ਜੇਲ੍ਹਾਂ ’ਚ ਵਾਪਰਦੀਆਂ ਘਟਨਾਵਾਂ ਲਈ ਰਾਜ ਸਰਕਾਰ ਤੇ ਜੇਲ੍ਹ ਅਧਿਕਾਰੀ ਜੁੰਮੇਵਾਰ – ਸੇਖੋਂ

917

ਬਠਿੰਡਾ, 7 ਜੁਲਾਈ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਦੀਆਂ ਜੇਲ੍ਹਾਂ ਵਿੱਚ ਨਿੱਤ ਦਿਲ ਹੋ ਰਹੀਆਂ ਗੋਲੀਆਂ ਚੱਲਣ ਜਾਂ ਲੜਾਈ ਕਰਨ ਦੀਆਂ ਘਟਨਾਵਾਂ ਬੇਹੱਦ ਚਿੰਤਾਜਨਕ ਹਨ, ਜਿਸ ਲਈ ਰਾਜ ਸਰਕਾਰ ਅਤੇ ਜੇਲ੍ਹਾਂ ਦੇ ਅਧਿਕਾਰੀ ਪੂਰੀ ਤਰ੍ਹਾਂ ਜੁਮੇਵਾਰ ਹਨ। ਇਹ ਵਿਚਾਰ ਸੀ ਪੀ ਆਈ ਐ¤ਮ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸੂਬਾ ਸਕੱਤਰ ਕਾ: ਸੇਖੋਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਾਹਰ ਨਾਲੋਂ ਵੀ ਬਦਤਰ ਹੋ ਚੁੱਕੀ ਹੈ। ਜੇਲ੍ਹਾਂ ਵਿੱਚ ਸਰੇਆਮ ਗੋਲੀਆਂ ਚੱਲਣ ਜਾਂ ਇੱਕ ਦੂਜੇ ਦੇ ਸਿਰ ਪਾੜ ਦੇਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜੇਲ੍ਹਾਂ ਵਿੱਚ ਇਨਸਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਣ ਵਾਲੇ ਚਿੱਟੇ ਸਮੇਤ ਹਰ ਪ੍ਰਕਾਰ ਦਾ ਨਸ਼ਾ ਸਪਲਾਈ ਹੋ ਰਿਹਾ ਹੈ। ਜੇਲ੍ਹਾਂ ਚੋਂ ਮੋਬਾਇਲ ਫੋਨ ਅਤੇ ਹੋਰ ਵਰਜਿਤ ਚੀਜਾਂ ਰੋਜਾਨਾਂ ਹੀ ਬਰਾਮਦ ਹੁੰਦੀਆਂ ਹਨ। ਇਹ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਘਟਨਾਵਾਂ ਵਿੱਚ ਠੱਲ੍ਹ ਪੈਣ ਦੀ ਬਜਾਏ ਵਾਧਾ ਹੋ ਰਿਹਾ ਹੈ, ਜੋ ਬਹੁਤ ਵੱਡੀ ਚਿੰਤਾ ਪ੍ਰਗਟ ਕਰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੁਝ ਦਹਾਕੇ ਪਹਿਲਾਂ ਜੇਲ੍ਹਾਂ ਦਾ ਨਾਂ ਬਦਲ ਕੇ ਸੁਧਾਰ ਘਰ ਰੱਖ ਦਿੱਤਾ ਸੀ, ਜਿਸਦਾ ਭਾਵ ਸੀ ਕਿ ਇੱਥੇ ਪਹੁੰਚੇ ਅਪਰਾਧੀ ਦਾ ਮਾਨਸਿਕ ਸੁਧਾਰ ਹੋ ਜਾਂਦਾ ਹੈ, ਭਾਵ ਉਹ ਅਪਰਾਧ ਛੱਡ ਕੇ ਇੱਕ ਚੰਗੇ ਸ਼ਹਿਰੀ ਵਾਂਗ ਬਾਕੀ ਜਿੰਦਗੀ ਬਿਤਾਉਣ ਦਾ ਵਾਅਦਾ ਕਰਕੇ ਬਾਹਰ ਨਿਕਲਦਾ ਹੈ। ਪਰ ਹੁਣ ਇੰਜ ਲੱਗ ਰਿਹੈ ਜਿਵੇਂ ਜੇਲ੍ਹਾਂ ਵਿੱਚ ਪਹੁੰਚੇ ਕਿਸੇ ਹਵਾਲਾਤੀ ਜਾਂ ਕੈਦੀ ਦੀ ਮਾਨਸਿਕ ਦਸ਼ਾ ਵਿਗੜ ਕੇ ਜਿਆਦਾ ਅਪਰਾਧੀ ਬਣ ਰਹੀ ਹੋਵੇ।
ਕਾ: ਸੇਖੋਂ ਨੇ ਕਿਹਾ ਕਿ ਜੇਲ੍ਹਾਂ ਦੀਆਂ ਉ¤ਚੀਆਂ ਦੀਵਾਰਾਂ ਦੇ ਅੰਦਰ ਅਸਲਾ ਨਸ਼ਾ ਮੋਬਾਇਲ ਆਦਿ ਵਰਜਿਤ ਵਸਤਾਂ ਦਾ ਪਹੁੰਚਣਾ ਕੋਈ ਆਮ ਵਰਤਾਰਾ ਨਹੀਂ ਹੈ, ਇਹ ਰਾਜ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਉਹਨਾਂ ਦੋਸ਼ ਲਾਇਆ ਕਿ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਵਗੈਰ ਅਜਿਹਾ ਹੋਣਾ ਅਸੰਭਵ ਹੈ। ਉਹਨਾਂ ਕਿਹਾ ਕਿ ਸਮੇਂ ਸਮੇਂ ਅਜਿਹੀਆਂ ਘਟਨਾਵਾਂ ਲਈ ਜੇਲ੍ਹ ਅਧਿਕਾਰੀਆਂ ਤੇ ਮੁਲਾਜਮਾਂ ਤੇ ਦੋਸ਼ ਹੀ ਨਹੀਂ ਲਗਦੇ ਰਹੇ, ਬਲਕਿ ਮੁਲਾਜਮਾਂ ਤੋਂ ਵਰਜਿਤ ਚੀਜਾਂ ਬਰਾਮਦ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ, ਜੋ ਮਿਲੀਭੁਗਤ ਦਾ ਪ੍ਰਤੱਖ ਪ੍ਰਮਾਣ ਹਨ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਲ੍ਹਾਂ ਵਿੱਚ ਕੈਦੀਆਂ ਨੂੰ ਵਿਸੇਸ਼ ਸਹੂਲਤਾਂ ਦੇਣੀਆਂ, ਨਸ਼ੇ ਜਾਂ ਐਸ਼ੋ ਇਸ਼ਰਤ ਦੀਆਂ ਚੀਜਾਂ ਪਹੁੰਚਦੀਆਂ ਕਰਨ ਲਈ ਮੁੱਖ ਆਧਾਰ ਲਾਲਚ ਹੈ, ਅਫ਼ਸਰਾਂ ਜਾਂ ਮੁਲਾਜਮਾਂ ਦੀ ਮਰਜੀ ਤੋਂ ਵਗੈਰ ਜੇਲ੍ਹ ਦੇ ਗੇਟ ਰਾਹੀਂ ਕੋਈ ਵੀ ਵਸਤੂ ਅੰਦਰ ਨਹੀਂ ਜਾ ਸਕਦੀ। ਉਹਨਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਜੇਲ੍ਹ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਬੰਧਤ ਮੰਤਰੀ ਦਾ ਘੜਿਆ ਘੜਾਇਆ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਣ ਜਾਂਦਾ ਹੈ ਕਿ ‘‘ਜੇਲ੍ਹਾਂ ਵਿੱਚ ਰਸੂਖਵਾਨ ਕੈਦੀਆਂ ਨੂੰ ਵਿਸੇਸ਼ ਸਹੂਲਤਾਂ ਮਿਲਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ।’’ ਜਿੱਥੇ ਮੰਤਰੀ ਅਜਿਹਾ ਬਿਆਨ ਦੇ ਕੇ ਸੁਰਖਰੂ ਹੋ ਜਾਂਦਾ ਹੈ, ਉੱਥੇ ਜੇਲ੍ਹ ਅਧਿਕਾਰੀ ਕੈਦੀ ਤੇ ਮੁਕੱਦਮਾ ਦਰਜ ਕਰਵਾ ਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਵਾਪਰਦੀਆਂ
ਘਟਨਾਵਾਂ ਲਈ ਰਾਜ ਸਰਕਾਰ ਅਤੇ ਜੇਲ੍ਹ ਅਧਿਕਾਰੀ ਦੋਵੇਂ ਜੁਮੇਵਾਰ ਹਨ। ਜੇਕਰ ਇਸ ਅਤੀ ਮਾੜੇ ਰੁਝਾਨ ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਭਿਆਨਕ ਨਤੀਜੇ ਨਿਕਲਗੇ। ਇੱਕ ਸਵਾਲ ਦੇ ਜਵਾਬ ਵਿੱਚ ਕਾ: ਸੇਖੋਂ ਨੇ ਕੇਂਦਰ ਦੀ ਨਵੀਂ ਮੋਦੀ ਸਰਕਾਰ ਦੇ ਬੱਜਟ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਸ ਬੱਜਟ ਤੋਂ ਕੇਂਦਰ ਸਰਕਾਰ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਕੇਂਦਰੀ ਬੱਜਟ ਵਿੱਚ ਨਾ ਤਾਂ ਆਰਥਿਕ ਮੰਦਹਾਲੀ ਹੰਢਾ ਰਹੇ ਪੰਜਾਬ ਲਈ ਕੋਈ ਵਿਸੇਸ਼ ਸਹੂਲਤ ਦਿੱਤੀ ਹੈ ਅਤੇ ਨਾ ਹੀ ਤਬਾਹ ਹੋ ਚੁੱਕੀ ਕਿਸਾਨੀ ਤੇ ਖੁਦਕਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ।
ਕਾਂਗਰਸ ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਆਪਣਾ ਬਣਦਾ ਫ਼ਰਜ ਨਿਭਾਉਣ ਵਿੱਚ ਅਸਫਲ ਹੋਈ ਹੈ। ਉਹ ਲੋਕਾਂ ਦੇ ਮੁੱਦੇ ਉਠਾਉਣ ਜਾਂ ਕੇਂਦਰ ਸਰਕਾਰ ਦੀਆਂ ਮਨਮਾਨੀਆਂ ਦਾ ਵਿਰੋਧ ਕਰਨ ਦੀ ਬਜਾਏ ਆਪਣੀ ਹਾਰ ਦੇ ਦੁੱਖ ਚੋਂ ਬਾਹਰ ਨਹੀਂ ਨਿਕਲ ਰਹੀ ਅਤੇ ਆਪਣੇ ਪ੍ਰਧਾਨ ਦੇ ਝਮੇਲੇ ਵਿੱਚ ਹੀ ਫਸੀ ਹੋਈ ਹੈ। ਇਸ ਮੌਕੇ ਕਾ: ਗੁਰਦੇਵ ਸਿੰਘ ਬਾਂਡੀ ਸਕੱਤਰ ਜਿਲ੍ਹਾ ਬਠਿੰਡਾ ਅਤੇ ਸੀਨੀਅਰ ਆਗੂ ਕਾ: ਮੇਘ ਨਾਥ ਵੀ ਮੌਜੂਦ ਸਨ।

Real Estate