ਰਵਾਇਤੀ ਢੰਗ ਨਾਲ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੇ ਤਰੀਕਿਆਂ ਨੂੰ ਸਮਝਿਆ
ਸੁਲਤਾਨਪੁਰ ਲੋਧੀ, ੬ ਜੁਲਾਈ
ਪਾਣੀ ਦੀ ਕਿੱਲਤ ਨਾਲ ਜੂਝ ਰਹੇ ੨੫੬ ਜ਼ਿਲ੍ਹਿਆਂ ਵਿਚ ਚਲਾਏ ਜਾ ਰਹੇ ਜਲ ਸ਼ਕਤੀ ਅਭਿਆਨ ਦੌਰਾਨ ਕੇਂਦਰ ਸਰਕਾਰ ਦੇ ਉੱਚ ਪੱਧਰੀ ਵਫਦ ਨੇ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ। ਕੇਂਦਰੀ ਟੀਮ ਦੀ ਅਗਵਾਈ ਗ੍ਰਹਿ ਵਿਭਾਗ ਦੇ ਜੁਆਇੰਟ ਸੈਕਟਰੀ ਸੰਜੀਵ ਕੁਮਾਰ ਜਿੰਦਲ ਨੇ ਕੀਤੀ। ਉਨ੍ਹਾਂ ਦੇ ਨਾਲ ਡਿਫੈਂਸ ਵਿਭਾਗ ਦੇ ਡਿਪਟੀ ਸੈਕਟਰੀ ਜੀ। ਸਬੱਈਆ, ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਵਿਗਿਆਨੀ ਸੰਦੀਪ ਧਨੋਟ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਥੇ ਆਉਣ ਦਾ ਮੁੱਖ ਮਕਸਦ ਇਹੋ ਹੀ ਸੀ ਕਿ ਕਿਵੇਂ ਰਵਾਇਤੀ ਢੰਗ ਤਰੀਕਿਆਂ ਨਾਲ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲਿਆ ਜਾ ਸਕਦਾ ਹੈ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਿਵੇਂ ਉੱਚਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਰਾਹੀਂ ਆਏ ਬਦਲਾਅ ਦਾ ਜ਼ਿਕਰ ਕਰਦਿਆਂ ਦੱਸਿਆ ਕਿ ੧੬੫ ਕਿਲੋਮੀਟਰ ਲੰਬੀ ਨਦੀ ਦੀ ਸਫਾਈ ਹੋਣ ਨਾਲ ਸੁਲਤਾਨਪੁਰ ਇਲਾਕੇ ਦੇ ਆਲੇ ਦੁਆਲੇ ਲਗਭਗ ਢਾਈ ਮੀਟਰ ਤੱਕ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜੇ ਪੰਜਾਬ ਸਰਕਾਰ ਦੇ ਹਨ ਕਿ ਇਸ ਇਲਾਕੇ ‘ਚ ਪਾਣੀ ਉੱਚਾ ਹੋਇਆ ਹੈ। ਵਫਦ ਨੇ ਪਵਿੱਤਰ ਕਾਲੀ ਵੇਈਂ ਦਾ ਕਿਸ਼ਤੀ ਰਾਹੀਂ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸੀਚੇਵਾਲ ਮਾਡਲ ਰਾਹੀਂ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ‘ਚ ਲਿਆਉਣ ਦੇ ਲਾਭ ਵੀ ਦੱਸੇ ਗਏ ਕਿ ਕਿਵੇਂ ਇਸ ਮਾਡਲ ਰਾਹੀਂ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਇਸ ਮੌਕੇ ਸੰਤ ਸੁਖਜੀਤ ਸਿੰਘ ਵੱਲੋਂ ਆਏ ਵਫਦ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਵਫਦ ਨਾਲ ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਵਤਾਰ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸੇਵਾਦਾਰਾਂ ‘ਚ ਗੁਰਵਿੰਦਰ ਸਿੰਘ ਬੋਪਾਰਾਏ, ਸਰਪੰਚ ਤੀਰਥ ਸਿੰਘ ਹੁੰਦਲ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ।