ਬਲਾਤਕਾਰ ਤੇ ਛੇੜਛਾੜ ਘਟਨਾਵਾਂ ਦੇ ਹੋ ਰਹੇ ਵਾਧੇ ਕਾਰਨ ਸ਼ਰਮ ਨਾਲ ਸਿਰ ਝੁਕ ਜਾਂਦੈ

2244

ਬਲਵਿੰਦਰ ਸਿੰਘ ਭੁੱਲਰ

ਪੰਜਾਬ ਦੀ ਧਰਤੀ ਤੇ ਹੋ ਰਹੇ ਅਪਰਾਧਾਂ ਦੇ ਵਾਧੇ, ਖਾਸ ਕਰਕੇ ਬਲਾਤਕਾਰ ਤੇ ਜਿਸਮਾਨੀ ਛੇੜਛਾੜ ਦੀਆਂ ਘਟਨਾਵਾਂ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ, ਜਿਸਨੂੰ ਪੜ੍ਹਦਿਆਂ ਇਸ ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕਾਂ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਨਾ ਰਾਜ ਸਰਕਾਰ ਸੁਹਿਰਦ ਹੈ ਅਤੇ ਨਾ ਹੀ ਪੰਜਾਬ ਪੁਲਿਸ। ਇੱਥੇ ਹੀ ਬੱਸ ਨਹੀਂ ਅਦਾਲਤਾਂ ਵਿੱਚ ਹੋਇਆ ਮਹਿੰਗਾ ਇਨਸਾਫ ਵੀ ਕੁਝ ਹੱਦ ਤੱਕ ਜੁਮੇਵਾਰ ਦਿਖਾਈ ਦਿੰਦਾ ਹੈ।
ਜੇਕਰ ਲੰਬੇ ਸਮੇਂ ਦੀ ਪੜਚੋਲ ਕਰਨ ਦੀ ਬਜਾਏ ਪਿਛਲੇ ਇੱਕ ਹਫ਼ਤੇ ਦੀਆਂ ਅਖ਼ਬਾਰਾਂ ਵਿੱਚ ਲੱਗੀਆਂ ਅਜਿਹੀਆਂ ਖ਼ਬਰਾਂ ਤੇ ਚਰਚਾ ਕੀਤੀ ਜਾਵੇ ਤਾਂ ਇੱਕ ਘਟਨਾ ਕਾਹਨੂੰਵਾਲ ਦੇ ਨਜਦੀਕ ਥਾਨਾ ਭੈਣੀ ਮੀਆਂ ਖਾਂ ਦੇ ਪਿੰਡ ਰਾਜਪੁਰਾ ਦੀ ਹੈ। ਇਸ ਪਿੰਡ ਦਾ ਜਨਕ ਸਿੰਘ ਨਸ਼ੇ ਦੀ ਹਾਲਤ ਵਿੱਚ ਆਪਣੀ ਨਾਬਾਲਗ ਪੁੱਤਰੀ ਨੂੰ ਕਰੀਬ ਦੋ ਮਹੀਨੇ ਤੋਂ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਬੀਤੇ ਦਿਨ ਲੜਕੀ ਨੇ ਇਨਕਾਰ ਕਰਦਿਆਂ ਰੌਲਾ ਪਾਇਆ ਤਾਂ ਮਾਮਲਾ ਗੁਆਂਢੀਆਂ ਦੇ ਧਿਆਨ ’ਚ ਆਇਆ ਅਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ।
ਦੂਜੀ ਘਟਨਾ ਤਰਨਤਾਰਨ ਦੇ ਨਜਦੀਕ ਪਿੰਡ ਜਗਤਪੁਰ ਦੀ ਹੈ। ਇਸ ਪਿੰਡ ਦੇ ਤੀਹ ਸਾਲਾ ਨੌਜਵਾਨ ਲਖਵਿੰਦਰ ਸਿੰਘ ਲੱਖਾ ਨੇ ਗੁਆਂਢੀਆਂ ਦੀ ਨਬਾਲਗ ਮੰਦਬੁੱਧੀ ਲੜਕੀ ਨਾਲ ਉਸ ਵਕਤ ਜਬਰਜਨਾਹ ਕੀਤਾ, ਜਦ ਉਸਦੀ ਮਾਂ ਡਿਉਟੀ ਤੇ ਗਈ ਹੋਈ ਸੀ। ਘਟਨਾ ਵਾਪਰੀ ਨੂੰ ਇੱਕ ਹਫ਼ਤਾ ਹੋ ਗਿਆ, ਮੁਕੱਦਮਾ ਦਰਜ ਕਰਾਉਣ ਵਿੱਚ ਕਾਫ਼ੀ ਪਰੇਸਾਨੀ ਹੋਈ।
ਤੀਜੀ ਘਟਨਾ ਜਿਲ੍ਹਾ ਮੁਕਤਸਰ ਦੀ ਹੈ, ਇਸ ਜਿਲ੍ਹੇ ਦੇ ਇੱਕ ਹੋਮਗਾਰਡ ਮੁਲਾਜਮ ਦੇ ਵੀਹ ਸਾਲ ਦੇ ਲੜਕੇ ਗੋਰਾ ਸਿੰਘ ਨੇ 5 ਸਾਲਾਂ ਦੀ ਬੱਚੀ ਨੂੰ ਆਪਣੇ ਘਰ ਲਿਜਾ ਕੇ ਬਲਾਤਕਾਰ ਕਰਨ ਦੀ ਕੋਸਿਸ ਕੀਤੀ। ਕਥਿਤ ਦੋਸੀ ਪੁਲਿਸ ਮੁਲਾਜਮ ਦਾ ਲੜਕਾ ਹੋਣ ਕਰਕੇ ਮੁਕੱਦਮਾ ਦਰਜ ਕਰਨ ਤੋਂ ਪੁਲਿਸ ਟਾਲ ਮਟੋਲ ਕਰਦੀ ਰਹੀ। ਲੋਕਾਂ ਨੇ ਪ੍ਰਦਰਸਨ ਕਰਕੇ ਮੁਕੱਦਮਾ ਦਰਜ ਕਰਵਾਇਆ।
ਚੌਥੀ ਘਟਨਾ ਜਿਲ੍ਹਾ ਬਠਿੰਡਾ ਦੀ ਮੰਡੀ ਭੁੱਚੋ ਮੰਡੀ ਦੀ ਹੈ। ਇੱਥੋਂ ਦਾ ਇੱਕ ਸਬਜੀ ਵਿਕਰੇਤਾ ਜਤਿੰਦਰ ਕੁਮਾਰ ਇੱਕ ਲੜਕੇ ਨਾਲ ਕਾਫ਼ੀ ਚਿਰ ਤੋਂ ਬਦਫੈਲੀ ਕਰਦਾ ਆ ਰਿਹਾ ਸੀ। ਉਸਨੇ ਲੜਕੇ ਦੀ ਇੱਕ ਅਸ਼ਲੀਲ ਵੀਡੀਓ ਬਣਾ ਲਈ ਅਤੇ ਫਿਰ ਉਸ ਨੂੰ ਵੀਡੀਓ ਵਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਬਦਫੈਲੀ ਕਰਦਾ ਰਿਹਾ। ਜਤਿੰਦਰ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਅਤੇ ਗਿਰਫਤਾਰ ਕਰਵਾਉਣ ਲਈ ਲੋਕਾਂ ਨੂੰ ਆਵਾਜ ਬੁਲੰਦ ਕਰਨੀ ਪਈ।
ਇਹ ਚਾਰ ਘਟਨਾਵਾਂ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਸਪਸ਼ਟ ਕਰਦੀਆਂ ਹਨ। ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸਦੇ ਭਾਵੇਂ ਕਈ ਕਾਰਨ ਹਨ, ਪਰ ਸਭ ਤੋਂ ਵੱਡਾ ਕਾਰਨ ਪੁਲਿਸ ਦੀ ਅਣਗਹਿਲੀ ਜਾਂ ਵਿਭਾਗ ਵਿੱਚ ਫੈਲਿਆ ਭ੍ਰਿਸਟਾਚਾਰ ਹੈ, ਜਿਸ ਕਰਕੇ ਦੋਸ਼ੀਆਂ ਵਿਰੁੱਧ ਸਮੇ ਸਿਰ ਠੋਸ ਕਾਰਵਾਈ ਨਹੀਂ ਹੁੰਦੀ ਅਤੇ ਅਪਰਾਧੀਆਂ ਦਾ ਹੌਂਸਲਾ ਵਧਦਾ ਹੈ। ਇਸ ਗੱਲ ਨੂੰ ਨਸ਼ਿਆਂ ਸਬੰਧੀ ਹੋਏ ਇੱਕ ਜਨਤਕ ਇਕੱਠ ਵਿੱਚ ਸੱਚ ਤੇ ਪਹਿਰਾ ਦੇਣ ਵਾਲਾ ਇਮਾਨਦਾਰ ਅਫ਼ਸਰ ਸ੍ਰੀ ਸੰਦੀਪ ਗੋਇਲ ਜਿਲ੍ਹਾ ਪੁਲਿਸ ਮੁਖੀ ਫਿਰੋਜਪੁਰ ਵੀ ਸਪਸ਼ਟ ਕਰ ਚੁੱਕਾ ਹੈ, ਜਿਹਨਾਂ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਹਨਾਂ ਦੋਸ਼ੀਆਂ ਦਾ ਪੱਖ ਪੂਰਨ ਵਾਲੇ ਜਾਂ ਆਪਣੇ ਫ਼ਰਜਾਂ ਅਨੁਸਾਰ ਇਨਸਾਫ ਨਾ ਦੇਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਲੀਆਂ ਭੇਡਾਂ ਕਹਿੰਦਿਆਂ ਟਕੋਰ ਕੀਤੀ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਰਾਜ ਸਰਕਾਰ ਵੀ ਇਹਨਾਂ ਮਾਮਲਿਆਂ ਵਿੱਚ ਸੁਹਿਰਦ ਦਿਖਾਈ ਨਹੀਂ ਦਿੰਦੀ। ਜੇਕਰ ਪੁਲਿਸ ਕਾਰਵਾਈ ਨਾ ਹੋਵੇ ਤਾਂ ਸੂਬਾ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਉ¤ਚ ਅਧਿਕਾਰੀਆਂ ਨੂੰ ਠੋਸ ਕਾਰਵਾਈ ਕਰਨ ਦੀ ਹਦਾਇਤ ਕਰੇ। ਰੋਜਾਨਾਂ ਅਖ਼ਬਾਰਾਂ ਵਿੱਚ ਖ਼ਬਰਾਂ ਛਪਦੀਆਂ ਹਨ, ਸਰਕਾਰ ਕੋਲ ਕਟਿੰਗਾਂ ਪਹੁੰਚਦੀਆਂ ਹਨ ਪਰ ਪੜ੍ਹ ਕੇ ਰੱਦੀ ਦੀ ਟੋਕਰੀ ਦਾ ਸਿੰਗਾਰ ਬਣਾ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਦਾ ਲੋਕ ਮੁੱਦਿਆਂ ਜਾਂ ਉਹਨਾਂ ਦੀ ਇੱਜਤ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਹੈ, ਉਹ ਆਪਣੇ ਵਿਰੋਧੀਆਂ ਵਿਰੁੱਧ ਭੜਾਸ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਤ੍ਹਾ ਦਾ ਸਮਾਂ ਲੰਘਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਅਦਾਲਤਾਂ ਵਿੱਚ ਇਨਸਾਫ ਮਹਿੰਗਾ ਹੋਣ ਅਤੇ ਜਲਦੀ ਨਾ ਮਿਲ ਸਕਣਾ ਵੀ ਅਜਿਹੀਆਂ ਘਟਨਾਵਾਂ ਲਈ ਕੁੱਝ ਹੱਦ ਤੱਕ ਜੁਮੇਵਾਰ ਹੈ। ਆਮ ਤੌਰ ਤੇ ਬਲਾਤਕਾਰ ਦੀਆਂ ਸ਼ਿਕਾਰ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਲੜਕੀਆਂ ਹੀ ਹੁੰਦੀਆਂ ਹਨ, ਜਦ ਕਿ ਬਲਾਤਕਾਰੀ ਅਮੀਰਜ਼ਾਦੇ ਹੁੰਦੇ ਹਨ। ਅਮੀਰ ਲੋਕਾਂ ਦੇ ਵਿਰੁੱਧ ਗਰੀਬ ਲੋਕ ਇਨਸਾਫ ਹਾਸਲ ਨਹੀਂ ਕਰ ਸਕਦੇ। ਇੱਕ ਸਮਾਂ ਸੀ ਜਦ ਅਦਾਲਤਾਂ ਅਖ਼ਬਾਰਾਂ ਚੋਂ ਪੜ੍ਹ ਕੇ ਖੁਦ ਵੀ ਕਾਰਵਾਈ ਕਰ ਲੈਂਦੀਆਂ ਸਨ, ਪਰ ਹੁਣ ਅਦਾਲਤਾਂ ਤੇ ਪਏ ਬੇਲੋੜੇ ਬੋਝ ਨੇ ਇਹ ਪਰਕਿਰਿਆ ਵੀ ਠੱਪ ਹੀ ਕਰ ਦਿੱਤੀ ਹੈ। ਕੁਲ ਮਿਲਾ ਕੇ ਅਜਿਹੀਆਂ ਅਪਰਾਧਿਕ ਘਟਨਾਵਾਂ ਲਈ ਪੁਲਿਸ ਦੀ ਮਿਲੀਭੁਗਤ, ਰਾਜ ਸਰਕਾਰ ਦੀ ਅੱਖਾਂ ਮੀਚਣ ਦੀ ਨੀਤੀ ਤੇ ਮਹਿੰਗਾ ਇਨਸਾਫ ਹੀ ਜੁਮੇਵਾਰ ਹਨ। ਅਜਿਹੇ ਸਮੇਂ ਬੁੱਧੀਜੀਵੀ, ਪੱਤਰਕਾਰ, ਮਨੁੱਖੀ ਅਧਿਕਾਰ ਸਭਾਵਾਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਲੋਕਾਂ ਦੀ ਅਗਵਾਈ ਕਰਕੇ ਆਵਾਜ਼ ਬੁਲੰਦ ਕਰਨ ਤਾਂ ਜੋ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,

ਬਠਿੰਡਾ- ਮੋਬਾ: 09888275913

Real Estate