ਸਿੱਧੂ ਖਿਲਾਫ਼ ਭਾਜਪਾਈਆਂ ਦੀ ਰਾਜਪਾਲ ਨੂੰ ਸ਼ਿਕਾਇਤ

979

ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਤਰੁਣ ਚੁੱਘ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਕੀਤੀ ਹੈ। ਤਰੁਣ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸੰਵਿਧਾਨਕ ਸੰਕਟ ਚੱਲ ਰਿਹਾ ਹੈ। ਤਰੁਣ ਮੁਤਾਬਕ ਹੁਣ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਮੰਤਰਾਲੇ ਦਾ ਕਾਰਜਭਾਰ ਹੀ ਨਹੀਂ ਸੰਭਾਲਿਆ। ਉਹ ਲੰਮੇ ਸਮੇਂ ਤੋਂ ਗ਼ੈਰ–ਹਾਜ਼ਰ ਚੱਲ ਰਹੇ ਹਨ, ‘ਭਾਵੇਂ ਉਹ ਆਪਣੇ ਮੰਤਰੀ ਦੇ ਅਹੁਦੇ ਦੀ ਤਨਖ਼ਾਹ ਲਗਾਤਾਰ ਲੈ ਰਹੇ ਹਨ।’ ਤਰੁਣ ਦਾ ਕਹਿਣਾ ਹੈ ਕਿ ਇਹ ਵਿਵਾਦ ਦਰਅਸਲ, ਨਵਜੋਤ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਹੈ; ਜੋ ਹੁਣ ਸੰਵਿਧਾਨਕ ਸੰਕਟ ਦਾ ਰੂਪ ਅਖ਼ਤਿਆਰ ਕਰ ਚੁੱਕਾ ਹੈ। ਭਾਜਪਾ ਆਗੂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਦੇ ਹਿਤ ਵਿੱਚ ਕੋਈ ਫ਼ੈਸਲਾ ਲੈਣ। ਜੇ ਸਿੱਧੂ ਬਿਜਲੀ ਮੰਤਰਾਲੇ ਦਾ ਕਾਰਜਭਾਰ ਨਹੀਂ ਸੰਭਾਲਣਾ ਚਾਹੁੰਦੇ, ਤਾਂ ਕਿਸੇ ਹੋਰ ਨੂੰ ਉਸ ਥਾਂ ਨਿਯੁਕਤ ਕਰਨਾ ਚਾਹੀਦਾ ਹੈ। ਤਰੁਣ ਨੇ ਕਿਹਾ ਹੈ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਸਰਕਾਰੀ ਖ਼ਜ਼ਾਨੇ ’ਚੋਂ ਤਨਖ਼ਾਹ ਤਾਂ ਲੈ ਰਹੇ ਹਨ ਪਰ ਕੰਮ ਨਹੀਂ ਕਰ ਰਹੇ; ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਤਾਂ ਬਣਦੀ ਹੈ।

Real Estate