ਫੌਜਿ-ਏ-ਬੇਕਵਾਇਦ

1596

ਗੁਰਪ੍ਰੀਤ ਸਿੰਘ ਸਹੋਤਾ
ਨਿਤਾਣਿਆਂ-ਮਜ਼ਲੂਮਾਂ ਨਾਲ ਖੜ੍ਹਨ ਅਤੇ ਜ਼ਾਲਮਾਂ-ਦੁਸ਼ਟਾਂ ਨਾਲ ਸ਼ਬਦੀ-ਜੰਗ ਲੜਨ ਵਾਲਿਆਂ ਦੀ ਵੀ ਫੇਸਬੁੱਕ ‘ਤੇ ਵੱਡੀ ਗਿਣਤੀ ਹੈ। ਪੰਜਾਬ ਅਤੇ ਕੌਮ ਦੀ ਚਿੰਤਾ ਇਨ੍ਹਾਂ ਦੀਆਂ ਪੋਸਟਾਂ ਅਤੇ ਕੁਮੈਂਟਾਂ ‘ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੁੰਦੀ ਹੈ। ਇਹ ਜਿੰਨੇ ਜੋਗੇ ਹਨ, ਤਰਕ ਅਤੇ ਦਲੀਲ ਨਾਲ ਗੱਲ ਕਰਕੇ ਕੌਮੀ ਹਿਤਾਂ ਦੀ ਗੱਲ ਕਰਦੇ ਰਹਿੰਦੇ ਹਨ। ਇਹ ਮਾਡਰਨ ਫੌਜਿ-ਏ-ਬੇਕਵਾਇਦ ਹੈ। ਅਕਾਲੀ ਫੂਲਾ ਸਿੰਘ ਦੀ ਫੌਜ ਦਾ ਨਾਂ ਫੌਜਿ-ਏ-ਬੇਕਵਾਇਦ ਸੀ। ਇਹ ਸਿਰਲੱਥ ਯੋਧੇ ਗੈਰਤ ਨਾਲ ਭਰੇ, ਕਿਸੇ ਦੀ ਈਨ ਨਹੀਂ ਸੀ ਮੰਨਦੇ, ਨਿਤਾਣਿਆਂ-ਮਜ਼ਲੂਮਾਂ ਨਾਲ ਖੜ੍ਹਦੇ ਸੀ ਤੇ ਜ਼ਾਲਮਾਂ-ਦੁਸ਼ਟਾਂ ਦੇ ਆਹੂ ਲਾਹੁੰਦੇ ਸੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਨੂੰ ਉਸ ਦੀ ਫੌਜ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਕਿ ਤੁਹਾਨੂੰ ਤਨਖਾਹ ਵੀ ਚੋਖੀ ਦਿਆਂਗਾ। ਤਾਂ ਅੱਗੋਂ ਅਕਾਲੀ ਫੂਲਾ ਸਿੰਘ ਦਾ ਜਵਾਬ ਸੀ ਇਹ ਫੌਜਿ-ਏ-ਬੇਕਵਾਇਦ ਆ, ਸਾਨੂੰ ਤੜੀ-ਤਨਖਾਹ ਦੀ ਲੋੜ ਨਹੀਂ, ਨਾ ਅਸੀਂ ਤੇਰੇ ਫੌਜੀ ਕਨੂੰਨ ਮੰਨ ਕੇ ਜੰਗੀ ਮਸ਼ਕਾਂ ਆਦਿ ਕਰ ਸਕਦੇ ਹਾਂ, ਅਸੀਂ ਕਿਸੇ ਦੇ ਹੁਕਮ ਦੇ ਪਾਬੰਦ ਨਹੀਂ, ਹਾਂ ਜੇ ਤੈਨੂੰ ਲੋੜ ਪਈ ਦੱਸ ਦੇਈਂ, ਤੇਰੇ ਨਾਲੋਂ ਵੀ ਅੱਗੇ ਹੋ ਕੇ ਖਾਲਸਾ ਰਾਜ ਲਈ ਲੜਾਂਗੇ। ਇਹੀ ਕੁਝ ਮੈਂ ਫੇਸਬੁੱਕ ‘ਤੇ ਦੇਖਦਾਂ ਕਿ ਅਨੇਕਾਂ ਯੋਧੇ ਪੰਥ ਦੀ ਚੜ੍ਹਦੀ ਕਲਾ ਲਈ ਸਾਰਾ ਦਿਨ ਪੰਥ ਦੋਖੀਆਂ ਨਾਲ ਮੱਥਾ ਮਾਰਦੇ ਰਹਿੰਦੇ ਹਨ, ਨਾ ਇਨ੍ਹਾਂ ਦਾ ਕੋਈ ਧੜਾ ਹੈ, ਨਾ ਜਥੇਬੰਦੀ, ਨਾ ਕਿਸੇ ਆਗੂ ਦੇ ਅਸੂਲ ਦੇ ਪਾਬੰਦ ਹਨ, ਬੱਸ ਫੌਜਿ-ਏ-ਬੇਕਵਾਇਦ ਵਾਂਗ ਦੱਬੀ ਤੁਰੇ ਆਉਂਦੇ ਹਨ। ਮਸਲਾ ਬਦਲ ਜਾਂਦਾ ਪਰ ਇਨ੍ਹਾਂ ਦੀ ਕੌਮ ਪ੍ਰਤੀ ਵਫਾਦਾਰੀ ਨਹੀਂ ਬਦਲਦੀ।

Real Estate