ਵੀਜ਼ਾ ਸ਼ਰਤਾਂ ਸਖਤ: ਨਿਊਜ਼ੀਲੈਂਡ ਵੀਜ਼ਾ ਅਰਜ਼ੀਆਂ ਦੇ ਵਿੱਚ ਜਾਅਲੀ ਪਰਚੀਆਂ ਹੋਈਆਂ ਦੁੱਗਣੀਆਂ

1405

ਭਾਰਤ ਤੋਂ ਲੱਗਣ ਵਾਲੀਆਂ ਅਰਜ਼ੀਆਂ ਦਾ ਹੈ ਮਾੜਾ ਰਿਕਾਰਡ

ਔਕਲੈਂਡ 1 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਆਉਣ ਦੀ ਚਾਹਤ ਰੱਖਣ ਵਾਲਿਆਂ ਦੀ ਗਿਣਤੀ ਦੇ ਵਿਚ ਜਿੱਥੇ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਇਨ੍ਹਾਂ ਅਰਜ਼ੀਆਂ ਦੇ ਨਾਲ ਲੱਗਣ ਵਾਲੀਆਂ ਪਰਚੀਆਂ ਯਾਨਿ ਕਿ ਸੁਪੋਰਟ ਕਾਗਜ਼ ਪੱਤਰ ਜਿਵੇਂ ਫੰਡ ਆਦਿ ਦੇ ਕਾਗਜ਼ ਵੀ ਜਾਅਲੀ ਲੱਗ ਰਹੇ ਹਨ। ਵੀਜ਼ਾ ਸ਼ਰਤਾਂ ਸਖਤ ਹੋ ਰਹੀਆਂ ਹਨ ਅਤੇ ਜਾਂਚ-ਪੜ੍ਹਤਾਲ ਹੋਰ ਬਰੀਕ ਹੋ ਰਹੀ ਹੈ ਪਰ ਕਹਿੰਦੇ ਨੇ ਸੇਰ ਨੂੰ ਸਵਾ ਸੇਰ ਵੀ ਮਿਲ ਜਾਂਦਾ ਹੈ। ਭਾਰਤ ਦੇ ਨਕਲੀ ਏਜੰਟਾਂ ਦਾ ਨਾਂ ਜਾਅਲਸਾਜ਼ੀ ਦੇ ਵਿਚ ਕਾਫੀ ਚਮਕ ਰਿਹਾ ਹੈ। ਨਕਲੀ ਅਰਜ਼ੀਆਂ ਦੇ ਵਿਚ 88% ਚੱਕ ਵਾਧਾ ਅੰਕਿਤ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੈਨੇਜਰ ਦਾ ਕਹਿਣਾ ਹੈ ਕਿ ਜਾਅਲਸਾਜ਼ੀ ਕਰਕੇ ਅਸਲ ਅਰਜ਼ੀਆਂ ਦਾ ਉਡੀਕ ਸਮਾਂ ਵੀ ਲਗਾਤਾਰ ਵਧ ਰਿਹਾ ਹੈ। ਜਾਅਲਸਾਜ਼ੀ ਦੇ ਵਿਚ ਇੰਡੀਆ, ਸਾਊਥ ਏਸ਼ੀਆ ਅਤੇ ਈਸਟਰਨ ਯੂਰੋਪ ਦੇਸ਼ ਜਿਆਦਾ ਸ਼ਾਮਿਲ ਹਨ। ਸਾਫ ਸੁਥਰੀਆਂ ਅਰਜ਼ੀਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਦੂਜੀਆਂ ਅਰਜ਼ੀਆਂ ਨੂੰ ਲਾਈਨ ਵਿਚ ਲਗਾਇਆ ਜਾ ਰਿਹਾ ਹੈ। ਇਮੀਗ੍ਰੇਸ਼ਨ ਸਿਖਿਆ ਸੰਸਥਾਨਾਂ ਨੂੰ ਸਿਰਫ ਉਚ ਮਿਆਰੀ ਵਿਦਿਆਰਥੀਆਂ ਨੂੰ ਬੁਲਾਉਣ ਲਈ ਸਲਾਹ ਦੇ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਜੇਕਰ ਵਿਖਾਏ ਗਏ ਪੈਸੇ ਆਦਿ ਨੂੰ ਸ਼ੱਕ ਦੇ ਰੂਪ ਵਿਚ ਵੇਖਦਾ ਹੈ ਤਾਂ ਵਿਦਿਆਰਥੀਆਂ ਦੀ ਅਰਜ਼ੀ ਨੂੰ ਨਕਾਰਿਆ ਜਾ ਸਕਦਾ ਹੈ। ਇਮੀਗ੍ਰੇਸ਼ਨ ਨੇ ਹੁਣ ਤੱਕ ਨਕਲੀ ਬੈਂਕ ਖਾਤੇ ਅਤੇ ਨਕਲੀ ਫੰਡ ਦੇ ਕਈ ਕੇਸ ਵੇਖੇ ਹਨ ਅਤੇ ਹੋਰ ਬਰੀਕੀ ਦੇ ਨਾਲ ਵੀਜ਼ਾ ਅਰਜੀਆਂ ਦੀ ਜਾਂਚ-ਪੜ੍ਹਤਾਲ ਕੀਤੀ ਜਾ ਰਹੀ ਹੈ।

Real Estate