ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਫਾਰ ਜਸਟਿਸ ’ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨਾਂ ਕਿਹਾ ਕਿ ਆਈ ਐਸ ਆਈ ਦਾ ਸਮਰਥਨ ਪ੍ਰਾਪਤ ਇਸ ਸੰਗਠਨ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਕਰਨ ਪ੍ਰਤੀ ਇਹ ਇੱਕ ਪਹਿਲਾ ਕਦਮ ਹੈ। ਕੈਪਟਨ ਨੇ ਕਿਹਾ ਕਿ ਭਾਵੇਂ ਇਸ ਸੰਗਠਨ ਨਾਲ ਇੱਕ ਅੱਤਵਾਦੀ ਸੰਗਠਨ ਵਜੋਂ ਸਲੂਕ ਕੀਤੇ ਜਾਣ ਦੀ ਜ਼ਰੂਰਤ ਹੈ । ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਖਿਰਕਾਰ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ ਜਿਸ ਨੇ ‘ਸਿਖ ਰਾਏਸ਼ੁਮਾਰੀ 2020 ’ ਬਾਰੇ ਸਾਜਸ਼ੀ ਮੁਹਿੰਮ ਪਾਕਿਸਤਾਨ ਦੀ ਆਈ।ਐਸ।ਆਈ ਦੇ ਸਮਰਥਨ ਨਾਲ ਚਲਾਈ ਹੈ। ਇਸ ਨੂੰ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਉਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਐਸ।ਐਫ।ਜੇ। ਅਤੇ ਇਸ ਨਾਲ ਸਬੰਧਤਾਂ ਵਿਰੁੱਧ ਜ਼ੋਰਦਾਰ ਹਮਲਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਰਗਰਮੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਆਪ ਵਿਧਾਇਕ ਅਮਨ ਅਰੋੜਾ ਨੇ ਵੀ ਕੀਤਾ ਸਵਾਗਤ
ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਸਿੱਖ ਫਾਰ ਜਸਟਿਸ ਉੱਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਅਰੋੜਾ ਨੇ ਕਿਹਾ ਕਿ ਇਹ ਤਾਂ ਜੱਗ ਜ਼ਾਹਿਰ ਹੈ ਕਿ ਸਿੱਖ ਫਾਰ ਜਸਟਿਸ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਇਸ਼ਾਰਿਆਂ ਤੇ ਕੰਮ ਕਰਦਿਆਂ ਭਾਰਤ ਵਿੱਚ ਅਸਥਿਰਤਾ ਫੈਲਾਉਣ ਦੇ ਇਰਾਦੇ ਰੱਖਦੀ ਹੈ। ਉਨ੍ਹਾਂ ਕਿਹਾ ਕਿ ਐੱਸ ਜੇ ਐੱਫ ਅਤੇ ਉਸ ਦੀਆ ਹੋਰ ਸਹਿਯੋਗੀ ਸੰਸਥਾਵਾਂ ਭਾਰਤ ਅਤੇ ਖਾਸ ਕਰਕੇ ਪੰਜਾਬ ਸੂਬੇ ਵਿੱਚ ਗਲਤ ਅਨਸਰਾਂ ਰਾਹੀਂ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਸਮਿਆਂ ਵਿੱਚ ਐੱਸ ਐੱਫ ਜੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਅਤੇ ਪੰਜਾਬ ਸੂਬੇ ਤੋਂ ਆਜ਼ਾਦੀ ਦੇ ਨਾਂ ਤੇ ਰਿਫਰੈਂਡਮ 2020 ਦੇ ਬੈਨਰ ਹੇਠ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਇਸ ਦਾ ਭਾਰੀ ਖ਼ਦਸ਼ਾ ਸੀ ਕਿ ਪੰਜਾਬ ਦਾ ਬੇਰੁਜ਼ਗਾਰ ਨੌਜਵਾਨ ਐੱਸ ਐੱਫ ਜੇ ਦੀਆਂ ਪੰਜਾਬ ਵਿਰੋਧੀ ਚਾਲਾਂ ਵਿੱਚ ਆ ਕੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਅੰਜਾਮ ਦੇ ਸਕਦਾ ਸੀ।