ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਉੱਚਾ ਹੁੰਦਾ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ, ਜਥੇਦਾਰ ਨਹੀਂ ਕਰ ਸਕਦਾ ਸੁਣਵਾਈ

1020

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਰਾਗੀ ਭਾਈ ਗੁਰਜੀਤ ਸਿੰਘ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੱਲ ਨਹੀਂ ਕਰ ਸਕਦੇ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਉਚੇਰਾ ਹੁੰਦਾ ਹੈ; ਜਿਸ ਕਰਕੇ ਉਹ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਗੀ ਸਿੰਘ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੋਲ ਲੈ ਜਾਣ ਤੇ ਗੱਲਬਾਤ ਕਰ ਕੇ ਇਹ ਮਸਲਾ ਸੁਲਝਾਉਣ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਗਿਆਨੀ ਜਗਤਾਰ ਸਿੰਘ ਤੇ ਰਾਗੀ ਗੁਰਜੀਤ ਸਿੰਘ ਵਿਚਾਲੇ ਵਿਵਾਦ ਪੈਦਾ ਹੋ ਗਿਆ ਸੀ। ਇਸੇ ਲਈ ਰਾਗੀ ਗੁਰਜੀਤ ਸਿੰਘ ਨੇ ਇਸ ਬਾਰੇ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤੀ ਸੀ। ਉਹ ਅੱਠ ਹਜ਼ੂਰੀ ਰਾਗੀ ਸਿੰਘਾਂ ਨਾਲ ਜੱਥੇਦਾਰ ਹਰਪ੍ਰੀਤ ਸਿੰਘ ਕੋਲ ਪੁੱਜੇ ਸਨ। ਗੁਰਜੀਤ ਸਿੰਘ ਦਾ ਦੋਸ਼ ਹੈ ਕਿ 14 ਜੁਲਾਈ ਨੂੰ ਜਦੋਂ ਉਹ ਰਾਤੀਂ ਮੁੱਖ ਹਾਲ ਵਿੱਚ ਕੀਰਤਨ ਕਰ ਰਹੇ ਸਨ; ਤਦ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨਾਲ ਕਥਿਤ ਤੌਰ ਉੱਤੇ ਮਾੜਾ ਵਿਵਹਾਰ ਕੀਤਾ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਕ ਚਿੱਠੀ ਵੀ ਲਿਖੀ ਸੀ ਤੇ ਪ੍ਰਧਾਨ ਲੌਂਗੋਵਾਲ ਨੂੰ ਵੀ ਚਿੱਠੀ ਲਿਖ ਕੇ ਗਿਆਨੀ ਜਗਤਾਰ ਸਿੰਘ ਵਿਰੁੱਧ ਕਾਰਵਾਈ ਮੰਗੀ ਸੀ।
ਗਿਆਨੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਰਾਗੀ ਗੁਰਜੀਤ ਸਿੰਘ ਨੂੰ ਮਰਿਆਦਾ ਦੀ ਜਾਣਕਾਰੀ ਦੇ ਰਹੇ ਸਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਪੂਰਨ ਗੁਰ–ਮਰਿਆਦਾ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੈ।

Real Estate