ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਦੇ ਮੁਖੀ ਲਾਏ ਜਾਣ ਤੋਂ ਨਾਖੁਸ਼ ਅਧਿਕਾਰੀਆਂ ਨੂੰ ਕੈਪਟਨ ਦੀ ਚਿਤਾਵਨੀ

1268

ਪੁਲੀਸ ਦੇ ਉੱਚ ਅਧਿਕਾਰੀਆਂ ’ਚ ਅਨੁਸ਼ਾਸਨਹੀਣਤਾ ਵਿਰੁੱਧ ਤਿੱਖੀ ਚੇਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਹੜੇ ਪੁਲੀਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਦੇ ਮੁਖੀ ਲਾਏ ਜਾਣ ਤੋਂ ਨਾਖੁਸ਼ ਹਨ, ਉਹ ਖੁਸ਼ੀ-ਖੁਸ਼ੀ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਜਾ ਸਕਦੇ ਹਨ। ਸਿੱਧੂ ਦੀ ਨਿਯੁਕਤੀ ਸਬੰਧੀ ਬੇਚੈਨੀ ਬਾਰੇ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤ ਵਿਚ ਕਿਸੇ ਵੀ ਪੁਲੀਸ ਅਫਸਰ ਦਾ ਤਬਾਦਲਾ, ਤਾਇਨਾਤੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਜੇਕਰ ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਦੇ ਹੁਕਮਾਂ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਧਿਕਾਰੀ ਕੇਂਦਰ ਵਿਚ ਡੈਪੂਟੇਸ਼ਨ ’ਤੇ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੇ ਫ਼ੈਸਲੇ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦੇਣਗੇ। ਸਿੱਧੂ ਨੂੰ ਮੁੜ ਐੱਸਟੀਐੱਫ ਦਾ ਮੁਖੀ ਨਿਯੁਕਤ ਕਰਨ ਦਾ ਫ਼ੈਸਲਾ ਸੂਬੇ ਵਿਚ ਮੁੜ ਨਸ਼ਿਆਂ ਦਾ ਮੁੱਦਾ ਬਣਨ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਲਿਆ ਗਿਆ ਹੈ।
ਕੈਪਟਨ ਦੁਹਰਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਵਚਨਬੱਧ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਉਹ ਕੌਮੀ ਡਰੱਗ ਨੀਤੀ ਬਣਉਣ ਦੀ ਲੋੜ ’ਤੇ ਜ਼ੋਰ ਦੇ ਰਹੇ ਹਨ ਕਿਉਂਕਿ ਨਸ਼ਿਆਂ ਨੇ ਪੰਜਾਬ ਲਈ ਗੰਭੀਰ ਚਿੰਤਾ ਪੈਦਾ ਕੀਤੀ ਹੋਈ ਹੈ। ਨਸ਼ੇ ਨਾ ਕੇਵਲ ਭਾਰਤ-ਪਾਕਿ ਸਰਹੱਦ ਦੇ ਪਾਰੋਂ ਤਸਕਰੀ ਕਰਕੇ ਲਿਆਂਦੇ ਜਾ ਰਹੇ ਹਨ ਸਗੋਂ ਜੰਮੂ-ਕਸ਼ਮੀਰ ਅਤੇ ਗੁਜਰਾਤ ਵਰਗੇ ਹੋਰਨਾਂ ਸੂਬਿਆਂ ਤੋਂ ਵੀ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਸਿੱਧੂ ਦੀ ਮੁੜ ਨਿਯੁਕਤੀ ਬਾਰੇ ਕਿਸੇ ਤੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਇਹ ਫ਼ੈਸਲਾ ਸੂਬੇ ਦੇ ਵਡੇਰੇ ਹਿੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਪੈਦਾ ਕਰਨ ਵਾਲੇ ਲਈ ਕਿਸੇ ਵੀ ਅਧਿਕਾਰੀ ਲਈ ਪੁਲੀਸ ਵਿੱਚ ਕੋਈ ਵੀ ਥਾਂ ਨਹੀਂ ਹੈ।
ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਐੱਸਟੀਐੱਫ ਦਾ ਗਠਨ ਕੀਤਾ ਸੀ ਜਿਸ ਦੇ ਪਹਿਲੇ ਮੁਖੀ ਸਿੱਧੂ ਸਨ। ਸਿੱਧੂ ਦੀ ਅਗਵਾਈ ਹੇਠ ਐੱਸਟੀਐੱਫ ਨੇ ਨਸ਼ਿਆਂ ਨਾਲ ਨਿਪਟਣ ਲਈ ਵੱਡੀ ਪ੍ਰਗਤੀ ਕੀਤੀ ਸੀ ਪਰ ਉਨ੍ਹਾਂ ਦੇ ਕੁਝ ਪੁਲੀਸ ਅਧਿਕਾਰੀਆਂ ਨਾਲ ਮੱਤਭੇਦ ਹੋ ਗਏ ਸਨ ਤੇ ਉਨ੍ਹਾਂ ਨੂੰ ਐੱਸਟੀਐੱਫ ਦੇ ਮੁਖੀ ਦੇ ਅਹੁਦੇ ਤੋਂ ਬਦਲ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨਸ਼ੀਲੇ ਪਦਾਰਥਾਂ ਵਿਰੁਧ ਮੁਹਿੰਮ ਮੱਧਮ ਪੈ ਗਈ ਤੇ ਸੂਬੇ ਵਿੱਚ ਨਸ਼ੀਲੇ ਪਦਾਰਥ ਆਮ ਵਿਕਣ ਲੱਗ ਪਏ ਸਨ ਅਤੇ ਕਈ ਪਿੰਡਾਂ ਦੇ ਲੋਕਾਂ ਨੇ ਨਸ਼ੀਲੇ ਪਦਾਰਥ ਵੇਚਣ ਵਾਲਿਆ ਦੇ ਨਾਂ ਲਿਖ ਕੇ ਕੰਧਾਂ ’ਤੇ ਪੋਸਟਰ ਲਾ ਦਿੱਤੇ ਸਨ। ਮੁੱਖ ਮੰਤਰੀ ਦਫ਼ਤਰ ਅਤੇ ਖ਼ੁਦ ਮੁੱਖ ਮੰਤਰੀ ਨੇ ਇਨ੍ਹਾਂ ਰਿਪੋਰਟਾਂ ਵੱਲ ਕੰਨ ਹੀ ਨਹੀਂ ਕੀਤਾ। ਖ਼ਬਰਾਂ ਅਨੁਸਾਰ ਜਿਹੜੇ ਪੁਲੀਸ ਮੁਲਾਜ਼ਮ ਜਾਂ ਅਧਿਕਾਰੀ ਨਸ਼ਿਆਂ ਦੀ ਤਸਕਰੀ ਨਾਲ ਕਿਸੇ ਪੱਖ ਤੋਂ ਜੁੜੇ ਹੋਣਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਬਾਰੇ ਵੀ ਗੌਰ ਕੀਤਾ ਗਿਆ। ਇਸ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਫਿਰ ਸਖ਼ਤ ਮੁਹਿੰਮ ਚਲਾਈ ਜਾਵੇਗੀ।

Real Estate