ਨਾਈਜੀਰੀਆ ‘ਚ ਸਮੁੰਦਰੀ ਡਾਕੂਆਂ ਦੀ ਕੈਦ ‘ਚੋਂ 2 ਮਹੀਨੇ ਬਾਅਦ ਕਿਵੇਂ ਬਚ ਕੇ ਆਇਆ ਅੰਕਿਤ ?

1011

BBC

“ਮੈਨੂੰ ਉਮੀਦ ਨਹੀਂ ਸੀ ਕਿ ਮੈਂ ਕਦੇ ਆਪਣੇ ਦੇਸ ਵਾਪਸ ਆ ਸਕਾਂਗਾ ਅਤੇ ਆਪਣੇ ਮਾਤਾ ਪਿਤਾ ਨੂੰ ਫਿਰ ਤੋਂ ਦੇਖ ਸਕਾਂਗਾ। ਇਹ ਖ਼ਿਆਲ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਕਿ ਮੈਂ ਸਮੁੰਦਰੀ ਡਾਕੂਆਂ ਦੇ ਹੱਥੀਂ ਮਾਰਿਆ ਜਾਵਾਂਗਾ ਅਤੇ ਇਹ ਸੋਚ ਕੇ ਮੈਂ ਕੰਬ ਜਾਂਦਾ ਸੀ।” ਇਹ ਕਹਿਣਾ ਹੈ 20 ਸਾਲਾਂ ਦੇ ਅੰਕਿਤ ਹੁੱਡਾ ਦਾ, ਜੋ ਦੋ ਮਹੀਨੇ ਸਮੁੰਦਰੀ ਡਾਕੂਆਂ ਦੀ ਗ੍ਰਿਫ਼ਤ ਵਿੱਚ ਰਹਿ ਕੇ ਭਾਰਤ ਪਰਤਿਆ ਹੈ। ਅਪ੍ਰੈਲ 19 ਦਾ ਦਿਨ ਸੀ, ਦੁਪਹਿਰ ਦੇ 1 ਵਜੇ ਹੋਏ ਸਨ। ਰੋਹਤਕ ਦੇ ਪਿੰਡ ਅਸਨ ਦਾ ਰਹਿਣ ਵਾਲਾ ਅੰਕਿਤ, ਨਾਇਜੀਰੀਆ ਵਿੱਚ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਆਰਾਮ ਕਰ ਰਿਹਾ ਸੀ ਜਦੋਂ ਉਸ ਦੇ ਕਪਤਾਨ ਨੇ ਐਲਾਨ ਕੀਤਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਸਮੁੰਦਰੀ ਡਾਕੂਆਂ ਨੇ ਜਹਾਜ਼ ‘ਤੇ ਹਮਲਾ ਕਰ ਦਿੱਤਾ ਹੈ। ਅੰਕਿਤ ਨੇ ਦੱਸਿਆ ਨੇ “ਇਹ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਸਾਨੂੰ ਕੁਝ ਵੀ ਸੋਚਣ ਸਮਝਣ ਦਾ ਮੌਕਾ ਨਹੀਂ ਮਿਲਿਆ। ਡਾਕੂ ਨੌ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਗ੍ਰੈਨੇਡ, ਚਾਕੂਆਂ ਸਣੇ ਹੋਰ ਵੱਡੇ ਹਥਿਆਰ ਲੈ ਕੇ ਆਏ ਸਨ।” “ਸਾਨੂੰ ਸਰੰਡਰ ਕਰਨ ਨੂੰ ਕਿਹਾ। ਅਸੀਂ ਮੌਤ ਤੋਂ ਬਚਣ ਲਈ ਸਰੰਡਰ ਕਰਨਾ ਸਹੀ ਸਮਝਿਆ। 13 ਵਿੱਚੋਂ 7 ਲੋਕਾਂ ਨੂੰ ਬੰਦੀ ਬਣਾ ਲਿਆ ਗਿਆ, ਜਿਨ੍ਹਾਂ ਵਿੱਚ 5 ਭਾਰਤੀ ਸਨ। ਸਾਰਿਆਂ ਨੂੰ ਦੋ ਮਹੀਨੇ ਬੰਦੀ ਬਣਾ ਕੇ ਰੱਖਿਆ ਗਿਆ।” ਆਪਣੇ ਔਖੀ ਘੜੀ ਦੀ ਕਹਾਣੀ ਸੁਣਾਉਂਦਿਆਂ, ਅੰਕਿਤ ਨੇ ਦੱਸਿਆ ਕਿਵੇਂ ਉਨ੍ਹਾਂ ਦੇ ਅੱਖਾਂ ‘ਤੇ ਪੱਟੀ ਬਣ ਕੇ ਉਨ੍ਹਾਂ ਨੂੰ ਕਿਸੇ ਜੰਗਲ ਵਿੱਚ ਲੈ ਜਾਇਆ ਗਿਆ। ਉੱਥੇ ਪਾਣੀ, ਭੋਜਨ ਅਤੇ ਦਵਾਈਆਂ ਦਾ ਕੋਈ ਪ੍ਰਬੰਧ ਨਹੀਂ ਸੀ।ਅੰਕਿਤ ਪਹਿਲਾਂ ਇੱਕ ਸੀ-ਮੈਨ ਦੀ ਨੌਕਰੀ ਕਰਦਾ ਸੀ ਅਤੇ 2018 ਵਿੱਚ ਉਹ ਸੀ ਟਾਈਡ ਮੈਰੀਨ ਪ੍ਰਾਇਵੇਟ ਲਿਮਿਟਿਡ ਵਿੱਚ ਭਰਤੀ ਹੋਇਆ। ਉਸਦਾ ਜਹਾਜ਼ ਨਾਈਜੀਰੀਆ ਦੇ ਅਧਿਕਾਰਿਤ ਖੇਤਰ ਵਿੱਚ ਸੀ, ਜਦੋਂ ਇਹ ਘਟਨਾ ਵਾਪਰੀ। “ਜੇਕਰ ਮੈਂ ਰਹਿਣ-ਸਹਿਣ ਦੀ ਗੱਲ ਕਰਾਂ ਤਾਂ ਸਾਨੂੰ 24 ਘੰਟਿਆਂ ਵਿੱਚ ਸਿਰਫ਼ ਇੱਕ ਮੈਗੀ ਖਾਣ ਦੀ ਇਜ਼ਾਜਤ ਸੀ। ਚਾਹੇ ਉਹ ਮੈਗੀ ਦਿਨ ਵੇਲੇ ਖਾ ਲਈਏ ਜਾਂ ਫਿਰ ਰਾਤ ਨੂੰ। ਜਦੋਂ ਪਾਣੀ ਦੀ ਗੱਲ ਆਉਂਦੀ ਤਾਂ ਅਸੀਂ ਵਗਦੇ ਪਾਣੀ ਤੋਂ ਜਾਂ ਫਿਰ ਕਿਸੇ ਕੁਦਰਤੀ ਝਰਨੇ ਵਿੱਚ ਮੂੰਹ ਵਾੜ ਕੇ ਪਾਣੀ ਪੀ ਲੈਂਦੇ।”
ਅੰਕਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵਿੱਚ ਫੋਨ ਕਰਕੇ ਫਿਰੌਤੀ ਮੰਗਣ ਲਈ ਕਿਹਾ ਜਾਂਦਾ। ਫੋਨ ਸੈਟੇਲਾਈਟ ਰਾਹੀਂ ਕੀਤਾ ਜਾਂਦਾ। ਪਰ ਜਦੋਂ ਸਾਹਮਣੇ ਤੋਂ ਕੋਈ ਜਵਾਬ ਨਾ ਆਉਂਦਾ ਤਾਂ ਉਨ੍ਹਾਂ ਨੂੰ ਅੱਗ ਨਾਲ ਡਰਾਇਆ ਜਾਂਦਾ ਤੇ ਗਰਦਨ ‘ਤੇ ਚਾਕੂ ਜਾਂ ਸਿਰ ‘ਤੇ ਬੰਦੂਕ ਰੱਖੀ ਜਾਂਦੀ। “ਉਨ੍ਹਾਂ ਨੂੰ ਸਿਰਫ਼ ਪੈਸੇ ਚਾਹੀਦੇ ਸੀ। ਇਹ ਉਨ੍ਹਾਂ ਦਾ ਧੰਦਾ ਹੈ ਅਤੇ ਇਹ ਹੀ ਉਨ੍ਹਾਂ ਨੇ ਸਾਨੂੰ ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ। ਸਾਨੂੰ ਜਲਦੀ ਨਾਲ ਪੈਸੇ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ। ਨਹੀਂ ਤਾਂ ਉਹਨਾਂ ਨੇ ਸਾਨੂੰ ਮਾਰ ਦੇਣਾ ਸੀ। ਪਹਿਲਾਂ ਡਾਕੂਆਂ ਨੇ 10 ਲੱਖ ਅਮਰੀਕੀ ਡਾਲਰ ਮੰਗੇ।”
ਅੰਕਿਤ ਨੇ ਦੱਸਿਆ ਕਿਵੇਂ ਉਨ੍ਹਾਂ ਸਾਰਿਆਂ ਨੇ ਵਾਪਿਸ ਮੁੜ ਆਉਣ ਦੀ ਉਮੀਦ ਖੋ ਦਿੱਤੀ ਸੀ ਅਤੇ ਪੰਜਾਂ ਵਿੱਚੋਂ ਤਿੰਨ ਭਾਰਤੀ ਤਾਂ ਇੰਨੇ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਮਲੇਰੀਆ, ਪੀਲੀਆ ਅਤੇ ਸਮੁੰਦਰੀ ਪਾਣੀ ਤੇ ਗੰਦੇ ਰਹਿਣ-ਸਹਿਣ ਕਾਰਨ ਹੋਰ ਕਈ ਬਿਮਾਰੀਆਂ ਹੋ ਗਈਆਂ ਸਨ।
ਅੰਕਿਤ ਨੇ ਦੱਸਿਆ ਕਿਵੇਂ ਉਨ੍ਹਾਂ ਦੇ ਜਹਾਜ਼ ਦੇ ਮਾਲਿਕ ਨੇ ਹੀ ਉਨ੍ਹਾਂ ਨੂੰ ਛੁਡਵਾਇਆ। “ਜਿਸ ਦਿਨ ਘਰ ਵਾਪਿਸ ਆਉਣਾ ਸੀ, ਜਹਾਜ਼ ਦੇ ਮਾਲਿਕ ਦਾ ਇੱਕ ਬੰਦਾ, ਜਿੱਥੇ ਸਾਨੂੰ ਰੱਖਿਆ ਗਿਆ ਸੀ, ਉੱਥੇ ਆਇਆ ਤੇ ਫਿਰੌਤੀ ਦੇ ਪੈਸੇ ਦਿੱਤੇ। ਮੈਂ ਇਸ ਹਾਲਤ ਵਿੱਚ ਨਹੀਂ ਸੀ ਕਿ ਪਤਾ ਲਗਾ ਸਕਾਂ ਕਿ ਸਾਨੂੰ ਛੁਡਵਾਉਣ ਲਈ ਕਿੰਨੇ ਪੈਸੇ ਦਿੱਤੇ ਗਏ। ਸਾਡੇ ਲਈ ਜਿਉਣ ਤੇ ਮਰਨ ਦਾ ਸਵਾਲ ਸੀ। ਉਸ ਤੋਂ ਬਾਅਦ ਸਾਡੀਆਂ ਅੱਖਾਂ ‘ਤੇ ਪੱਟੀ ਬੰਨ੍ਹ ਦਿੱਤੀ। ਇੱਕ ਸਪੀਡ ਬੋਟ ‘ਚ ਬਿਠਾ ਕੇ, ਇੱਕ ਜੰਗਲ ਵਿੱਚ ਛੱਡ ਦਿੱਤਾ ਗਿਆ। ਸਾਨੂੰ ਇਕ ਦਿਸ਼ਾ ਵਿਚ ਭੱਜਣ ਲਈ ਕਿਹਾ ਗਿਆ।” ਉਸਨੇ ਕਿਹਾ ਕਿ ਡਾਕੂਆਂ ਨੇ ਇੱਕ ਹੀ ਦਿਸ਼ਾ ਵਿੱਚ ਲਗਭਗ 16 ਕਿਲੋਮੀਟਰ ਭੱਜਣ ਲਈ ਕਿਹਾ ਗਿਆ, ਉਦੋਂ ਤੱਕ ਜਦੋਂ ਤੱਕ ਅਸੀਂ ਇੱਕ ਬਰਾਦਰੀ ਤੱਕ ਨਹੀਂ ਪਹੁੰਚ ਜਾਂਦੇ। ਉਨ੍ਹਾਂ ਨੇ ਸਾਨੂੰ ਡਾਕੂਆਂ ਦੇ ਕਿਸੇ ਹੋਰ ਗਰੁੱਪ ਤੋਂ ਬਚਣ ਦੀ ਚੇਤਾਵਨੀ ਵੀ ਦਿੱਤੀ। ਅੰਕਿਤ ਨੇ ਦੱਸਿਆ ਕਿ ਫਿਰ ਉੱਥੋਂ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ। ਇਸ ਤੋਂ ਬਾਅਦ ਨਾਈਜੀਰੀਆ ਦੀ ਜਲ-ਸੈਨਾ ਨੇ ਉਨ੍ਹਾਂ ਨੂੰ ਬਚਾਇਆ ਅਤੇ ਲਾਗੋਸ ਲੈ ਕੇ ਗਏ। ਫਿਰ ਸਾਰਿਆਂ ਨੂੰ ਹਵਾਈ ਜਹਾਜ ਰਾਹੀਂ ਮੁੰਬਈ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਉਡੀਕ ਕਰ ਰਹੇ ਸਨ।
ਭਾਰਤੀ ਸ਼ਿਪਿੰਗ ਮੰਤਰਾਲੇ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ, “ਨਾਇਜੀਰੀਆ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਉੱਥੇ ਦੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਦੱਸਿਆ ਸੀ ਜਿਸ ਤੋਂ ਬਾਅਦ ਨਾਈਜੀਰੀਆ ਦੀ ਜਲ ਸੈਨਾ ਨੇ ਕਿਸ਼ਤੀ ਭੇਜ ਕੇ ਸਾਰਿਆਂ ਨੂੰ ਬਚਾਇਆ ਅਤੇ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ।”

Real Estate