ਮਾਰੂਥਲ ਬਣਨ ਵਲ ਵਧ ਰਿਹਾ ਪੰਜਾਬ

1071

ਕੁਲਵੰਤ ਸਿੰਘ ਢੇਸੀ

ਅੱਜਕਲ ਭਾਰਤ ਵਿਚ ਪਾਣੀ ਦਾ ਆ ਰਿਹਾ ਸੰਕਟ ਇੱਕ ਭਖਦਾ ਮੁੱਦਾ ਬਣਿਆ ਹੋਇਆ ਹੈ ਜਿਸ ਸਬੰਧੀ ਜੇਕਰ ਭਾਰਤੀ ਸਰਕਾਰ ਨੇ ਕੋਈ ਤਤਕਾਲੀ ਕਦਮ ਨਾ ਚੁੱਕਿਆ ਤਾਂ ਪਾਣੀ ਦੇ ਸੰਕਟ ਕਾਰਨ ਦੇਸ਼ ਵਿਚ ਮਹਾਂਮਾਰੀ ਫੈਲਣ ਜਾਂ ਗ੍ਰਹਿ ਯੁੱਧ ਲੱਗਣ ਦਾ ਡਰ ਬਣ ਗਿਆ ਹੈ। ਪੰਜਾਬ ਭਾਰਤ ਦਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿਸ ਦਾ ਨਾ ਕਵੇਲ ਜਨ ਜੀਵਨ ਹੀ ਸਗੋਂ ਜੀਵਨ ਨਿਰਬਾਹ ਪਾਣੀ ‘ਤੇ ਨਿਰਭਰ ਹੈ। ਪੰਜਾਬ ਦੇ ਪਾਣੀਆਂ ਦੀ ਪਿਛਲੇ ੭੦ ਸਾਲਾਂ ਤੋਂ ਹੋ ਰਹੀ ਲੁੱਟ ਹਮੇਸ਼ਾਂ ਹੀ ਅਹਿਮ ਵਿਸ਼ਾ ਰਿਹਾ ਹੈ ਜਿਸ ਨੇ ਰਾਜਨੀਤੀ ਨੂੰ ਪ੍ਰਭਾਵਤ ਕੀਤਾ ਹੈ ਅਤੇ ਸੰਨ ੧੯੮੪ ਦੇ ਧਰਮ ਯੁੱਧ ਦੀਆਂ ਮੰਗਾਂ ਵਿਚ ਵੀ ਇਹ ਮੰਗ ਪ੍ਰਮੁਖ ਰਹੀ ਸੀ ਕਿ ਰਿਪੇਰੀਅਨ ਕਾਨੂੰਨਾਂ ਮੁਤਾਬਕ ਪੰਜਾਬ ਦੇ ਪਾਣੀਆਂ ‘ਤੇ ਹੱਕ ਪੰਜਾਬ ਦਾ ਹੈ ਅਤੇ ਗੁਆਂਢੀ ਸੂਬਿਆਂ ਨੂੰ ਇਹ ਪਾਣੀ ਧੱਕੇ ਨਾਲ ਦੇਣਾ ਬੇਇਨਸਾਫੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਰਾਜਸਥਾਨ ਵਰਗੇ ਸੂਬੇ ਨੂੰ ਪਾਣੀ ਦੇਣਾ ਵੀ ਹੈ ਤਾਂ ਪੰਜਾਬ ਨੂੰ ਉਸ ਦਾ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਮੰਡੀ ਦੀ ਦੋਹਰੀ ਲੁੱਟ ਦਾ ਸ਼ਿਕਾਰ ਹੋ ਰਹੇ ਪੰਜਾਬੀ ਕਿਸਾਨ ਦੀ ਹਾਲਤ ਆਤਮਹੱਤਿਆ ਕਰਨ ਤਕ ਪਹੁੰਚ ਗਈ ਹੈ ਅਤੇ ਹੁਣ ਕੌਮਾਂਤਰੀ ਤੌਰ ‘ਤੇ ਇਹ ਖਬਰਾਂ ਲਗਾਤਾਰ ਆ ਰਹੀਆਂ ਹਨ ਕਿ ਪੰਜਾਬ ਬੜੀ ਤੇਜੀ ਨਾਲ ਰੇਗਿਸਤਾਨ ਬਣਨ ਵਲ ਵਧ ਰਿਹਾ ਹੈ ਜਦ ਕਿ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਤਾਂ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਇਸ ਸਬੰਧੀ ਟਿਊਬਵੈਲਾਂ ਨਾਲ ਲਗਾਤਾਰ ਖਿੱਚੇ ਜਾ ਰਹੇ ਜ਼ਮੀਨ ਦੋਜ਼ ਪਾਣੀ ਦਾ ਮੁੱਦਾ ਵੀ ਅਹਿਮ ਹੈ ਜਿਸ ਕਾਰਨ ਪਾਣੀ ਦੀ ਸਤਹ ਲਗਾਤਾਰ ਵਧੇਰੇ ਡੂੰਘੀ ਹੁੰਦੀ ਜਾ ਰਹੀ ਹੈ ਅਤੇ ਜੇਕਰ ਜੀਰੀ ਲਾਉਣ ਦੇ ਅਮਲ ਨੂੰ ਤਤਕਾਲ ਨਾ ਰੋਕਿਆ ਗਿਆ ਤਾਂ ਜ਼ਮੀਨ ਦੋਜ਼ ਪਾਣੀ ਦਾ ਭੰਡਾਰ ਛੇਤੀ ਹੀ ਖਤਮ ਹੋ ਜਾਵੇਗਾ ਜਿਸ ਦਾ ਫਿਰ ਕੋਈ ਫੌਰੀ ਹੱਲ ਅਸੰਭਵ ਹੋਵੇਗਾ। ਇਸ ਸਬੰਧੀ ਖਬਰਾਂ ਨਾਂ ਕੇਵਲ ਕੌਮੀ ਤੌਰ ‘ਤੇ ਸਗੋਂ ਸੀ ਐਨ ਐਨ, ਨਾਸਾ ਜਾਂ ਅਲ ਜਜੀਰਾ ਵਰਗੇ ਪ੍ਰਚਾਰ ਸਾਧਨਾ ਵਲੋਂ ਵੀ ਆਉਣ ਲੱਗ ਪਈਆਂ ਹਨ। ਪਾਣੀ ਸਬੰਧੀ ਇਹ ਭਵਿੱਖ ਬਾਣੀ ਤਾਂ ਅਕਸਰ ਹੀ ਕੀਤੀ ਜਾਂਦੀ ਹੈ ਕਿ ਅਗਲੀ ਵਿਸ਼ਵ ਜੰਗ ਪਾਣੀ ਕਾਰਨ ਲੱਗਣ ਵਾਲੀ ਹੈ।

ਸੀ ਐਨ ਐਨ ਦੀ ਖਬਰ

ਇਸ ਸਨਸਨੀ ਭਰੀ ਖਬਰ ਮੁਤਾਬਕ ਸਾਲ ੨੦੨੧ ਭਾਵ ਕਿ ਅਗਲੇ ਸਾਲ ਹੀ ਭਾਰਤ ਦੇ ੨੧ ਸ਼ਹਿਰਾਂ ਵਿਚ ਜ਼ਮੀਨ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਜਿਹਨਾ ਵਿਚ ਪੰਜਾਬ ਦੇ ਪੰਜ ਸ਼ਹਿਰ ਵੀ ਸ਼ਾਮਲ ਹਨ। ਅਗਲੇ ਦਸਾਂ ਸਾਲਾਂ ਭਾਵ ਕਿ ੨੦੩੦ ਤਕ ਭਾਰਤ ਦੀ ੪੦% ਅਬਾਦੀ ਨਾ ਕੇਵਲ ਜ਼ਮੀਨ ਦੋਜ਼ ਪਾਣੀ ਦੀ ਕਮੀ ਤੋਂ ਪ੍ਰਭਾਵਤ ਹੋ ਜਾਵੇਗੀ ਸਗੋਂ ਪੀਣ ਵਾਲੇ ਪਾਣੀ ਦਾ ਸੰਸਾ ਵੀ ਪੈ ਜਾਵੇਗਾ। ਦੁਨੀਆਂ ਦੇ ਕੁਲ ੧੨੨ ਐਸੇ ਦੇਸ਼ ਜਿਹਨਾ ਵਿਚ ਪਾਣੀ ਦਾ ਕਾਲ ਪੈਣ ਦਾ ਖਤਰਾ ਹੈ ਉਹਨਾ ਵਿਚ ਭਾਰਤ ਦਾ ੧੨੦ਵਾਂ ਨੰਬਰ ਹੈ। ਪਾਣੀ ਦਾ ਕਾਲ ਪੈਣ ਨਾਲ ਕਿਸੇ ਭਿਅੰਕਰ ਮਹਾਂਮਾਰੀ ਫੈਲਣ ਅਤੇ ਗ੍ਰਹਿ ਯੁੱਧ ਲੱਗਣ ਦਾ ਡਰ ਹੈ ਜੋ ਕਿ ਨਾ ਕੇਵਲ ਪ੍ਰਭਾਵਤ ਸੂਬਿਆਂ ਤਕ ਸੀਮਤ ਰਹੇਗੀ ਸਗੋਂ ਸਾਰੇ ਦੇਸ਼ ਤਕ ਫੈਲ ਸਕਦੀ ਹੈ। ਭਾਜਪਾ ਦੀ ਜਿੱਤ ਤੋਂ ਬਾਅਦ ਭਾਰਤ ਦੀਆਂ ਘੱਟਗਿਣਤੀਆਂ ਦਾ ਹਿੰਦੁਤਵ ਦੇ ਫਾਸ਼ੀਵਾਦ ਵਿਚ ਦਮ ਘੁੱਟਣ ਲੱਗਿਆ ਸੀ ਜਦ ਕਿ ਪਾਣੀ ਦੇ ਸੰਕਟ ਨੇ ਇਸ ਤੋਂ ਵੀ ਕਈ ਗੁਣਾ ਵਧੇਰੇ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ।

ਨਾਸਾ ਵਲੋਂ ਆ ਰਹੀਆਂ ਖਬਰਾਂ

ਨਾਸਾ ਦੇ ਹਾਈਡਰੋਲੋਜਿਸਟ ਮੈਟ ਰੋਡਲ ਦਾ ਇੱਕ ਲੇਖ ਇੰਟਰਨੈਟ ‘ਤੇ ਪਿਆ ਹੈ ਜੋ ਕਿ ਗਰੇਸ (GRACE-Gravity Recovery and Climate Experiment) ‘ਤੇ ਅਧਾਰਤ ਹੈ ਜਿਸ ਮੁਤਾਬਕ ਜੈਪੁਰ ਅਤੇ ਦਿੱਲੀ ਵਰਗੇ ਮਹਾਂ ਨਗਰਾਂ ਵਿਚ ਧਰਤੀ ਹੇਠਾਂ ਪਾਣੀ ਦਾ ਭੰਡਾਰ ਖਤਮ ਹੋ ਰਿਹਾ ਹੈ। ਗਰੇਸ ਅਨੁਸਾਰ ਉੱਤਰੀ ਭਾਰਤ ਵਿਚ ਪਾਣੀ ਦੇ ਮੁੱਕ ਰਹੇ ਭੰਡਾਰ ਦਾ ਮੁੱਖ ਕਾਰਨ ਖੇਤੀਬਾੜੀ ਲਈ ਲਗਾਤਾਰ ਖਿੱਚਿਆ ਜਾ ਰਿਹਾ ਪਾਣੀ ਹੈ। ਪਾਣੀ ਦਾ ਇਹ
ਭੰਡਾਰਾ ਜੋ ਹਜ਼ਾਰਾਂ ਸਾਲਾਂ ਦੇ ਅੰਤਰਾਲ ਵਿਚ ਇਕੱਠਾ ਹੋਇਆ ਸੀ ਹੁਣ ਲਗਾਤਾਰ ਹੇਠਾਂ ਤੋਂ ਹੇਠਾਂ ਜਾ ਰਿਹਾ ਹੈ। ਉੱਤਰੀ ਭਾਰਤ ਦੇ ਸੂਬਿਆਂ ਵਿਚ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਨਾਮ ਆਉਂਦੇ ਹਨ ਜਿਹਨਾ ਵਿਚ ਜ਼ਮੀਨ ਦੋਜ਼ ਪਾਣੀ ਦਾ ੯੫% ਹਿੱਸਾ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ। ਸਬੰਧਤ ਨਰੀਖਣਾ ਮਗਰੋਂ ਪਤਾ ਲੱਗਾ ਕਿ ਸਾਲ ੨੦੦੨ ਤੋਂ ੨੦੦੮ ਦੌਰਾਨ ਇਹਨਾ ਸੂਬਿਆਂ ਵਿਚ ਹਰ ਤਿੰਨਾਂ ਸਾਲਾਂ ਮਗਰੋਂ ਇੱਕ ਮੀਟਰ ਪਾਣੀ ਹੇਠਾਂ ਡਿੱਗਦਾ ਰਿਹਾ ਹੈ। ਗਰੇਸ ਮੁਤਾਬਕ ਪਾਣੀ ਦੀ ਇਹ ਘਾਟ ਮੁੜ ਕਦੀ ਵੀ ਪੂਰੀ ਹੋਣ ਵਾਲੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਧਰਤੀ ਦਾ ੯੭।੫% ਪਾਣੀ ਸਮੁੰਦਰ ਵਿਚ ਹੈ, ੧।੫% ਪਾਣੀ ਬਰਫ ਦੇ ਰੂਪ ਵਿਚ ਹੈ ਜਦ ਕਿ ਬਾਕੀ ਸਿਰਫ ੧% ਪਾਣੀ ਦਰਿਆਵਾਂ, ਨਦੀਆਂ, ਝੀਲਾਂ ਝਰਨਿਆਂ ਅਤੇ ਖੂਹਾਂ ਦੇ ਰੂਪ ਵਿਚ ਉਪਲਬਧ ਹੈ ਜੋ ਕਿ ਪੀਣ ਵਾਲਾ ਹੈ। ਇਸ ਪਾਣੀ ਦਾ ੬੦% ਹਿੱਸਾ ਖੇਤੀਬਾੜੀ ਅਤੇ ਸਨਅੱਤ ਲਈ ਵਰਤਿਆ ਜਾਂਦਾ ਹੈ। ਬਾਕੀ ਦਾ ੪੦% ਪਾਣੀ ਪੀਣ ਅਤੇ ਹੋਰ ਘਰੇਲੂ ਜਰੂਰਤਾਂ ਲਈ ਵਰਤਿਆ ਜਾਂਦਾ ਹੈ। ਮੌਜੂਦਾ ਅੰਕੜਿਆਂ ਮੁਤਾਬਕ ਧਰਤੀ ‘ਤੇ ਰਹਿਣ ਵਾਲੇ ਲੋਕਾਂ ਵਿਚ ਹਰ ਦਸਾਂ ਵਿਅਕਤੀਆਂ ਵਿਚੋਂ ੨ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲਦਾ। ਪਾਣੀ ਦੇ ਇਸ ਸੰਕਟ ਨੂੰ ਦੇਖ ਕੇ ਸੰਯੁਕਤ ਰਾਸ਼ਟਰ ਨੇ ਆਲਮੀ ਚਿਤਾਵਨੀ ਦਿੱਤੀ ਹੈ ਕਿ ੨੦੪੦ ਤਕ ਪਾਣੀ ਦੀ ਏਨੀ ਕਿੱਲਤ ਹੋ ਜਾਵੇਗੀ ਕਿ ਹਰ ਚਾਰਾਂ ਵਿਚੋਂ ਇੱਕ ਬੱਚਾ ਪਿਆਸਾ ਰਹੇਗਾ।
ਭਾਰਤ ਦਾ ੭੦% ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ। ਵਧ ਰਹੀ ਅਬਾਦੀ ਲਈ ਪਾਣੀ ਕਿੱਥੋਂ ਆਵੇਗਾ ਕੋਈ ਨਹੀਂ ਜਾਣਦਾ। ਪੰਜ ਨਦੀਆਂ ਵਾਲਾ ਪੰਜਾਬ ਅੱਜ ਟਿਊਬਵੈਲਾਂ ਤੇ ਹੀ ਨਿਰਭਰ ਹੈ। ਭਾਰਤ ਸਰਕਾਰ ਵਲੋਂ ੬੫੮੪ ਬਲਾਕਾਂ ਵਿਚ ਜ਼ਮੀਨ ਦੋਜ਼ ਪਾਣੀ ਦੀ ਖੋਜ ਕੀਤੀ ਤਾਂ ਇਹਨਾ ਵਿਚ ੪੫੨੦ ਬਲਾਕ ਸੁਰੱਖਿਅਤ ਸਮਝੇ ਗਏ ਜਦ ਕਿ ੧੦੩੪ ਇਕਾਈਆਂ ਲੋੜ ਤੋਂ ਵੱਧ ਪਾਣੀ ਕੱਢ ਰਹੀਆਂ ਹਨ। ਇਸ ਸਬੰਧੀ ਦੁਖਦਾਇਕ ਗੱਲ ਇਹ ਹੈ ਕਿ ਪੰਜਾਬ ਦੀ ਦੁਰਵਰਤੋਂ ਵਿਚ ਪੰਜਾਬ ਦਾ ਦੇਸ਼ ਵਿਚ ਪਹਿਲਾ ਨੰਬਰ ਹੈ ਜੋ ਕਿ ੭੬% ਹੈ, ਜਦ ਕਿ ਰਾਜਸਥਾਨ ੬੬%, ਦਿੱਲੀ ੫੬% ਅਤੇ ਹਰਿਆਣਾ ੫੪% ਹੈ। ਸਰਕਾਰੀ ਸਰਵੇਖਣ ਅਨੁਸਾਰ ੨੫੩ ਬਲਾਕ ਗੰਭੀਰ ਸੰਕਟ ਵਿਚ ਅਤੇ ੬੮੧ ਬਲਾਕ ਅਰਧ ਸੰਕਟ ਵਿਚ ਹਨ। ਭਾਰਤ ਵਿਚ ਮੌਨਸੂਨ ਵਿਚ ਆ ਰਹੀ ਕਮੀ ਅਤੇ ਕੰਕਰੀਟ ਜੰਗਲ ਵਿਚ ਪਾਣੀ ਦਾ ਵਿਅਰਥ ਵਹਿ ਜਾਣਾ ਵੀ ਆਪਣੇ ਆਪ ਵਿਚ ਵੱਡੀ ਸਮੱਸਿਆ ਹੈ ਜਿਸ ਲਈ ਕੌਮੀ ਪੱਧਰ ‘ਤੇ ਵਧੇਰੇ ਦਰੱਖਤ ਲਾਉਣਾ ਅਤੇ ਵਿਅਰਥ ਜਾ ਰਹੇ ਪਾਣੀ ਦੀ ਸੰਭਾਲ ਜਰੂਰੀ ਹੈ। ਇਸ ਦੇ ਨਾਲ ਹੀ ਜੀਰੀ ਦੀ ਫਸਲ ਦੇ ਬਦਲ ਅਤੇ ਫੁਹਾਰਾ ਸਿੰਚਾਈ ਸਕੀਮਾਂ ਦੀ ਬਹਾਲੀ ਜ਼ਰੂਰੀ ਹੈ।

ਸਰਕਾਰੀ ਰਵੱਈਆ

ਪੰਜਾਬ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਚਾਹੀਦਾ ਸੀ ਕਿ ਪਾਣੀ ਦੇ ਮੁੱਦੇ ਨੂੰ ਪਹਿਲ ਦੇ ਕੇ ਵਿਗਿਆਨਕ ਖੋਜਾਂ, ਯੋਜਨਾਵਾਂ ਅਤੇ ਲੋੜੀਂਦੇ ਕਾਨੂੰਨ ਬਣਾ ਕੇ ਇਸ ਦੇ ਸੰਕਟ ਦੇ ਹੱਲ ਲਈ ਬਾਨਣੂ ਬੰਨ੍ਹੇ ਜਾਂਦੇ ਪਰ ਅਫਸੋਸ ਕਿ ਸਰਕਾਰਾਂ ਦੀ ਪਹਿਲ ਹਰ ਛੜਯੰਤਰ ਵਰਤ ਕੇ ਗੱਦੀ ਹਥਿਆਉਣੀ ਅਤੇ ਫਿਰ ਪੰਜ ਸਾਲ ਰਾਜ ਕਰਨਾ ਹੀ ਰਿਹਾ ਹੈ। ਭਾਜਪਾ ਸਰਕਾਰ ਨੇ ਗੰਗਾਂ ਦੀ ਸਫਾਈ ਦਾ ਮੁੱਦਾ ਜੇਕਰ ਚੁੱਕਿਆ ਵੀ ਤਾਂ ਧਾਰਮਕ ਮਨੌਤ ਨੂੰ ਬੜਾਵਾ ਦੇ ਕੇ ਵੋਟਾਂ ਹਥਿਆਉਣ ਲਈ ਸੀ ਜਦ ਕਿ ਸਾਰੀਆਂ ਨਦੀਆਂ ਅਤੇ ਦਰਿਆਵਾਂ ਵਿਚ ਪੈ ਰਹੇ ਸਨਅਤੀ ਗੰਦ ਨੂੰ ਕਨੂੰਨੀ ਤੌਰ ‘ਤੇ ਬੰਦ ਕਰਨਾ ਜਰੂਰੀ ਹੈ। ਪੰਜਾਬ ਸਰਕਾਰ ਨੇ ਨਹਿਰਾਂ ਨੂੰ ਪੱਕੀਆਂ ਕਰਕੇ ਸੂਏ ਬਣਾ ਦਿੱਤੇ ਪਰ ਉਹਨਾ ਵਿਚ ਪਾਣੀ ਕਦੀ ਨਹੀਂ ਛੱਡਿਆ ਅਤੇ ਕਈ ਨਹਿਰਾਂ ਵਿਚ ਤਾਂ ਹੁਣ ਦਰੱਖਤ ਉੱਗ ਆਏ ਹਨ ਅਤੇ ਕਈ ਨਹਿਰਾਂ ਗੰਦ ਨਾਲ ਲੱਥਪੱਥ ਹੋਈਆਂ ਪਈਆਂ ਹਨ। ਪ੍ਰਧਾਨ ਮੰਤਰੀ ਦੇ ਪ੍ਰੋਗ੍ਰਾਮ ‘ਮਨ ਕੀ ਬਾਤ’ ਵਿਚ ਇਸ ਵੇਰ ਪਾਣੀ ਦੇ ਮੁੱਦੇ ਨੂੰ ਪ੍ਰਮੁਖਤਾ ਨਾਲ ਵਿਚਾਰਿਆ ਗਿਆ ਹੈ ਜੋ ਕਿ ਚੰਗੀ ਗੱਲ ਹੈ। ਜਲ ਮਹਿਕਮਾ ਬਨਾਉਣਾ ਵੀ ਸ਼ਲਾਘਾ ਯੋਗ ਕਦਮ ਹੈ ਪਰ ਪਾਣੀ ਦੇ ਮੁੱਦੇ ਦੀ ਗੰਭੀਰਤਾ ਨੂੰ ਖਿਆਲ ਵਿਚ ਰੱਖਦਿਆਂ ਹੋਇਆਂ ਅਜੇ ਬੜਾ ਕੁਝ ਕਰਨਾ ਬਾਕੀ ਹੈ। ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਵਾਂਗ ਹੀ ਜਲ ਸੰਕਟ ਨੂੰ ਜਨਤਕ ਮੁਹਿੰਮ ਬਨਾਉਣ ਦੀ ਗੱਲ ਕੀਤੀ ਹੈ ਪਰ ‘ਸਵੱਛ ਭਾਰਤ’ ਦੀ ਜਨਤਕ ਮੁਹਿੰਮ ਦੇ ਅਸਰਦਾਇਕ ਨਤੀਜੇ ਤਾਂ ਨਜ਼ਰ ਨਹੀਂ ਆਏ। ਪੰਜਾਬ ਦੇ ਮੁਖ ਮੰਤਰੀ ਨੇ ਵੀ ਜਲ ਸੰਕਟ ਸਬੰਧੀ ਸਰਬ ਪਾਰਟੀ ਮੀਟਿੰਗ ਸੱਦ ਕੇ ਸੁਹਿਰਦਤਾ ਦਾ ਸਬੂਤ ਦਿੱਤਾ ਹੈ। ਕੈਪਟਨ ਨੇ ਮੁੱਖ ਵਧੀਕ ਸਕੱਤਰ ਵਿਸ਼ਵਾਜੀਤ ਦੀ ਅਗਵਾਈ ਵਿਚ ਇੱਕ ਕਮੇਟੀ ਗਠਿਤ ਕੀਤੀ ਹੈ ਜਿਸ ਵਿਚ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀ ਐਸ ਢਿੱਲੋਂ ਵੀ ਸ਼ਾਮਲ ਹਨ। ਮੁਖ ਮੰਤਰੀ ਦੀ ਇਸ ਵਿਚਾਰ ਚਰਚਾ ਵਿਚ ਬਿਆਸ ਮੈਨੇਜਮੈਂਟ ਬੋਰਡ, ਕਿਸਾਨ ਯੂਨੀਅਨ, ਪੰਜਾਬ ਪ੍ਰਦੂਸ਼ਣ ਬੋਰਡ, ਪੰਜਾਬ ਖੇਤੀਬਾੜੀ, ਮਹਾਂਰਾਸ਼ਟਰ ਜਲ ਸਰੋਤ ਰੈਗੂਲੇਟਰੀ ਅਥਾਰਟੀ ਅਤੇ ਪਾਵਰਕਾਮ ਦੇ ਮੁਖੀ ਸ਼ਾਮਲ ਸਨ ਜਦ ਕਿ ਇਜ਼ਰਾਈਲ ਤੋਂ ਜਲ ਮਾਹਰ ਨਵ ਪਿੰਟੋ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਪੰਜਾਬ ਸਰਕਾਰ ਅਤੇ ਸਬੰਧਤ ਸੰਸਥਾਵਾਂ ਵਲੋਂ ਭਵਿੱਖ ਵਿਚ ਅਮਲੀ ਤੌਰ ‘ਤੇ ਇਸ ਸਬੰਧੀ ਕੀ ਕੀਤਾ ਜਾਂਦਾ ਹੈ ਸਮਾਂ ਹੀ ਦੱਸੇਗਾ।

ਲੋਕ ਸੇਵੀ ਸੰਸਥਾਵਾਂ ਅਤੇ ਸੰਤ ਸਮਾਜ ਲਈ ਪਰਖ ਦੀ ਘੜੀ

ਪੰਜਾਬ ਵਿਚ ਜਲ ਸੰਕਟ ਕਿਓਂਕਿ ਜੀਣ ਮਰਨ ਦਾ ਮੁੱਦਾ ਬਣ ਗਿਆ ਹੈ ਇਸ ਕਰਕੇ ਸਮੂਹ ਪੰਜਾਬੀਆਂ, ਸਮਾਜ ਸੇਵੀ ਸੰਸਥਾਵਾਂ, ਸਮੂਹ ਬਾਬਿਆਂ ਅਤੇ ਡੇਰਿਆਂ ਨੂੰ ਸੇਵਾ ਦੇ ਇਸ ਮੈਦਾਨ ਵਿਚ ਕੁੱਦਣ ਦੀ ਲੋੜ ਹੈ। ਵਾਤਾਵਰਣ ਸਬੰਧੀ ਸੇਵਾ ਦੇ ਇਸ ਮਹਾਨ ਕਾਰਜ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਅਹਿਮ ਰੋਲ ਅਦਾ ਕੀਤਾ ਹੈ। ਹੁਣ ਤਕ ਸਿੱਖ ਧਰਮ ਨਾਲ ਸਬੰਧਤ ਬਾਬਿਆਂ ‘ਤੇ ਘਟੀਆ ਰਾਜਨੀਤੀ ਦੀ ਝੋਲੀ ਚੁੱਕਣ, ਸੰਗਮਰਮਰ ਜਾਂ ਸੋਨਾ ਲਾ ਕੇ ਇਤਹਾਸਕ ਸਿੱਖ ਨਿਸ਼ਾਨੀਆਂ ਨੂੰ ਨਸ਼ਟ ਕਰਨ ਅਤੇ ਭਰਾ ਮਾਰੂ ਜੰਗ ਵਿਚ ਬਲਦੀ ‘ਤੇ ਤੇਲ ਪਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ ਪਰ ਹੁਣ ਸਮਾਂ ਹੈ ਕਿ ਪੰਜਾਬ ਦੇ ਬਚਾਓ ਲਈ ਉਹ ਵੱਧ ਤੋਂ ਵੱਧ ਦਰੱਖਤ ਲਾਉਣ, ਵਾਤਾਵਰਣ ਸਬੰਧੀ ਸਾਹਿਤ ਵੰਡਣ ਅਤੇ ਪਾਣੀ ਦੀ ਬੱਚਤ ਬਾਰੇ ਪੰਜਾਬੀਆਂ ਨੂੰ ਜਾਗਰੂਕ ਕਰਕੇ ਸੰਗਤਾਂ ਵਿਚ ਆਪਣੇ ਗੁਆਚੇ ਸਤਕਾਰ ਨੂੰ ਬਹਾਲ ਕਰ ਸਕਦੇ ਹਨ।

Real Estate