ਦੌੜੀ ਚੱਲ ਹਿਮਾ ਦਾਸ, ਹੋਰ ਤੇਜ਼, ਜੋਰ ਨਾਲ, ਜੋਸ਼ ਨਾਲ, ਜਜ਼ਬੇ ਨਾਲ , ਜਨੂੰਨ ਨਾਲ

1088

ਗੁਰਮੀਤ ਕੜਿਆਲਵੀ

ਅਜੇ ਤਾਂ ਹਿਮਾ ਵਲੋਂ ਜਿੱਤੇ ਪੰਜਵੇਂ ਤਮਗੇ ਦੀਆਂ ਖਬਰਾਂ ਹੀ ਚੱਲੀ ਜਾਂਦੀਆ ਸਨ ਕਿ ਉਸਦੇ ਛੇਵੇਂ ਸੁਨਹਿਰੀ ਤਮਗੇ ਦੀਆਂ ਖਬਰਾਂ ਆ ਗਈਆਂ ਨੇ। ਦੇਸ਼ ਦੇ ਮੁਖੀਏ ਵਲੋਂ ਵਧਾਈ ਦਿੱਤੀ ਗਈ ਹੈ। ਵੱਡੇ ਸਟਾਰ ਖਿਡਾਰੀਆਂ ਤੇ ਐਕਟਰਾਂ ਵਲੋਂ ਵੀ। ਉਸਦੇ ਪੰਜਵੇਂ ਸੋਨ ਤਮਗੇ ਨੇ ਮਸੀਂ ਜਾਗੇ ਘੂਕ ਸੁੱਤੇ ਪਏ ਆਗੂਆਂ ਦੀ ਜਾਗ ਖੋਲੀ ਸੀ ਤੇ ਹੁਣ —-। ਚੱਲ ਹਿਮਾ ਧੀਏ ਮੰਨ ਲੈ ਇਹਨਾਂ ਦੀਆਂ ਵਧਾਈਆਂ। ਗੱਲ ਗੱਲ ‘ਤੇ ਟਊਂ ਟਊਂ ਕਰਨ ਵਾਲੇ ਮੀਡੀਏ ਦੀ ਜਾਗ ਅਜੇ ਵੀ ਨੀ ਖੁਲੀ। ਕਾਸ਼ ਕਿਤੇ ਤੇਰੇ ਨਾਲ ਕੋਈ ਪਾਕਿਸਤਾਨੀ ਦੌੜਾਕ ਦੌੜੀ ਹੁੰਦੀ। ਫੇਰ ਸ਼ਾਇਦ ਮੀਡੀਆ ਚੀਕਦਾ, “ਹਿਮਾ ਕੀ ਸਰਜੀਕਲ ਸਟਰਾਈਕ!”
ਹਿਮਾ ਤੂੰ ਆਪਣੇ ਬਾਪ ਰਣਜੀਤ ਦਾਸ ਦਾ ਹੀ ਨਹੀਂ ਦੇਸ਼ ਦੇ ਕਰੋੜਾਂ ਉਹਨਾਂ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਜਿੰਨਾਂ ਨੂੰ ਕਦੇ ਮੌਕੇ ਹੀ ਨਹੀਂ ਦਿੱਤੇ। ਤੂੰ ਦੱਸ ਦਿੱਤਾ ਹੈ ਕਿ ਮੌਕੇ ਮਿਲਣ ਤਾਂ ਇਹ ਗਰੀਬ ਲੋਕ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖ ਦੇਣ। ਕੀ ਖੇਡਾਂ, ਕੀ ਵਿਗਿਆਨ, ਕੀ ਇੰਜਨੀਅਰਿੰਗ— ਇਹਨਾਂ ਦੇ ਖੂਨ ‘ਚ ਦੇਸ਼ ਪ੍ਰਤੀ ਵਫਾਦਾਰੀ ਤੇ ਸਮਰਪਣ ਹੈ, ਇਹ ਹਰ ਖੇਤਰ ‘ਚ ਮੱਲਾਂ ਮਾਰ ਸਕਦੇ ਨੇ।
ਹਿਮਾ ! ਤੈਨੂੰ ਦੌੜਦਿਆਂ ਵੇਖ ਦੇਸ਼ ਦੀ ਇਕ ਹੋਰ ਮਹਾਨ ਧੀ ‘ਪੀ ਟੀ ਊਸ਼ਾ’ ਚੇਤੇ ਆਈ ਸੀ। ਯਾਦ ਹੈ 1984 ਦਾ ਲਾਂਜ ਏਂਜਲਸ ਉਲੰਪਿਕ। ਇਕ ਸੈਕਿੰਡ ਦੇ ਸੌਂਵੇ ਹਿਸੇ ਨਾਲ ਤਮਗਾ ਜਿੱਤਣ ਤੋਂ ਰਹਿ ਗਈ। ਉਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਇਹ ਇਕ ਸ਼ਾਨਦਾਰ ਪ੍ਰਾਪਤੀ ਸੀ। ਯਾਦ ਹੈ 1986 ਦੀਆਂ ਸਿਓਲ ਏਸ਼ੀਆਈ ਖੇਡਾਂ। ਕੁੱਲ ਪੰਜ ਸੋਨ ਤਮਗੇ ਜਿੱਤੇ ਆਪਣੇ ਦੇਸ਼ ਨੇ, ਇਹਨਾਂ ‘ਚੋਂ ਚਾਰ ਪੀ ਟੀ ਊਸ਼ਾ ਦੇ ਸਨ। ਇਕ ਕਰਤਾਰ ਸਿੰਘ ਭਲਵਾਨ ਦਾ ਸੀ। 200, 400, 400ਮੀਟਰ ਹਰਡਲਜ, 4×400 ਮੀਟਰ ਰੀਲੇਅ। ਦੇਸ਼ ਅਸ਼ ਅਸ਼ ਕਰ ਉੱਠਿਆ। 1990 ਦੀਆਂ ਬੀਜਿੰਗ ਖੇਡਾਂ ਵਿਚ ਤਿੰਨ ਸਿਲਵਰ ਫੇਰ ਜਿੱਤ ਲਏ। ਸਰਕਾਰ ਨੇ ਪਦਮ ਸ਼੍ਰੀ ਦਿੱਤਾ ਹੈ। ਜੇ ਥਾਪਾ ਜਿਹਾ ਫੜਕੇ ਖੇਡੀ ਹੁੰਦੀ, ਨਾਲੇ ਰੱਜ ਕੇ ਨੋਟ ਕਮਾਏ ਹੁੰਦੇ ਨਾਲੇ ਪਦਮ ਭੂਸ਼ਣ ਡੁੱਕ ਲੈਂਦੀ। ਪਰ ਕੀ ਕਰਦੀ ਗਰੀਬ ਦੀ ਧੀ ਸੀ। ਜਿੰਨਾਂ ਦਾ ਤਾਂ ਪਰਛਾਵਾਂ ਵੀ ਵਰਜਿਤ ਹੈ। ਪਦਮ ਸ਼੍ਰੀ ਥੋੜਾ ?
ਹਿਮਾ! ਅਜੇ ਤੂੰ ਮਹਿਜ਼ 19 ਸਾਲ ਤੇ 23 ਦਿਨਾ ਦੀ ਏਂ, ਬਹੁਤ ਅੱਗੇ ਜਾਣਾ ਏਂ। ਤੇਰੇ ਸਿਰ ਬਹੁਤ ਵੱਡੀ ਜਿੰਮੇਵਾਰੀ ਹੈ। ਤੈਨੂੰ ਦੌੜਨਾ ਹੀ ਪੈਣਾ ਹੈ। ਦੇਸ਼ ਦੇ ਗਰੀਬ ਲੋਕਾਂ ਲਈ। ਉਹਨਾਂ ਦੀ ਸ਼ਾਨ ਲਈ। ਜਿੰਨਾ ਨੂੰ ਇਸ ਦੇਸ਼ ਵਿੱਚ ਮਨੁੱਖ ਹੀ ਨਹੀਂ ਸਮਝਿਆ ਜਾਂਦਾ , ਤੂੰ ਉਹਨਾਂ ਦੀ ਪਛਾਣ ਗੂੜੀ ਕੀਤੀ ਹੈ। ਦੇਸ਼ ਦੇ ਲੋਕਾਂ ਨੂੰ ਦੱਸ ਦਿੱਤਾ ਹੈ ਕੇ ਜੇ ਇਹਨਾਂ ਲੋਕਾਂ ਨੂੰ ਹਥਿਆਰ ਚਲਾਉਣ ਦੀ ਆਗਿਆ ਹੁੰਦੀ, ਦੇਸ਼ ਦਾ ਇਤਿਹਾਸ ਹੋਰ ਹੁੰਦਾ। ਦੇਸ਼ ਕਦੇ ਬਾਹਰੀ ਹਮਲਾਵਰਾਂ ਦਾ ਗੁਲਾਮ ਨਹੀਂ ਸੀ ਹੋਣਾ। ਮਾਰਸ਼ਲ ਲੋਕਾਂ ਨੂੰ ਨਿਹੱਥੇ ਕਰਕੇ ਸਹੀ ਨਤੀਜੇ ਨੀ ਮਿਲਦੇ ਹੁੰਦੇ।
ਹਿਮਾ ! ਤੂੰ ਦੇਸ਼ ਦੀਆਂ ਤਮਾਮ ਧੀਆਂ ਦਾ ਸਿਰ ਉੱਚਾ ਕੀਤਾ ਹੈ। ਕੰਵਲਜੀਤ ਸੰਧੂ ਦੇਸ਼ ਦੀ ਪਹਿਲੀ ਧੀ ਸੀ ਜਿਸਨੇ 1970 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿੱਚ 800 ਮੀਟਰ ‘ਚ ਸੋਨ ਤਗਮਾ ਜਿੱਤਿਆ ਸੀ। ਉਸਤੋਂ ਬਾਅਦ ਗੀਤਾ ਜੁਤਸ਼ੀ, ਜਯੋਤੀ ਸਿਕਦਰ, ਬੀਨਾਮੋਲ, ਅੰਜੂ ਬੌਬੀ ਜਾਰਜ, ਸ਼ਾਇਨੀ ਅਬਰਾਹਮ, ਰੋਜਾ ਕੁਟੀ, ਸੀਮਾ ਪੂਨੀਆ, ਸੁਨੀਤਾ ਰਾਣੀ ਸੁਨਾਮ, ਖੁਸ਼ਬੀਰ ਕੌਰ—-ਕਿੰਨੀਆਂ ਹੀ ਨੇ ਜਿੰਨਾ ਨੇ ਐਥਲੈਟਿਕਸ ਵਿੱਚ ਮੱਲਾਂ ਮਾਰੀਆਂ ਨੇ। ਤੈਨੂੰ ਦੌੜਦਿਆਂ ਵੇਖ ਹਾਕੀ ਵਾਲੀ ਗੋਲਡਨ ਗਰਲ ਰਾਜਬੀਰ ਕੌਰ ਚੇਤੇ ਆਈ ਹੈ। ਹਾਕੀ ਵਾਲੀਆਂ ਸੈਣੀ ਸਿਸਟਰਜ ਯਾਦ ਆਈਆਂ ਨੇ। ਕੁਸ਼ਤੀ ਵਾਲੀਆਂ ਹਰਿਆਣਵੀ ਫੌਗਟ ਭੈਣਾਂ–ਗੀਤਾ, ਬਬੀਤਾ ਅੱਖਾਂ ਮੂਹਰੇ ਨੇ। ਟੈਨਿਸ ਸਟਾਰ ਸਾਨੀਆ ਮਿਰਜਾ, ਸਾਇਨਾ ਨੇਹਵਾਲ, ਮਹਾਨ ਮੁੱਕੇਬਾਜ਼ ਮੈਰੀਕੌਮ, ਜਿਮਨਾਸਟਿਕ ਵਿੱਚ ਇਤਿਹਾਸ ਸਿਰਜਣ ਵਾਲੀ ਦੀਪਾ ਕਰਮਾਕਰ, ਨਿਸ਼ਾਨੇ ਫੁੰਡਣ ਵਾਲੀ ਅੰਜਲੀ ਭਾਗਵਤ, ਕ੍ਰਿਕਟ ਵਾਲੀਆਂ ਮਿਥਾਲੀ ਰਾਜ ਤੇ ਮੋਗੇ ਵਾਲੀ ਕੁੜੀ ਹਰਮਨਪਰੀਤ, ਬੈਡਮਿੰਟਨ ਸਟਾਰ ਜਵਾਲਾ ਗੁਟਾ, ਕਰਨਮ ਮਲੇਸ਼ਵਰੀ ਤੇ ਹੋਰ ਕਿੰਨੀਆਂ ਹੀ ਮਹਾਨ ਖਿਡਾਰਨਾਂ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ ਹੈ।
ਅੱਜ ਮਨੂੰ ਤੇ ਤੁਲਸੀ ਦਾਸ ਵਰਗੇ ਔਰਤ ਨੂੰ ਪੈਰ ਦੀ ਜੁੱਤੀ ਆਖਣ ਵਾਲੇ ਸ਼ਰਮਿੰਦਾ ਹੁੰਦੇ ਹੋਣਗੇ। ਦਰੋਣਾਚਾਰੀਆ ਵੀ ਸ਼ਰਮਸਾਰ ਹੋਊ ਕਿ ਕਾਸ਼ ! ਏਕਲਵਯ ਤੋਂ ਅਗੂੰਠਾ ਨਾ ਲਿਆ ਹੁੰਦਾ। ਹਿਮਾ ! ਤੂੰ ਸੁਚੇਤ ਰਹੀ ਕੋਈ ਦਰੋਣਾਚਾਰੀਆ ਤੇਰਾ ਅਗੂੰਠਾ ਨਾ ਲੈ ਲਵੇ। ਉਂਜ ਤੂੰ ਬੜੀ ,ਖੁਸ਼ਕਿਸਮਤ ਏਂ ਜਿਸਨੂੰ ਨਿਪਨ ਵਰਗਾ ਕੋਚ ਮਿਲਿਆ ਹੈ।
ਹਿਮਾ ! ਅਜੇ ਕੱਲ੍ਹ ਦੀ ਗੱਲ ਹੈ ਜਦੋਂ ਤੂੰ ਰਾਸ਼ਟਰ ਮੰਡਲ ਖੇਡਾਂ ਵਿਚ 400ਮੀਟਰ ਦੌੜ ‘ਚ 51,32 ਸੈਕਿੰਡ ਦੇ ਸਮੇਂ ਨਾਲ ਛੇਵੇਂ ਸਥਾਨ ‘ਤੇ ਆਈ ਸੀ। ਪਰ ਅਸ਼ਕੇ ਤੇਰੇ ਤੂੰ ਨਿਰਾਸ਼ ਨਹੀਂ ਹੋਈ ਤੇ ਜਕਾਰਤਾ ਏਸ਼ੀਆਈ ਖੇਡਾਂ ਵਿੱਚ 4 ×400 ਮੀਟਰ ਦੌੜ ਵਿਚ ਸੋਨ ਤਗਮਾ ਜਿੱਤ ਲਿਆ। 4×400 ਮਿਕਸਡ ਵਿੱਚ ਵੀ ਸੋਨ ਜਿੱਤਿਆ ਤੇ 400 ਮੀਟਰ ‘ਚ ਸਿਲਵਰ। ਬਾਪ ਦੇ ਦੋ ਕਿਲੇ ਜਮੀਨ ‘ਚ ਦੌੜਦੀ ਹੋਈ ਸਟਾਰ ਬਣ ਗਈ ਏਂ । ਅੱਜ ਤੂੰ ਆਸਾਮ ਦੇ ਨਗਾਉਂ ਜਿਲੇ ਦੇ ਪਿੰਡ ਡਿੰਗ ਦਾ ਹੀ ਮਾਣ ਨਹੀਂ, ਸਾਡਾ ਸਾਰਿਆਂ ਦਾ ਮਾਣ ਏਂ। ਸਾਨੂੰ ਮਾਣ ਹੈ ਕਿ 50 ਕੁ ਕਿਲੋ ਭਾਰ ਦੀ 5ਫੁੱਟ ਪੰਜ ਇੰਚ ਕੱਦ ਵਾਲੀ ਸਾਡੀ ਧੀ ਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਨਸਾਨ ਸਾਰੇ ਬਰਾਬਰ ਹੁੰਦੇ ਨੇ। ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਅਸਲ ਵਿੱਚ ਨੀਵੇਂ ਪੱਧਰ ਦੇ ਹੁੰਦੇ ਨੇ। ਕਾਬਲੀਅਤ ਕਿਸੇ ਦੇ ਪਿਉ ਦੀ ਜਾਗੀਰ ਨਹੀਂ ਹੈ।
ਹਿਮਾ ! 400 ਮੀਟਰ ਦਾ ਰਾਸ਼ਟਰੀ ਰਿਕਾਰਡ 50-79 ਸੈਕਿੰਡ ਦੇ ਸਮੇਂ ਨਾਲ ਤੇਰੇ ਨਾਮ ਬੋਲਦਾ ਹੈ ਜੋ ਤੂੰ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਪੈਦਾ ਕੀਤਾ ਸੀ। ਅਸੀਂ ਤੇਰੇ ਆਪਣੇ, ਚਾਹੁੰਦੇ ਹਾਂ ਕਿ ਆਪਣੇ ਰਿਕਾਰਡ ਨੂੰ ਤੂੰ ਆਪ ਹੀ ਤੋੜ ਦੇਵੇਂ। ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਤੇ ਹਾਂ ! ਹਿਮਾ ਧੀਏ, ਜੇਤੂ ਮੰਚ ‘ਤੇ ਖੜੀ ਭਾਵਕ ਨਾ ਹੋਇਆ ਕਰ। ਅਜੇ ਤੇਰੇ ਭਾਵਕ ਹੋਇਆਂ ਸਰਨਾ ਨਹੀਂ। ਬਹੁਤ ਚਿਰ ਪਹਿਲਾਂ ਗਰੀਬਾਂ ਦੀ ਧੀ ਪੀ ਟੀ ਊਸ਼ਾ ਨੇ 4 ਸੋਨ ਤਮਗੇ ਜਿੱਤ ਕੇ ਦੇਸ਼ ਦੀ ਲਾਜ ਰੱਖੀ ਸੀ, ਹੁਣ ਤੇਰੀ ਵਾਰੀ ਹੈ। ਤੂੰ 100, 200,400, 4×400,4×100 ਤੇ 4×400 ਮੀਟਰ ਮਿਕਸਡ ਰੀਲੇਅ ਦੀ ਬੇਨਜ਼ੀਰ ਧਾਵਕ ਏਂ। ਆਪਣੀ ਵੱਡੀ ਦੀਦੀ ਤੇ ਗੁਰੂ ਪੀ ਟੀ ਊਸ਼ਾ ਵਾਂਗ ਗੋਲਡਨ ਗਰਲ ਅਖਵਾਉਣਾ ਏ।
2ਜੁਲਾਈ ਪੋਲੈਂਡ ਵਿੱਚ ਜਿੱਤੇ ਪਹਿਲੇ ਤਮਗੇ ਤੋਂ ਅੱਜ 23 ਜੁਲਾਈ ਨੂੰ ਜਿੱਤੇ ਛੇਵੇਂ ਤਗਮੇ ਤੱਕ ਦੀ ਯਾਤਰਾ ਲਈ ਤੈਨੂੰ ਮੈਨੂੰ ਸਾਰਿਆਂ ਨੂੰ ਵਧਾਈਆਂ। ਸਾਡੀਆਂ ਸ਼ੁੱਭ ਇਛਾਵਾਂ ਤੇ ਦੁਆਵਾਂ ਤੇਰੇ ਨਾਲ ਨੇ। ਟਵਿਟਰ ‘ਤੇ ਨਹੀਂ ਅਸੀਂ ਆਪਣੇ ਦਿਲ ‘ਤੋਂ ਸ਼ੁਭ ਇਛਾਵਾਂ ਭੇਜਦੇ ਹਾਂ।
ਤੇਰਾ ਸਫਰ ਜਾਰੀ ਰਹਿਣਾ ਚਾਹੀਦਾ ਹੈ ! ਤੂੰ ਦੌੜਨਾ ਏਂ। ਆਪਣੇ ਲਈ। ਮਾਂ ਬਾਪ ਲਈ। ਡਿੰਗ ਤੇ ਆਸਾਮ ਲਈ। ਦੇਸ਼ ਲਈ ਤੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੀ ਸ਼ਾਨ ਸਲਾਮਤ ਰੱਖਣ ਲਈ।
ਹਿਮਾ ! ਦੇਸ਼ ਟੈਕਸ ਚੋਰਾਂ ਦਾ ਨਹੀਂ , ਆਪਣਾ ਹੈ। ਤਕੜੀ ਹੋਕੇ ਖੇਡ। ਜਿੰਦਾਬਾਦ !

Real Estate