ਸਿਮਰਜੀਤ ਬੈਂਸ ਨੇ ਸੁ਼ਰੂ ਕੀਤਾ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ : ਸਿੱਧੂ ਨੂੰ ਵੀ ਸੱਦਿਆ ਆਪਣੀ ਪਾਰਟੀ ‘ਚ

1281

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਉਂਦੇ 10 ਦਿਨਾਂ ਦੌਰਾਨ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜਾ ਕੇ ਲੋਕਾਂ ਨੂੰ ਇਸ ਤੋਂ ਜਾਣੂੰ ਕਰਾਉਣਗੇ ਅਤੇ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਪਾਣੀ ਦੀ ਕੀਮਤ ਵਸੂਲਣ ਲਈ ਪੰਜਾਬ ਦੇ 21 ਲੱਖ ਲੋਕਾਂ ਦੇ ਦਸਤਖ਼ਤ ਕਰਵਾ ਕੇ ਪਟੀਸ਼ਨ, ਵਿਧਾਨ ਸਭਾ ਪਟੀਸ਼ਨ ਕਮੇਟੀ ‘ਚ ਪੇਸ਼ ਕਰਨਗੇ। ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਨੂੰ ਭੇਜੇ ਗਏ ਅਸਤੀਫ਼ੇ ਨੂੰ ਅਧੂਰਾ ਦੱਸਦਿਆਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਤੋਂ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਸਿੱਧੂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਨਾਲ ਆਉਣ ਅਤੇ ਉਹ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਸੂਬੇ ‘ਚ ਲੋਕਾਂ ਸਾਹਮਣੇ ਪੇਸ਼ ਕਰਨਗੇ। ਬੈਂਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਰੇਤ ਮਾਫ਼ੀਆ, ਕੇਬਲ ਮਾਫ਼ੀਆ ਅਤੇ ਸਥਾਨਕ ਸਰਕਾਰਾਂ ਵਿਭਾਗ ‘ਚ ਹੁੰਦੇ ਘਪਲੇ ਉਜਾਗਰ ਕੀਤੇ ਗਏ ਪਰ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਹੁਣ ਹੋਰ ਜ਼ਲੀਲ ਨਹੀਂ ਹੋਣਾ ਚਾਹੀਦਾ ਅਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

Real Estate