ਪੰਜਾਬ ਵਿੱਚ ਵੀ ਕਾਂਗਰਸੀਆਂ ਦਾ ਅਸਤੀਫ਼ਾ ਨਾਟਕ !

1121

ਫ਼ਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅੱਜ ਕੁਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਵਜੋਂ ਅਸਤੀਫ਼ਾ ਦੇ ਦਿੱਤਾ। ਨਾਗਰਾ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਪ੍ਰਧਾਨਗੀ ਛੱਡਣ ਦੇ ਫੈਸਲੇ ਨਾਲ ‘ਨਿੱਜੀ ਤੌਰ ’ਤੇ ਅਸਰਅੰਦਾਜ਼’ ਹੋਇਆ ਹੈ। ਸ੍ਰੀ ਨਾਗਰਾ ਆਪਣੇ ਇਸ ਫੈਸਲੇ ਨਾਲ ਜਯੋਤਿਰਦਿਤਿਆ ਸਿੰਧੀਆ, ਸਚਿਨ ਪਾਇਲਟ, ਮਿਲਿੰਦ ਦਿਓੜਾ ਜਿਹੇ ਆਗੂਆਂ ਦੀ ਫਹਿਰਿਸਤ ਵਿਚ ਸ਼ਾਮਲ ਹੋ ਗਏ ਹਨ, ਜੋ ਪਾਰਟੀ ਪ੍ਰਧਾਨ ਦੇ ਨਕਸ਼ੇ ਕਦਮ ’ਤੇ ਚਲਦਿਆਂ ਅਹੁਦਿਆਂ ਤੋਂ ਅਸਤੀਫੇ ਦੇ ਚੁੱਕੇ ਹਨ। ਨਾਗਰਾ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ, ‘ਏਆਈਸੀਸੀ ਦੇ ਪ੍ਰਧਾਨ ਵਜੋਂ ਅੱਗੇ ਕੰਮ ਨਾ ਕਰਨ ਦੇ ਤੁਹਾਡੇ ਫੈਸਲੇ ਨਾਲ ਮੈਨੂੰ ਨਿੱਜੀ ਤੌਰ ’ਤੇ ਅਸਰਅੰਦਾਜ਼ ਹੋਇਆ ਹਾਂ। …ਮੈਂ ਇਹ ਮੰਨਦਾ ਹਾਂ ਕਿ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਲਈ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਤੁਹਾਡਾ ਇਹ ਫੈਸਲਾ ਮੈਨੂੰ ਏਆਈਸੀਸੀ ਸਕੱਤਰ ਵਜੋਂ ਅੱਗੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਮੈਂ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਵਜੋਂ ਆਪਣਾ ਅਸਤੀਫ਼ਾ ਦਿੰਦਾ ਹਾਂ।’ ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ 3 ਜੁਲਾਈ ਨੂੰ ਰਸਮੀ ਤੌਰ ’ਤੇ ਕਾਂਗਰਸ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਾਂਗਰਸ ਪ੍ਰਧਾਨ ਵਜੋਂ ਕਿਸੇ ਨੌਜਵਾਨ ਚਿਹਰੇ ਨੂੰ ਲਿਆਉਣ ਦੀ ਪੈਰਵੀ ਕੀਤੀ ਸੀ।

Real Estate