ਵਿਦਿਆਰਥੀ ਨੂੰ ਕਰਜ਼ੇ ਦੀ ਮਾਰ ਤੋਂ ਉਭਰਨ ਲਈ ਨੌਜਵਾਨ ਨੂੰ ਦਿੱਤਾ ਸਾਲ ਦਾ ਵੀਜ਼ਾ

ਔਕਲੈਂਡ 8 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੇ ਵਿਚ ਕਰਜ਼ੇ ਦੀ ਮਾਰ ਹੇਠ ਦੱਬੇ ਲੋਕਾਂ ਦੀ ਸਾਰ ਨਾ ਲੈ ਕੇ ਸਰਕਾਰ ਭਾਵੇਂ ਪੱਥਰ ਦਿਲ ਹੋ ਜਾਵੇ ਪਰ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਦਾ ਦਿਲ ਇਕ ਭਾਰਤੀ ਦੇ ਕਰਜ਼ੇ ਨੂੰ ਲੈ ਕੇ ਜਰੂਰ ਨਰਮ ਦਿਲ ਹੋ ਗਿਆ ਹੈ। ਇਕ 27 ਸਾਲਾ ਭਾਰਤੀ ਵਿਦਿਆਰਥੀ 2012 ਦੇ ਵਿਚ ਇਥੇ ਪੜ੍ਹਾਈ ਲਈ ਉਡਾਰੀ ਮਾਰ ਆਇਆ ਸੀ ਪਰ ਉਸ ਵੇਲੇ ਉਸਦਾ ਪਿਤਾ 20,000 ਡਾਲਰ ਦੇ ਕਰਜ਼ੇ ਹੇਠਾਂ ਜਰੂਰ ਦੱਬ ਗਿਆ ਸੀ। ਕਰਜ਼ੇ ਦੀ ਭਰਪਾਈ ਲਈ ਇਸ ਮੁੰਡੇ ਦੇ ਘਰਦਿਆਂ ਨੂੰ ਭਾਰਤ ਦੇ ਵਿਚ ਡਰਾਇਆ ਧਮਕਾਇਆ ਜਾਣ ਲੱਗਾ, ਕੁੱਟ ਮਾਰ ਹੋਈ ਇਥੋਂ ਤੱਕ ਕਹਿ ਦਿੱਤਾ ਕਿ ਇਸ ਮੁੰਡੇ ਦੀ ਭੈਣ ਨੂੰ ਅਗਵਾ ਕਰਕੇ ਗਲਤ ਹਰਕਤ ਕੀਤੀ ਜਾਵੇਗੀ। ਲਏ ਗਏ ਕਰਜ਼ੇ ਉਤੇ ਬਹੁਤ ਸਾਰਾ ਵਿਆਜ ਵਸੂਲਿਆ ਗਿਆ। ਇਹ ਮੁੰਡਾ ਬਹੁਤ ਹੀ ਔਖੇ ਸਮੇਂ ਦੇ ਵਿਚ ਆ ਗਿਆ। ਉਸਦੇ ਪਰਿਵਾਰ ਵਾਲੇ ਦੁਖੀ ਹੋ ਗਏ ਅਤੇ ਦੂਜੇ ਪਾਸੇ ਨਿਊਜ਼ੀਲੈਂਡ ਦੇ ਵਿਚ ਉਸਦਾ ਵਰਕ ਵੀਜ਼ਾ ਨਹੀਂ ਸੀ ਵਧ ਰਿਹਾ। ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਜਦੋਂ ਇਹ ਸਾਰੀ ਕਹਾਣੀ ਸੁਣੀ, ਉਸਦਾ ਦਿਲ ਪਸੀਜ਼ ਗਿਆ ਅਤੇ ਪੂਰੀ ਜਾਂਚ-ਪੜ੍ਹਤਾਲ ਬਾਅਦ ਇਸ ਮੁੰਡੇ ਨੂੰ ਇਕ ਸਾਲ ਦਾ ਵਰਕ ਵੀਜ਼ਾ ਹੁਣ ਦੇ ਦਿੱਤਾ ਗਿਆ ਤਾਂ ਕਿ ਉਹ ਕਰਜ਼ੇ ਦੀ ਮਾਰ ਤੋਂ ਉਭਰਨ ਲਈ ਇਥੇ ਕੁਝ ਕੰਮ ਕਰਕੇ ਪਰਿਵਾਰ ਦੀ ਸਹਾਇਤਾ ਕਰ ਸਕੇ। ਟ੍ਰਿਬਿਊਨਲ ਨੇ ਇਹ ਵੀ ਪਾਇਆ ਕਿ ਇਸ ਮੁੰਡੇ ਦਾ ਇੰਡੀਆ ਰਹਿੰਦਾ ਪਰਿਵਾਰ ਬੇਘਰ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਦੁੱਖ ਝੱਲਣੇ ਪੈਣਗੇ। ਇਸ ਮੁੰਡੇ ਦੇ ਪਿਤਾ ਵੱਲੋਂ ਲਿਆ ਗਿਆ 20,000 ਡਾਲਰ ਦਾ ਕਰਜ਼ਾ ਵਿਆਜ ਪਾ ਕੇ 26,899 ਡਾਲਰ (13 ਲੱਖ ਰੁਪਏ) ਤੱਕ ਪਹੁੰਚ ਗਿਆ ਸੀ। ਇਸ ਮੁੰਡੇ ਦੇ ਪਿਤਾ ਨੇ ਇਕ ਵਾਰ ਆਤਮ ਹੱਤਿਆ ਦੀ ਵੀ ਕੋਸ਼ਿਸ਼ ਕੀਤੀ, ਮਾਤਾ ਨੂੰ ਦਿਲ ਦੀ ਬਿਮਾਰੀ ਲੱਗ ਗਈ। ਟ੍ਰਿਬਿਊਨਲ ਨੇ ਇਸ ਮੁੰਡੇ ਨੂੰ ਸ਼ਰਨਾਰਥੀ ਸ਼੍ਰੇਣੀ ਦੇ ਵਿਚ ਤਾਂ ਥਾਂ ਨਹੀਂ ਦਿੱਤੀ ਪਰ ਮਨੁੱਖਤਾ ਦੇ ਅਧਾਰ ਉਤੇ ਇਸ ਮੁੰਡੇ ਦਾ ਦੇਸ਼ ਨਿਕਾਲਾ ਰੋਕ ਲਿਆ ਅਤੇ ਇਕ ਸਾਲ ਦਾ ਵੀਜ਼ਾ ਦੇ ਦਿੱਤਾ। ਇਥੇ ਹੀ ਨਹੀਂ ਸਾਲ ਦਾ ਵੀਜ਼ਾ ਮੁੱਕਣ ਬਾਅਦ ਦੁਬਾਰਾ ਵੀਜ਼ਾ ਅਪਲਾਈ ਕਰਨ ਦੇ ਲਈ ਵੀ ਇਥੇ ਉਸ ਲਈ ਮੌਕਾ ਬਣਿਆ ਰਹੇਗਾ। ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਮਨੁੱਖਤਾ ਇਸ ਮੁੰਡੇ ਦੇ ਲਈ ਨਹੀਂ ਸਗੋਂ ਇਸ ਮੁੰਡੇ ਦੇ ਮਾਪਿਆਂ ਲਈ ਵਿਖਾਈ ਗਈ। ਸੋ ਕਿਉਂ ਨਾ ਲੋਕ ਬਾਹਰਲੇ ਮੁਲਕਾਂ ਨੂੰ ਪਿਆਰ ਕਰਨ।

Real Estate