਰਾਜਨੀਤੀ ਕੁੱਕੜ ਖੋਹ ਦੀ ਲੜਾਈ ਲੜ ਰਹੀ ਹੈ ਜਾਂ ਕਹਿ ਲਉ ਬੱਚਿਆਂ ਵਾਲੀ ਖੇਡ ਵਾਂਗ ਉੱਤਰ ਕਾਟੋ ਮੈਂ ਚੜ੍ਹਾਂ। ਇਕ ਚੋਣ ਜਿੱਤੀ ਦੂਜੀ ਦੀ ਤਿਆਰੀ ਸ਼ੁਰੂ। ਦੁਖੀ ਲੋਕ ਥਾਂ ਥਾਂ ਧਰਨੇ ਮੁਜਾਹਰੇ ਕਰ ਰਹੇ ਹਨ, ਸੜਕਾਂ ਤੇ ਜਾਮ ਲਾ ਰਹੇ ਹਨ। ਮੰਤਰੀ ਸੰਤਰੀ ਜਾਇਜ਼ ਨਜਾਇਜ਼ ਢੰਗ ਵਰਤਕੇ ਤੰਗਲੀਆਂ ਨਾਲ ਦੋ ਨੰਬਰ ਦਾ ਪੈਸਾ ਰੱਲ ਕੇ ਤਿਜੋਰੀਆਂ ਨਹੀ ਕੋਠੇ ਭਰ ਰਹੇ ਐ ਜਿਵੇ ਅਗਲੇ ਜਨਮ ਚ ਵੀ ਇਸ ਪੈਸੇ ਨਾਲ ਸੱਤਾ ਹਥਿਆਉਣੀ ਹੋਵੇ। ਬੂਹਾ ਖੋਲ੍ਹ ਸਿੱਧਾ ਬੈਗ ਅੰਦਰ। ਨੋਟਾਂ ਦੀ ਗਿਣਤੀ ਮਸ਼ੀਨਾਂ ਨਾਲ ਨਹੀ ਹੱਥ ਨਾਲ ਟੋਹਕੇ ਕੀਤੀ ਜਾਂਦੀ ਐ। ਆਮ ਲੋਕਾਂ ਦਾ ਹਾਲ ਇਹ ਹੈ ਕਿ ਜ਼ਹਿਰ ਖਾਣ ਲਈ ਵੀ ਪੈਸਾ ਨਹੀਂ । ਕਰਜ਼ੇ ਦੇ ਬੋਝ ਨਾਲ ਰੋਜ਼ਾਨਾ 2-3 ਕਿਸਾਨ ਖੁਦਕਸ਼ੀ ਕਰ ਰਹੇ ਹਨ। ਧਰਤੀ ਜ਼ਹਿਰੀਲੀ, ਪਾਣੀ ਜ਼ਹਿਰੀਲਾ, ਆਬੋ ਹਵਾ ਜ਼ਹਿਰੀਲੀ। ਬੇਰੁਜ਼ਗਾਰੀ ਦੇ ਝੰਬੇ ਡਿਪਰੈਸ਼ਨ ਚ ਆਕੇ ਨਸ਼ੇ ਦੇ ਆਦੀ ਹੋਏ ਰੋਜ਼ਾਨਾ 2-3 ਨੌਜਵਾਨ ਕੈਮੀਕਲ ਨਸ਼ੇ ਦੇ ਟੀਕੇ ਲਾ ਕੇ ਮਰ ਰਹੇ ਹਨ। ਗੱਭਰੂ ਪੁੱਤਾਂ ਦੇ ਬੇ ਵਕਤ ਤੁਰ ਜਾਣ ਤੇ ਮਾਂ ਤੇ ਭੈਣ ਦੇ ਕੀਰਨੇ ਅਤੇ ਬਾਪੂ ਦੀ ਭੁੱਬਾਂ ਸੁਣਕੇ ਪੱਥਰ ਦਿਲਾਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ। ਨਸ਼ੇ ਦੇ ਆਦੀ ਪੁੱਤ ਜਿਉੋਦੇ ਵੀ ਦੁੱਖ ਦਿੰਦੇ ਐ ਤੇ ਮਰਕੇ ਵੀ। ਤਾਂ ਹੀ ਤਾਂ ਪਿਛਲੇ ਦਿਨੀ ਦੁਖੀ ਪਿਉ ਤੇ ਮਾਂ ਨੇ ਹੱਥੀਂ ਪਾਲੇ ਪਲੋਸੇ ਨੂੰ ਗੱਭਰੂ ਕਰਕੇ ਟੁਕੜੇ ਟੁਕੜੇ ਕਰਕੇ ਨਹਿਰ ਵਿਚ ਸੁੱਟ ਦਿੱਤਾ ਸੀ। ਨਸ਼ੇ ਦੀ ਤੋਟ
ਵਿਚ ਮਾਂ ਪਿਉ ਤੋਂ ਪੈਸੇ ਦੀ ਮੰਗ ਕਰਦੇ ਨਾਂ ਮਿਲਣ ਤੇ ਕੋਈ ਪਿਉ ਨੂੰ ਕਤਲ ਕਰ ਦਿੰਦਾ ਕੋਈ ਮਾਂ ਨੂੰ। ਕੋਈ ਲੁੱਟਾਂ ਖੋਹਾਂ ਕਰਨ ਲੱਗ ਜਾਂਦਾ ਤੇ ਜੁਰਮ ਦੀ ਦੁਨੀਆਂ ਚ ਪੈ ਕੇ ਗੈਂਗਸਟਰ ਬਣ ਜਾਂਦਾ ਅਤੇ ਅੰਤ ਜੇਲ੍ਹ ਜਾਂ ਮੌਤ। ਕਿਤੇ ਕੋਈ ਸਿਆਣਾ ਪੁੱਤ ਕਰਜ਼ੇ ਦਾ ਬੋਝ ਨਾਂ ਸਹਾਰਦਾ ਕੀਟਨਾਸ਼ਕ ਪੀ ਕੇ ਜਾਂ ਫਾਹਾ ਲੈ ਕੇ ਜਵਾਨੀ ਵਿਚ ਇਸ ਦੁਖੀਏ ਪੰਜਾਬ ਨੂੰ ਅਲਵਿਦਾ ਕਹਿ ਤੁਰ ਜਾਂਦਾ ਹੈ। ਬਹੁਤ ਸਾਰੇ ਮਾਪੇ ਪੁੱਤਾਂ ਨੂੰ ਪੰਜਾਬ ਦੀਆਂ ਤੱਤੀਆਂ ਹਵਾਵਾਂ ਤੋਂ ਬਚਾਉਣ
ਲਈ ਜ਼ਮੀਨਾਂ ਵੇਚਕੇ ਵਿਦੇਸ਼ਾਂ ਨੂੰ ਇਹ ਸੋਚਕੇ ਜਹਾਜ਼ ਚੜ੍ਹਾ ਰਹੇ ਹਨ ਕਿ ਚਲੋ ਅੱਖਾਂ ਤੋਂ ਦੂਰ ਸਹੀ ਸਲਾਮਤ ਤਾਂ ਰਹੂ। ਗਲੀਆਂ ਚ ਖੇਡਣ ਵਾਲਿਆਂ ਨੂੰ ਅਗਵਾ ਕੀਤਾ ਜਾ ਰਿਹੈ। ਇੱਥੇ ਹੁਣ ਧੀ ਸਭ ਦੀ ਧੀ ਭੈਣ ਵੀ ਨਹੀਂ ਰਹੀ। ਰੋਜ਼ਾਨਾਂ ਕਿਸਾਨੀ ਦੀਆਂ ਖੁਦਕਸ਼ੀਆਂ, ਜਵਾਨੀ ਦੀਆਂ ਅਣਆਈਆਂ ਮੌਤਾਂ ਦੇ ਨਾਲ ਤੀਜੀ ਖਬਰ ਧੀਆਂ ਦੇ ਬਲਾਤਕਾਰਾਂ ਦੀ ਹੁੰਦੀ ਹੈ। ਜਿਸ ਕਰਕੇ ਉਹ ਮਾਪੇ ਜਿਹੜੇ ਧੀ ਨੂੰ ਇਕੱਲੀ ਨੂੰ ਸ਼ਹਿਰ ਭੇਜਣ ਤੋਂ ਗੁਰੇਜ਼ ਕਰਦੇ ਸੀ, ਇਕੱਲੀਆਂ ਧੀਆਂ ਨੂੰ ਵੀ ਵਿਦੇਸ਼ਾਂ ਨੂੰ ਤੋਰ ਰਹੇ ਐ। ਪੰਜਾਬ ਦਾ ਸਰਮਾਇਆ ਤੇ ਜਵਾਨੀ ਧੜਾਧੜ ਵਿਦੇਸ਼ ਜਾ ਰਹੀ ਐ। ਇਸਦਾ ਕਾਰਨ ਸਾਡੇ ਰਾਜਨੀਤਕ ਆਗੂ ਹਨ, ਜਿਨ੍ਹਾਂ ਨੇ ਕਦੇ ਪੈਸੇ ਅਤੇ ਸੱਤਾ ਦੇ ਨਸ਼ੇ ਚੋਂ ਨਿੱਕਲਕੇ ਬਾਹਰ ਝਾਤੀ ਨਹੀਂ ਮਾਰੀ ਕਿ ਕੀ ਹੋ ਰਿਹਾ।
1947 ਚ ਸਾਡੇ ਪੁਰਖਿਆਂ ਨੇ ਆਜ਼ਾਦੀ ਨਹੀਂ ਸਾਡੇ ਲਈ ਬਰਬਾਦੀ ਖਰੀਦ ਲਈ। ਹਰ ਘਰ ਵਿਚ ਕੋਈ ਨਾਂ ਕੈਂਸਰ ਪੀੜਤ ਮਰੀਜ਼ ਪਿਆ ਹੈ, ਜਿਸਤੇ ਸਭ ਕੁੱਝ ਲਾ ਕੇ ਵੀ ਜਾਨ ਨਹੀਂ ਬਚਦੀ। ਘਰ ਦਾ ਜੀ ਵੀ ਚਲਾ ਜਾਂਦਾ ਹੈ ਅਤੇ ਨਾਲ ਘਰ ਦਾ ਵੀ ਸਭ ਕੁੱਝ ਚਲਾ ਜਾਂਦਾ ਹੈ। ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਸਾਡੀ ਨਵੀਂ ਪਨੀਰੀ ਨੂੰ ਅਨਪੜ੍ਹ ਅਤੇ ਜਾਹਲ ਰੱਖਣ ਲਈ ਵਿੱਦਿਅਕ ਢਾਂਚਾ ਬਰਬਾਦ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਅਦਾਰਿਆਂ
ਂਚ ਮਹਿੰਗੀ ਵਿੱਦਿਆ ਲੈਣੀ ਪੰਜਾਬ ਦੀ ਕਰਜ਼ਾਈ ਕਿਸਾਨੀ ਦੇ ਵੱਸ ਦੀ ਗੱਲ ਨਹੀਂ ਰਹੀ। ਅਫਸਰਸ਼ਾਹੀ ਅਤੇ ਰਾਜਨੀਤਕ ਗੱਠਜੋੜ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਮਾੜੇ ਦੀ ਕਾਨੂੰਨ ਸਾਰ ਨਹੀਂ ਲੈਦਾ ਤਕੜੇ ਦੇ ਅੱਗੇ ਪਿੱਛੇ ਫਿਰ ਰਿਹਾ ਹੈ।
ਗੱਲ ਕੀ ਪੰਜਾਬ ਦਾ ਅਜਿਹਾ ਕੋਈ ਕੋਨਾ ਦਿਖਾਈ ਨਹੀਂ ਦਿਂਦਾ ਜਿੱਥੇ ਤਬਾਹੀ ਨਜ਼ਰ ਨਾਂ ਆਉੋਦੀ ਹੋਵੇ। ਹਰ ਪੱਖੋਂ ਪੰਜਾਬ ਉਜੜ ਰਿਹੈ ਅਤੇ ਇਸਨੂੰ ਸਾਜਿਸ਼ ਤਹਿਤ ਉਜਾੜਿਆ ਜਾ ਰਿਹਾ ਹੈ। ਮੈਨੂੰ ਨਹੀਂ ਲਗਦਾ ਇਸਨੂੰ ਹੁਣ ਕੋਈ ਬਚਾ ਸਕੇਗਾ। ਪੰਜਾਬ ਵਾਰ ਵਾਰ ਉੱਜੜਦਾ ਆ ਰਿਹਾ ਹੈ ਕਦੇ ਕਿਸੇ ਢੰਗ ਨਾਲ ਕਦੇ ਕਿਸੇ ਢੰਗ ਨਾਲ। ਜਿਸਦਾ ਮੁੱਖ ਕਾਰਨ ਰਾਜਨੀਤੀ ਹੀ ਰਹੀ ਹੈ।

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545

 

Real Estate