ਨਕਲੀ ਕਾਲਰ: ਅਸਲੀ ਡਾਲਰ ਨਿਊਜ਼ੀਲੈਂਡ ਫੋਨ ਸਕੈਮ ‘ਚ ਭਾਰਤੀ ਪੁਰਸ਼ ਅਤੇ ਮਹਿਲਾ

1233

26 ਸਾਲਾ ਹਰਸਿਮਰਨ ਸਿੰਘ ਟਿਵਾਣਾ ਨੇ ਆਪਣੇ ਆਪ ਨੂੰ ਦੱਸਿਆ ਬੇਦੋਸ਼ਾ ਅਤੇ 28 ਸਾਲਾ ਵਰੁਣਜੋਤ ਕੌਰ ਦੀ ਅਪੀਲ ਲੱਗਣੀ ਬਾਕੀ
ਔਕਲੈਂਡ 6 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਨਕਲੀ ਫੋਨ ਕਾਲਾਂ ਜਾਂ ਨਕਲੀ ਹੋਰ ਅਦਾਰਿਆਂ ਦੇ ਪ੍ਰਤੀਨਿਧ ਬਣਕੇ ਲੋਕਾਂ ਕੋਲੋਂ ਅਸਲੀ ਡਾਲਰ ਕਢਵਾਉਣ ਦੇ ਚਰਚੇ ਆਮ ਹੁੰਦੇ ਰਹਿੰਦੇ ਹਨ। ਟੈਲੀਫੋਨ ਕੰਪਨੀ ‘ਸਪਾਰਕ’ ਦਾ ਨਾਂਅ ਵਰਤ ਕੇ ਵੀ ਅਜਿਹਾ ਹੋ ਰਿਹਾ ਸੀ ਜਿਸ ਦੇ ਸਬੰਧ ਵਿਚ ਇਕ 26 ਸਾਲਾ ਭਾਰਤੀ ਪੁਰਸ਼ ਹਰਸਿਮਰਨ ਸਿੰਘ ਟਿਵਾਣਾ ਅਤੇ 28 ਸਾਲਾ ਵਰੁਣਜੋਤ ਕੌਰ ਦਾ ਸਾਹਮਣੇ ਆਇਆ ਹੈ। ਅਜਿਹੇ ਗੁੰਝਲਦਾਰ ਮਾਮਲੇ ਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਸਨ ਪਤਾ ਨਹੀਂ ਸੀ ਚਲਦਾ ਪਰ ਹੁਣ ਲਗਦਾ ਹੈ ਨਿਊਜ਼ੀਲੈਂਡ ਪੁਲਿਸ ਅਤੇ ਨਿਆਂ ਮੰਤਰਾਲਾ ਰਲ ਕੇ ਇਨ੍ਹਾਂ ਤਾਰਾਂ ਦਾ ਕੁਨੈਕਸ਼ਨ ਸਕੈਮ ਸਰਵਨ ਨਾਲੋਂ ਕੱਟ ਦੇਣਗੇ। ਬੀਤੇ ਸ਼ੁੱਕਰਵਾਰ ਨੂੰ ਇਨ੍ਹਾਂ ਦੋਵਾਂ ਨੂੰ ਔਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਜਿੱਥੇ ਹਰਸਿਮਰਨ ਸਿੰਘ ਟਿਵਾਣਾ ਨੇ ਆਪਣੇ ਆਪ ਨੂੰ ਬੇਦੋਸ਼ਾ ਦੱਸਿਆ ਜਦ ਕਿ ਵਰੁਣਜੋਤ ਕੌਰ ਨੇ ਅਜੇ ਆਪਣੀ ਅਪੀਲ ਦਾਇਰ ਕਰਨੀ ਹੈ। ਟਿਵਾਣਾ ਨੂੰ ਪੰਜਾਬੀ ਇੰਟਰਪ੍ਰੇਟਰ ਚਾਹੀਦਾ ਹੈ ਜਦ ਕਿ ਕੌਰ ਨੂੰ ਹਿੰਦੀ। ਦੋਸ਼ ਹੈ ਕਿ ਇਹ ਦੋਵੇਂ ਰਲ ਕੇ ਅਜਿਹੇ ਸਕੈਮ ਨੂੰ ਅੰਜਾਮ ਦਿੰਦੇ ਸਨ ਅਤੇ ਹਵਾਲਾ ਕਾਰੋਬਾਰ ਕਰਦੇ ਸਨ। ਵਰੁਣਜੋਤ ਕੌਰ ਵਿਦਿਆਰਥੀ ਵੀਜੇ ਉਤੇ ਆਈ ਸੀ ਅਤੇ ਇਥੇ ਉਸਦਾ ਕੋਈ ਪਰਿਵਾਰਕ ਮੈਂਬਰ ਨਹੀਂ ਹੈ। ਹਰਸਿਮਰਨ ਸਿੰਘ ਟਿਵਾਣਾ ਕੁਝ ਸਮੇਂ ਤੋਂ ਨਿਊਜ਼ੀਲੈਂਡ ਰਹਿ ਰਿਹਾ ਹੈ। ਅਗਲੀ ਤਰੀਕ ਅਕਤੂਬਰ ਮਹੀਨੇ ਪਈ ਹੈ। ਦੋਵਾਂ ਨੇ ਨਾਂਅ ਗੁਪਤ ਰੱਖਣ ਦੀ ਅਰਜ਼ੀ ਲਾਈ ਸੀ ਪਰ ਮਾਣਯੋਗ ਅਦਾਲਤ ਨਹੀਂ ਮੰਨੀ। ਦੋਸ਼ ਹਨ ਕਿ ਇਹ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਕਿਸੀ ਨਾ ਕਿਸੀ ਤਰ੍ਹਾਂ ਪੈਸੇ ਕਢਵਾ ਲੈਂਦੇ ਸਨ। ਡੀਟੈਕਟਿਵ ਸਰਜੈਂਟ ਨੇ ਕਿਹਾ ਹੈ ਕਿ ਇਸ ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਵਿਚ ਹੁਣ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਜੋੜਾ ਜਿਆਦਾਤਰ ਲੈਂਡ ਲਾਈਨ ਵਾਲੇ ਫੋਨ ਨੰਬਰਾਂ ਉਤੇ ਨਕਲੀ ਕਾਲਰ ਬਣ ਕੇ ਫੋਨ ਕਰਦਾ ਸੀ। ਇਹ ਜੋੜਾ ਪੈਸੇ ਲੈਣ ਲਈ ਔਕਲੈਡ, ਸਪੇਨ, ਜਾਪਾਨ ਅਤੇ ਆਸਟਰੇਲੀਆ ਆਦਿ ਥਾਵਾਂ ਦੀ ਵਰਤੋਂ ਕਰਦਾ ਸੀ। ਇਹ ਦੋਸ਼ੀ ਕਿੰਨੇ ਦੋਸ਼ੀ ਪਾਏ ਜਾਂਦੇ ਹਨ ਅਦਾਲਤੀ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਭਾਰਤੀਆਂ ਦੇ ਨਾਂਅ ਅਜਿਹੇ ਮਾਮਲਿਆਂ ਵਿਚ ਆਉਣ ਕਾਰਨ ਪੂਰੀ ਕਮਿਊਨਿਟੀ ਸ਼ਰਮਸ਼ਾਰ ਮਹਿਸੂਸ ਕਰਦੀ ਹੈ।

Real Estate