ਕਾਰਗਿਲ ਸਮੇਂ ਭਾਰਤੀ ਫੌਜ ਨੂੰ ਪਹਿਲੀ ਸੂਹ ਦੇਣ ਵਾਲੇ ਚਰਵਾਹੇ ਤੇ ਉਸ ਦੇ ਪਿੰਡ ਕੀ ਹਨ ਮੌਜੂਦਾ ਹਾਲਾਤ ?

1231

BBC

“ਜੇਕਰ ਮੇਰਾ ਯਾਕ ਪਹਾੜਾਂ ਵਿੱਚ ਗੁੰਮ ਨਾ ਹੁੰਦਾ ਤਾਂ ਮੈਂ ਨਾ ਤਾਂ ਉਸ ਨੂੰ ਲੱਭਣ ਜਾਂਦਾ ਅਤੇ ਨਾਂ ਹੀ ਭਾਰਤੀ ਫ਼ੌਜ ਨੂੰ ਪਾਕਿਸਤਾਨੀ ਫ਼ੌਜ ਦੀ ਘੁਸਪੈਠ ਦਾ ਪਤਾ ਲੱਗਦਾ।” ਇਹ ਕਹਿਣਾ ਹੈ ਕਿ 55 ਸਾਲਾ ਤਾਸ਼ੀ ਨਾਮਗਿਆਲ ਦਾ। ਤਾਸ਼ੀ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਗਾਰਕੌਣ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਹੀ 1999 ਵਿਚ ਬਟਾਲਿਕ ਸੈਕਟਰ ਵਿਚ ਘੁਸਪੈਠ ਬਾਰੇ ਸਭ ਤੋਂ ਪਹਿਲਾਂ ਭਾਰਤੀ ਫ਼ੌਜ ਨੂੰ ਜਾਣਕਾਰੀ ਦਿੱਤੀ ਸੀ।ਪੇਸ਼ੇ ਤੋਂ ਚਰਵਾਹੇ ਤਾਸ਼ੀ ਨੇ ਦੱਸਿਆ ਕਿ 1999 ਵਿੱਚ ਉਨ੍ਹਾਂ ਨੇ ਨਵਾਂ ਯਾਕ 12,000 ਵਿੱਚ ਖ਼ਰੀਦਿਆ ਸੀ। ਤਾਸ਼ੀ ਮੁਤਾਬਕ ਯਾਕ ਨੂੰ ਉਸ ਨੇ ਘਾਹ ਖਾਣ ਲਈ ਛੱਡਿਆ ਸੀ ਪਰ ਉਹ ਸ਼ਾਮ ਤੱਕ ਵਾਪਸ ਨਹੀਂ ਪਹੁੰਚਿਆ ਤਾਂ ਮੈਂ ਉਸ ਦੀ ਭਾਲ ਸ਼ੁਰੂ ਕੀਤੀ। ਯਾਕ ਦੀ ਭਾਲ ਕਰਦਾ ਹੋਇਆ ਮੈਂ ਇੱਕ ਪਹਾੜ ਦੀ ਚੋਟੀ ਤੱਕ ਪਹੁੰਚ ਗਿਆ ਜਿੱਥੇ ਮੈਨੂੰ ਕੁਝ ਲੋਕ ਦਿਖਾਈ ਦਿੱਤੇ
“ਪਹਿਲੀ ਨਜ਼ਰ ਵਿੱਚ ਮੈਨੂੰ ਲੱਗਿਆ ਕਿ ਇਹ ਸ਼ਿਕਾਰੀ ਹਨ ਪਰ ਉਨ੍ਹਾਂ ਦੀਆਂ ਹਰਕਤਾਂ ਅਜੀਬ ਤਰ੍ਹਾਂ ਦੀਆਂ ਸਨ। ਵਾਪਸ ਪਰਤ ਕੇ ਮੈਂ ਇਹਨਾਂ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਭਾਰਤੀ ਫ਼ੌਜ ਨੂੰ ਦਿੱਤੀ। ਬਾਅਦ ਵਿਚ ਭਾਰਤੀ ਫ਼ੌਜ ਨੇ ਜਦੋਂ ਇਸ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਇਹ ਪਾਕਿਸਤਾਨ ਫ਼ੌਜ ਦੇ ਜਵਾਨ ਹਨ ਜਿੰਨ੍ਹਾਂ ਨੇ ਭਾਰਤੀ ਇਲਾਕੇ ਵਿੱਚ ਆ ਕੇ ਬੰਕਰਾਂ ਉੱਤੇ ਕਬਜ਼ਾ ਕਰ ਲਿਆ ਹੈ।”
ਪੂਰੇ ਪਿੰਡ ਨੇ ਫ਼ੌਜ ਦੀ ਮਦਦ ਕੀਤੀਇਸ ਜਾਣਕਾਰੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਦਰਮਿਆਨ ਲੜਾਈ ਹੋਈ। ਆਪਣੇ ਇਲਾਕੇ ਨੂੰ ਵਾਪਸ ਲੈਣ ਲਈ ਭਾਰਤੀ ਫ਼ੌਜ ਦੇ 600 ਤੋਂ ਵੱਧ ਜਵਾਨਾਂ ਦੀ ਮੌਤ ਹੋਈ ਸੀ।
ਤਾਸ਼ੀ ਨੇ ਦੱਸਿਆ ਕਿ ਕਾਰਗਿਲ ਦੀ ਲੜਾਈ ਦੌਰਾਨ ਉਨ੍ਹਾਂ ਦਾ ਪੂਰਾ ਪਿੰਡ ਭਾਰਤੀ ਫ਼ੌਜ ਦੀ ਮਦਦ ਕਰ ਕੇ ਮਾਣ ਮਹਿਸੂਸ ਕਰਦਾ ਹੈ।ਸਿਰ ਉੱਤੇ ਕਾਰਗਿਲ ਇਲਾਕੇ ਦੀ ਪੁਰਾਤਨ ਟੋਪੀ ਪਾਈ ਬੈਠੇ ਤਾਸ਼ੀ ਨੇ ਬੀਬੀਸੀ ਪੰਜਾਬੀ ਨੂੰ ਭਾਰਤੀ ਸੈਨਾ ਵਲੋਂ ਦਿੱਤੇ ਉਹ ਸਾਰੇ ਸਰਟੀਫ਼ਿਕੇਟ ਦਿਖਾਏ ਜੋ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਦਿੱਤੇ। ਇਹਨਾਂ ਸਰਟੀਫਿਕੇਟਾਂ ਵਿਚ ਤਾਸ਼ੀ ਦੀ ਬਹਾਦਰੀ ਅਤੇ ਮੁਸਤੈਦੀ ਦਾ ਜ਼ਿਕਰ ਕੀਤਾ ਹੋਇਆ ਹੈ। ਪਰ ਤਾਸ਼ੀ ਭਰੇ ਮੰਨ ਨਾਲ ਕਹਿੰਦਾ ਹੈ ਕਿ ਇਹ ਸਰਟੀਫਿਕੇਟ ਉਸ ਦੇ ਕਿਸੇ ਵੀ ਕੰਮ ਦੇ ਨਹੀਂ ਕਿਉਂਕਿ ਉਸ ਦੀ ਹਾਲਤ ਉਹੀ ਹੈ ਜੋ 1999 ਵਿੱਚ ਸੀ।
ਤਾਸ਼ੀ ਨੇ ਭਰੇ ਮੰਨ ਨਾਲ ਦੱਸਿਆ, ਮੈਂ ਭਾਰਤੀ ਫ਼ੌਜ ਦੀ ਇੰਨੀ ਮਦਦ ਕੀਤੀ ਪਰ ਬਦਲੇ ਵਿਚ ਸਰਟੀਫਿਕੇਟਾਂ ਤੋਂ ਇਲਾਵਾ ਮੈਨੂੰ ਕੁਝ ਵੀ ਨਹੀਂ ਮਿਲਿਆ।”ਤਾਸ਼ੀ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਇੱਕ ਬੱਚੇ ਦੀ ਪੜ੍ਹਾਈ ਫ਼ੌਜ ਨੇ ਆਪਣੇ ਸਕੂਲਾਂ ਵਿੱਚ ਕਾਰਵਾਈ ਇਸ ਤੋਂ ਇਲਾਵਾ ਕੋਈ ਵੀ ਵਿੱਤੀ ਮਦਦ ਉਸ ਨੂੰ ਨਹੀਂ ਦਿੱਤੀ ਗਈ। ਤਾਸ਼ੀ ਮੁਤਾਬਕ ਉਸ ਨੂੰ ਮਦਦ ਦਾ ਕਈ ਵਾਰ ਭਰੋਸਾ ਦਿੱਤਾ ਗਿਆ ਪਰ ਇਹ ਭਰੋਸਾ ਵਫ਼ਾ ਨਹੀਂ ਹੋ ਸਕਿਆ।
ਤਾਸ਼ੀ ਨੇ ਦੱਸਿਆ ਕਿ ਦੇਸ ਦੀ ਦੂਜੀ ਵਾਰ ਕਮਾਨ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ ਪਰ ਇਸ ਦੇ ਲਈ ਜ਼ਰੂਰੀ ਹੈ ਕੋਈ ਉਸ ਦਾ ਸੁਨੇਹਾ ਪ੍ਰਧਾਨ ਮੰਤਰੀ ਤੱਕ ਪਹੁੰਚਾਏ।

ਤਾਸ਼ੀ ਤੋਂ ਇਲਾਵਾ ਗਰਾਕੌਣ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਕਿ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਦੀ ਲੜਾਈ ਦੌਰਾਨ ਪਿੰਡ ਦਾ ਕਾਫ਼ੀ ਨੁਕਸਾਨ ਹੋਇਆ ਸੀ। ਸਕੂਲ ਬੰਦ ਹੋ ਗਿਆ ਸੀ ਅਤੇ ਘਰਾਂ ਦੀ ਛੱਤ ਤੱਕ ਉੱਠ ਗਈਆਂ ਸਨ। ਪਿੰਡ ਵਾਸੀਆਂ ਮੁਤਾਬਕ ਲੜਾਈ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ।ਪਿੰਡ ਦੇ ਇੱਕ ਹੋਰ ਵਸਨੀਕ ਤਾਸ਼ੀ ਪੰਚੋਕ ਨੇ ਦੱਸਿਆ, “ਅਸੀਂ ਆਪਣੇ ਖਾਣ-ਪੀਣ ਦੀ ਪਰਵਾਹ ਕੀਤੇ ਬਿਨਾਂ ਕਈ ਭਾਰਤੀ ਸੈਨਿਕਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੇ ਰਹੇ ਪਰ ਇਸ ਦੇ ਬਾਵਜੂਦ ਸਾਨੂੰ ਕੁਝ ਨਹੀਂ ਮਿਲਿਆ।” ਪਿੰਡ ਦੇ ਇੱਕ ਸਾਬਕਾ ਫ਼ੌਜੀ ਨੂੰ ਪੁੱਛਿਆ ਕਿ ਤੁਸੀਂ ਸਰਕਾਰ ਜਾਂ ਫ਼ੌਜ ਤੋਂ ਕੋਈ ਮਦਦ ਚਾਹੁੰਦੇ ਹੋ ਤਾਂ ਉਨ੍ਹਾਂ ਦਾ ਜਵਾਬ ਸੀ- ‘ਵਿਕਾਸ ਤਾਂ ਇੱਕ ਪਾਸੇ ਪਿੰਡ ਵਿਚ ਬੁਨਿਆਦੀ ਸਹੂਲਤਾਂ ਤੱਕ ਦੀ ਘਾਟ ਹੈ।’ ਉਨ੍ਹਾਂ ਕਿਹਾ ਕਿ ਪਿੰਡ ਵਿਚ ਫ਼ੋਨ ਤੱਕ ਦੀ ਸਹੂਲਤ ਨਹੀਂ ਹੈ। “ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਭਾਰਤੀ ਫ਼ੌਜ ਅਤੇ ਦੇਸ ਦੀ ਮਦਦ ਕੀਤੀ ਹੈ ਉਸ ਹਿਸਾਬ ਨਾਲ ਸਾਨੂੰ ਇਨਾਮ ਮਿਲਣਾ ਚਾਹੀਦਾ ਸੀ ਕਿਉਂਕਿ ਅਸੀਂ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਹਨ।”
ਕਾਰਗਿਲ ਦੇ ਡਿਪਟੀ ਕਮਿਸ਼ਨਰ ਬਸ਼ੀਰ ਓਲ ਹੱਕ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ਫ਼ੌਜ ਨੇ ਇਨ੍ਹਾਂ ਪਿੰਡ ਵਾਸੀਆਂ ਲਈ ਕੀ ਕੀਤਾ। ਕੁਝ ਕੀਤਾ ਜਾਂ ਨਹੀਂ ਕੀਤਾ ਇਸ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਪਿੰਡ ਦੇ ਲੋਕਾਂ ਦੀ ਬਹਾਦਰੀ ਦੇ ਬਦਲੇ ਇਹਨਾਂ ਦਾ ਸਨਮਾਨ ਕਰਨ ਦੀ ਸੋਚ ਰਿਹਾ ਹੈ।”ਉਨ੍ਹਾਂ ਦੱਸਿਆ ਕਿ ਸਰਕਾਰ ਇਸ ਪਿੰਡ ਦੇ ਵਿਕਾਸ ਦੀ ਰੂਪਰੇਖਾ ਉਲੀਕ ਰਹੀ ਹੈ ਤਾਂ ਜੋ ਇੱਥੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲ ਸਕੇ।

Real Estate