ਮੰਤਰੀਆਂ ਦੇ ਸ਼ਹਿਰ ਡੁੱਬੇ

1147

ਪਟਿਆਲਾ ਵਿੱਚ ਘੱਗਰ ਦਰਿਆ ਸਮੇਤ ਹੋਰ ਨਦੀਆਂ-ਨਾਲਿਆਂ ਵਿੱਚ ਭਰੇ ਪਾਣੀ ਕਾਰਨ ਦੂਜੇ ਦਿਨ ਵੀ ਲੋਕਾਂ ਦੇ ਸਾਹ ਸੂਤੇ ਰਹੇ। ਸ਼ਾਹੀ ਸ਼ਹਿਰ ਦੇ ਕੋਲੋਂ ਲੰਘਦੀ ਪਟਿਆਲਾ ਨਦੀ ’ਚ ਸਾਢੇ ਦਸ ਫੁੱਟ ਤੱਕ ਪਾਣੀ ਆਉਣ ਕਾਰਨ ਪਟਿਆਲਾ ਦੀ ਗੋਪਾਲ ਕਲੋਨੀ ਤੇ ਅਰਾਈਮਾਜਰਾ ਵਿਚਲੇ ਤਿੰਨ ਸੌ ਘਰਾਂ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਗਿਆ। ਇਥੋਂ ਦੇ ਹਜ਼ਾਰਾਂ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਘੱਗਰ ਦਰਿਆ ਦੇ ਉੱਛਲ ਜਾਣ ਕਾਰਨ ਕਈ ਪਿੰਡਾਂ ਦੁਆਲੇ ਪਾਣੀ ਭਰਨ ਸਮੇਤ ਸੈਂਕੜੇ ਏਕੜ ਫ਼ਸਲ ਅਤੇ ਕਈ ਸੜਕਾਂ ਵੀ ਪਾਣੀ ਦੀ ਮਾਰ ਹੇਠ ਹਨ। ਟਾਂਗਰੀ ਅਤੇ ਮਾਰਕੰਡਾ ਵਿੱਚ ਪਾਣੀ ਖ਼ਤਰੇ ਦਾ ਨਿਸ਼ਾਨ ਟੱਪ ਚੁੱਕਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਜ ਨੂੰ ਚੌਕਸ ਕਰ ਦਿੱਤਾ ਹੈ, ਤਾਂ ਜੋ ਲੋੜ ਪੈਣ ’ਤੇ ਮਦਦ ਲਈ ਜਾ ਸਕੇ।ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਹੜ੍ਹਾਂ ਸਬੰਧੀ ਸਥਿਤੀ ਦੀ ਸਮੀਖਿਆ ਲਈ ਦੇਰ ਸ਼ਾਮ ਜ਼ਿਲ੍ਹੇ ਦੇ ਸਿਵਲ, ਪੁਲੀਸ ਅਤੇ ਫੌਜ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਉਨ੍ਹਾਂ ਫੌਜ ਦੇ ਅਧਿਕਾਰੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਫੌਜ ਦੀ ਮਦਦ ਵੀ ਲਈ ਜਾਵੇਗੀ। ਉਧਰ ਬਚਾਅ ਕਾਰਜਾਂ ਵਜੋਂ ਕਿਸ਼ਤੀਆਂ, ਗੋਤਾਖੋਰ ਟੀਮਾਂ, ਸਿਹਤ ਵਿਭਾਗ ਦੀਆਂ ਟੀਮਾਂ ਆਦਿ ਪ੍ਰ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਡੀਸੀ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਦਿਆਂ ਸਟੇਸ਼ਨ ਛੱਡਣ ਤੋਂ ਵਰਜ ਦਿੱਤਾ ਹੈ। ਉਨ੍ਹਾਂ ਪਾਣੀ ਦੇ ਵਹਾਅ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਹਦਾਇਤ ਕੀਤੀ। ਮੀਟਿੰਗ ਵਿਚ ਐਸਐਸਪੀ ਮਨਦੀਪ ਸਿੱਧੂ ਵੀ ਮੌਜੂਦ ਸਨ। ਡੀਸੀ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਸਰਾਲਾ ਹੈੱਡ ’ਤੇ ਅੱਜ ਵੱਡੇ ਤੜਕੇ ਸਾਢੇ ਸੋਲਾਂ ਫੁੱਟ ਤੱਕ ਪਾਣੀ ਚੜ੍ਹ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ ਵੀ ਅੱਧਾ ਫੁੱਟ ਉਪਰ ਸੀ। ਪਰ ਸ਼ਾਮੀਂ ਸੱਤ ਵਜੇ ਤੱਕ ਇਥੇ ਸਾਢੇ 15 ਫੁੱਟ ਤੱਕ ਪਾਣੀ ਵਗ ਰਿਹਾ ਸੀ। ਇਥੇ ਸਰਾਲਾ ਖੁਰਦ ਵਾਲੇ ਪਾਸੇ ਘੱਗਰ ’ਤੇ ਢੁਕਵਾਂ ਬੰਨ੍ਹ ਨਾ ਹੋਣ ਕਰਕੇ ਇਥੋਂ ਬਾਹਰ ਨਿਕਲ ਕੇ ਘੱਗਰ ਦਾ ਪਾਣੀ ਖੇਤਾਂ ਰਾਹੀਂ ਹੁੰਦਾ ਹੋਇਆ, ਪਿੰਡ ਸਰਾਲਾ ਦੇ ਕੁਝ ਨੀਵੇਂ ਘਰਾਂ ਵਿੱਚ ਜਾ ਵੜਿਆ ਤੇ ਫੇਰ ਦਰਜਨਾਂ ਹੀ ਖੇਤਾਂ ਵਿੱਚ ਵੀ ਪਾਣੀ ਭਰ ਗਿਆ।
ਦੇਰ ਸ਼ਾਮ ਤੱਕ ਜ਼ਿਲ੍ਹੇ ਦੀ ਸੈਂਕੜੇ ਏਕੜ ਫਸਲ ਡੁੱਬੀ ਹੋਈ ਸੀ। ਸ਼ਾਹੀ ਸ਼ਹਿਰ ਵਿਚੋਂ ਲੰਘਦੀ ਪਟਿਆਲਾ ਦੀ ਵੱਡੀ ਨਦੀ ਵਿੱਚ ਦੇਰ ਸ਼ਾਮੀਂ ਸਾਢੇ ਦਸ ਫੁੱਟ ਪਾਣੀ ਸੀ ਤੇ ਇਥੇ ਖ਼ਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ। ਹੜ੍ਹ ਦੇ ਖਤਰੇ ਕਰਕੇ ਲੋਕ ਸਹਿਮੇ ਹੋਏ ਹਨ। ਜ਼ਿਲ੍ਹੇ ਦੇ ਦੇਵੀਗੜ੍ਹ ਖੇਤਰ ਵਿੱਚੋਂ ਲੰਘਦੀ ਟਾਂਗਰੀ ਨਦੀ ’ਚ ਖ਼ਤਰੇ ਦਾ ਨਿਸ਼ਾਨ 12 ਫੁੱਟ ’ਤੇ ਹੈ, ਪਰ ਸ਼ਾਮ ਤੱਕ ਇਥੇ 14 ਫੁੱਟ ਤੱਕ ਪਾਣੀ ਚੱਲ ਰਿਹਾ ਸੀ। ਵੀਹ ਫੁੱਟ ਦੇ ਖ਼ਤਰੇ ਦੇ ਨਿਸ਼ਾਨ ਵਾਲ਼ੇ ਮਾਰਕੰਡੇ ਵਿਚ ਪਾਣੀ ਦਾ ਪੱਧਰ ਵੀ ਖ਼ਤਰੇ ਦੇ ਨਿਸ਼ਾਨ ਦੇ ਬਰਾਬਰ ਸੀ। ਪੰਝੀਦਰੇ ਵਿਚ ਨੌਂ ਫੁੱਟ ਪਾਣੀ ਚੱਲ ਰਿਹਾ ਹੈ, ਜਿੱਥੇ ਖ਼ਤਰੇ ਦਾ ਨਿਸ਼ਾਨ 15 ਫੁੱਟ ’ਤੇ ਹੈ।
ਬਠਿੰਡਾ ਦੇ ਲੋਕਾਂ ਨੂੰ ਪਏ ਪਹਿਲੇ ਭਰਵੇਂ ਮੀਂਹ ਦਾ ਪਾਣੀ ਝੱਲਣਾ ਔਖਾ ਹੋ ਗਿਆ। ਇਸ ਮੀਂਹ ਨਾਲ ਬਠਿੰਡਾ ਸ਼ਹਿਰ ’ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਐੱਨਡੀਆਰਐੱਫ ਨੂੰ ਚੌਕਸ ਰਹਿਣ ਦਾ ਸੁਨੇਹਾ ਦਿੱਤਾ ਹੈ। ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਾਲੇ ਘਰਾਂ ’ਚ ਵੀ ਪਾਣੀ ਵੜ ਗਿਆ ਹੈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ 14 ਸਾਲ ਪਹਿਲਾਂ ਅੱਜ ਦੇ ਦਿਨ ਹੀ 106 ਮਿਲੀਮੀਟਰ ਮੀਂਹ ਪਿਆ ਸੀ। ਅੱਜ ਸਵੇਰੇ ਸਾਢੇ ਤਿੰਨ ਵਜੇ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ 130 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਤੇ ਉਸ ਮਗਰੋਂ ਦੁਪਹਿਰ ਤੱਕ 31।5 ਮਿਲੀਮੀਟਰ ਮੀਂਹ ਹੋਰ ਪਿਆ। ਇਸ ਮੀਂਹ ਨੇ ਹੁਣ ਕਿਸਾਨਾਂ ਦੇ ਵੀ ਹੱਥ ਖੜ੍ਹੇ ਕਰਵਾ ਦਿੱਤੇ ਹਨ। ਨਰਮੇ ਤੇ ਝੋਨੇ ਵਾਲੇ ਖੇਤਾਂ ’ਚ ਪਾਣੀ ਨਹੀਂ ਰੁਕ ਰਿਹਾ।ਸ਼ਹਿਰ ’ਚ ਪਾਵਰ ਹਾਊਸ ਰੋਡ, ਲਾਈਨੋਂ ਪਾਰ ਖੇਤਰ, ਸਿਰਕੀ ਬਾਜ਼ਾਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਨਵੀਂ ਬਸਤੀ, ਮਿਨੀ ਸਕੱਤਰੇਤ ਤੋਂ ਇਲਾਵਾ ਹੋਰ ਵੱਡੀ ਗਿਣਤੀ ਮੁਹੱਲਿਆਂ ’ਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਸੈਸ਼ਨ ਹਾਊਸ ’ਚ ਵੀ ਕਈ ਫੁੱਟ ਪਾਣੀ ਖੜ੍ਹ ਗਿਆ ਤੇ ਮੁਲਾਜ਼ਮਾਂ ਨੇ ਭਾਰੀ ਮੁਸ਼ੱਕਤ ਕਰਦਿਆਂ ਕਿਸ਼ਤੀ ਰਾਹੀਂ ਸਾਮਾਨ ਬਾਹਰ ਕੱਢਿਆ। ਬਠਿੰਡਾ ਰੇਂਜ ਦੇ ਆਈ।ਜੀ ਐੱਮ ਐੱਫ ਫਾਰੂਕੀ ਦੀ ਰਿਹਾਇਸ਼ ਵਿੱਚ 5 ਤੋਂ 6 ਫੁੱਟ ਪਾਣੀ ਭਰ ਗਿਆ ਇਸ ਤੋਂ ਇਲਾਵਾ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਡੀਸੀ ਅਤੇ ਐੱਸਐੱਸਪੀ ਦੀ ਰਿਹਾਇਸ਼ ਦੇ ਮੁੱਖ ਗੇਟ ਵੀ 5-5 ਫੁੱਟ ਪਾਣੀ ’ਚ ਡੁੱਬੇ ਹੋਏ ਸਨ।

Real Estate