ਨਿਊਜ਼ੀਲੈਂਡ ਵਿੱਚ ਬੱਚੀ ਨਾਲ ਛੇੜਖਾਨੀ ਕਰਨ ਦੇ ਮਾਮਲੇ ‘ਚ ਇੱਕ ਗ੍ਰੰਥੀ ਦੋਸ਼ੀ ਕਰਾਰ

1389

ਖ਼ਬਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ ਹੈ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਤਾਇਨਾਤ ਇੱਕ ਵਿਅਕਤੀ ਨੂੰ ਇੱਕ ਬੱਚੀ ਨਾਲ ਜਿਨਸੀ ਛੇੜਖਾਨੀ ਤੇ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਆਕਲੈਂਡ ਜ਼ਿਲ੍ਹਾ ਅਦਾਲਤ ਨੂੰ ਦੱਸਿਆ ਗਿਆ ਕਿ 32 ਸਾਲਾ ਗ੍ਰੰਥੀ ਸਾਜਨ ਸਿੰਘ ਨੇ ਪੱਛਮੀ ਆਕਲੈਂਡ ਦੇ ਗੁਰਦੁਆਰਾ ਸਾਹਿਬ ’ਚ ਅੱਠ ਅਤੇ 12 ਸਾਲਾਂ ਦੀਆਂ ਦੋ ਬੱਚੀਆਂ ਨਾਲ ਸਾਲ 2017 ਦੌਰਾਨ ਕੁਝ ਗ਼ਲਤ ਨਜ਼ਰ ਨਾਲ ਛੇੜਖਾਨੀ ਕੀਤੀ ਸੀ। 12 ਸਾਲਾ ਪੀੜਤ ਬੱਚੀ ਨੇ ਅਦਾਲਤ ਸਾਹਵੇਂ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਉਹ ਜਦੋਂ ਇੱਕ ਦਿਨ ਗੁਰੂਘਰ ਦੇ ਲੰਗਰ ਹਾਲ ਦੇ ਪਿਛਲੇ ਪਾਸੇ ਸਟੋਰ ਰੂਮ ਅੰਦਰ ਆਟਾ ਲੈਣ ਲਈ ਗਈ ਸੀ, ਤਦ ਸਾਜਨ ਸਿੰਘ ਨੇ ਉਸ ਨੂੰ ਗ਼ਲਤ ਨਜ਼ਰ ਨਾਲ ਹੱਥ ਲਾ ਕੇ ਛੋਹਿਆ ਸੀ। ਬੱਚੀ ਨੇ ਦੱਸਿਆ ਕਿ ਉਸ ਗ੍ਰੰਥੀ ਨੇ ਤਿੰਨ ਵੱਖੋ–ਵੱਖਰੇ ਮੌਕਿਆਂ ਉੱਤੇ ਇੰਝ ਕੀਤਾ, ਜਿਸ ਨਾਲ ਉਹ ਬਹੁਤ ਜ਼ਿਆਦਾ ਸਦਮੇ ਵਿੱਚ ਚਲੀ ਗਈ ਸੀ ਤੇ ਡਰ ਗਈ ਸੀ। ਇਸ ਬੱਚੀ ਦੇ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਨੇ ਇਸ ਬਾਰੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਸੀ। ਉਸ ਤੋਂ ਬਾਅਦ ਫਿਰ ਇਹ ਤੱਥ ਵੀ ਸਾਹਮਣੇ ਆਇਆ ਕਿ ਇਸ ਗ੍ਰੰਥੀ ਨੇ ਅਜਿਹਾ ਜਿਨਸੀ ਸ਼ੋਸ਼ਣ ਕਿਸੇ ਇੱਕ ਬੱਚੀ ਨਾਲ ਹੀ ਨਹੀਂ ਕੀਤਾ ਸੀ।
ਹੁਣ ਉਸ ਨੂੰ ਜਲਦ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਸਜ਼ਾ ਪੂਰੀ ਹੋਣ ਮਗਰੋਂ ਨਿਊਜੀਲੈਂਡ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ।

Real Estate