ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਲਾਂਘਾ ਖੋਲ੍ਹਿਆ

1504

ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਸਾਰੀਆਂ ਸਿਵਲ ਉਡਾਣਾਂ ਲਈ ਖੋਲ੍ਹ ਦਿੱਤਾ। ਹਵਾਈ ਲਾਂਘਾ ਖੁੱਲ੍ਹਣ ਨਾਲ ਹੁਣ ਭਾਰਤ ਤੇ ਪਾਕਿਸਤਾਨ ਦਰਮਿਆਨ ਹਵਾਈ ਆਵਾਜਾਈ ਆਮ ਵਾਂਗ ਚੱਲ ਸਕੇਗੀ। ਭਾਰਤੀ ਹਵਾਈ ਫ਼ੌਜ (ਆਈਏਐੱਫ਼) ਵੱਲੋਂ 26 ਫਰਵਰੀ ਨੂੰ ਬਾਲਾਕੋਟ ਵਿੱਚ ਕੀਤੇ ਹਵਾਈ ਹਮਲਿਆਂ ਮਗਰੋਂ ਪਾਕਿਸਤਾਨ ਦਾ ਹਵਾਈ ਖੇਤਰ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਬੰਦ ਪਿਆ ਸੀ। ਗੁਆਂਢੀ ਮੁਲਕ ਦੀ ਇਸ ਪੇਸ਼ਕਦਮੀ ਤੋਂ ਫ਼ੌਰੀ ਮਗਰੋਂ ਭਾਰਤ ਨੇ ਵੀ ‘ਸੋਧਿਆ ਨੋਟਮ’ ਜਾਰੀ ਕੀਤਾ। ਭਾਰਤ ਨੇ ਮਗਰੋਂ ਐਲਾਨ ਕੀਤਾ ਕਿ ਦੋਵਾਂ ਮੁਲਕਾਂ ਵਿਚਾਲੇ ਹਵਾਈ ਆਵਾਜਾਈ ਆਮ ਵਾਂਗ ਬਹਾਲ ਹੋ ਗਈ ਹੈ। ਇਸ ਐਲਾਨ ਤੋਂ ਘੰਟਿਆਂ ਕੁ ਮਗਰੋਂ ਭਾਰਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਉਡਾਣਾਂ ਨੇ ਨੇੜਲੇ ਹਵਾਈ ਰੂਟਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਪੇਸ਼ਕਦਮੀ ਨਾਲ ਏਅਰਲਾਈਨਾਂ ਤੇ ਹਵਾਈ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੀ ਹੈ। ਮੰਤਰਾਲੇ ਨੇ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ, ‘ਪਾਕਿਸਤਾਨ ਤੇ ਭਾਰਤ ਵੱਲੋਂ ਅੱਜ ਵੱਡੇ ਤੜਕੇ ਨੋਟਮ ਰੱਦ ਕਰਨ ਸਬੰਧੀ ਹੁਕਮਾਂ ਮਗਰੋਂ ਦੋਵਾਂ ਮੁਲਕਾਂ ਦੇ ਹਵਾਈ ਖੇਤਰਾਂ ’ਤੇ ਲੱਗੀ ਪਾਬੰਦੀ ਹਟੀ। ਨੇੜਲੇ ਹਵਾਈ ਰੂਟਾਂ ਤੋਂ ਉਡਾਣਾਂ ਦੀ ਆਵਾਜਾਈ ਸ਼ੁਰੂ। ਏਅਰਲਾਈਨਾਂ ਲਈ ਵੱਡੀ ਰਾਹਤ।’ ਕਾਬਿਲੇਗੌਰ ਹੈ ਕਿ ਪਾਕਿਸਤਾਨ ਦਾ ਹਵਾਈ ਲਾਂਘਾ ਬੰਦ ਰਹਿਣ ਕਰਕੇ ਏਅਰ ਇੰਡੀਆ ਨੂੰ ਲੰਮਾ ਰੂਟ ਲੈਣ ਕਰਕੇ 491 ਕਰੋੜ ਰੁਪਏ ਦਾ ਵੱਡਾ ਵਿੱਤੀ ਘਾਟਾ ਝੱਲਣਾ ਪਿਆ ਹੈ। ਪਾਕਿਸਤਾਨ ਨੇ 26 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਹਮਲੇ ਮਗਰੋਂ ਆਪਣਾ ਹਵਾਈ ਖੇਤਰ ਸਿਵਲ ਉਡਾਣਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਹਾਲਾਂਕਿ ਪਾਕਿਸਤਾਨ ਨੇ ਇਸ ਦੌਰਾਨ ਆਪਣੇ 11 ਰੂਟਾਂ ’ਚੋਂ ਦੋ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ, ਪਰ ਇਹ ਦੋਵੇਂ ਰੂਟ ਮੁਲਕ ਦੇ ਦੱਖਣੀ ਖੇਤਰ ਉਪਰੋਂ ਦੀ ਲੰਘਦੇ ਸੀ। ਉਧਰ ਭਾਰਤ ਨੇ ਵੀ ਬਾਲਾਕੋਟ ਹਮਲਿਆਂ ਮਗਰੋਂ ਆਪਣੇ ਹਵਾਈ ਖੇਤਰ ’ਤੇ ਲੱਗੀ ਆਰਜ਼ੀ ਪਾਬੰਦੀ 31 ਮਈ ਨੂੰ ਖ਼ਤਮ ਕਰ ਦਿੱਤੀ ਸੀ। ਪਾਬੰਦੀ ਹਟਣ ਮਗਰੋਂ ਸਾਂ ਫਰਾਂਸਿਸਕੋ ਤੋਂ ਭਾਰਤ ਆ ਰਹੀ ਏਅਰ ਇੰਡੀਆ ਦੀਆਂ ਦੋ ਉਡਾਣਾਂ ਏਆਈ 184 ਤੇ ਏਆਈ 784 ਨੇ ਸਭ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਖੇਤਰ ਦੀ ਵਰਤੋਂ ਕੀਤੀ। ਏਆਈ 184 ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਸਵੇਰੇ ਸੱਤ ਵਜੇ ਦੇ ਕਰੀਬ ਲੈਂਡਿੰਗ ਕੀਤੀ।

Real Estate