ਜ਼ੁਬਾਨ ਦਾ ਇਕਰਾਰਨਾਮਾ

2197

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਮੋ:97816-93300

ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ।
ਜੁਬਾਨ ਦੇ ਸਿਰ ਤੇ ਹੀ ਵੱਡੇ ਵੱਡੇ ਫੈਸਲੇ ਲੈ ਲਏ ਜਾਂਦੇ।ਭਾਵੇ ਕਿਸੇ ਦਾ ਕੋਈ ਘਰੇਲੂ ਮਸਲਾ ਹੋਵੇ ਜਾਂ ਫਿਰ ਪਿੰਡ ਦਾ ਸਾਂਝਾ।ਜੋ ਬੋਲ ਮੂੰਹ ‘ਚੋ ਨਿਕਲ ਜਾਣੇ ਉਸ ਤੇ ਸਾਰੇ ਪਹਿਰਾ ਦਿੰਦੇ ।ਕੋਈ ਵੀ ਮੁਕਰਦਾ ਨਹੀਂ ਸੀ।ਸਭ ਕੁਝ ਪੰਚਾਇਤ ਵੱਲੋ ਹੀ ਹੱਲ ਕਰ ਲਿਆ ਜਾਂਦਾ ਸੀ।ਲੋਕਾਂ ਦੇ ਦਿਲਾ ਵਿੱਚ ਰਹਿਮ, ਇੱਜ਼ਤ ਮਾਣ ਤੇ ਕਦਰਾਂ ਕੀਮਤਾਂ ਸਨ।ਇਨਸਾਨੀਅਤ ਦਾ ਮੁੱਲ ਪੈਂਦਾ ਸੀ।ਕਿਤੇ ਕੋਰਟ ਕਚਹਿਰੀ ਵਿੱਚ ਜਾਣ ਦੀ ਜਰੂਰਤ ਹੀ ਨਹੀਂ ਸੀ ਪੈਂਦੀ।
ਸਮੇਂ ਦੇ ਬਦਲਣ ਨਾਲ ਨਾ ਤਾਂ ਜ਼ੁਬਾਨ ਦਾ ਮੁੱਲ ਰਿਹਾ ਅਤੇ ਨਾ ਹੀ ਲੋਕਾਂ ਵਿੱਚ ਮਿਲਵਰਤਨ ਦੀ ਭਾਵਨਾ ਰਹਿ ਗਈ।ਚੰਗਾ ਪੜ੍ਹਨਾ ਲਿਖਣਾ ਤਾਂ ਦੂਰ ਦੀ ਗੱਲ,ਲੋਕ ਮੋਬਾਇਲ ਫੋਨਾਂ ਅਤੇ ਸ਼ੋਸ਼ਲ ਮੀਡੀਆ ਤੱਕ ਹੀ ਸਿਮਟ ਕੇ ਰਹਿ ਗਏ।ਇੱਕ ਦੂਜੇ ਕੋਲ ਬੈਠਣ ਅਤੇ ਕਿਸੇ ਵੀ ਵਿਚਾਰ ਕਰਨ ਦੇ ਲਈ ਕਿਸੇ ਕੋਲ ਸਮਾਂ ਨਹੀਂ ।ਭੱਜ ਦੌੜ ਵਿੱਚ ਖਿਝੇ ਹੋਏ ਲੋਕ ਇੱਕ ਦੂਜੇ ਨੂੰ ਵੱਢ ਖਾਣ ਨੂੰ ਪੈਂਦੇ ਹਨ।ਤਾਂ ਹੀ ਤਾਂ ਕਚਹਿਰੀਆਂ ਵਿੱਚ ਕੇਸਾਂ ਦੀ ਗਿਣਤੀ ਵੱਧ ਗਈ ਕਿਉਕਿ ਲਿਖਤੀ ਇਕਰਾਰ ਕਰਕੇ ਵੀ ਲੋਕ ਮੁਕਰ ਜਾਂਦੇ ਹਨ ।ਅੱਜ ਕੱਲ ਕਿਸੇ ਨੂੰ ਇੱਕ ਦੂਜੇ ਤੇ ਵਿਸਵਾਸ਼ ਨਾ ਹੋਣ ਕਰਕੇ ਗਰੰਟੀ ਅਤੇ ਗਵਾਹੀ ਪਾਉਣ ਦੇ ਬਾਵਜੂਦ ਵੀ ਅਦਾਲਤਾ ਵਿੱਚ ਕੇਸਾਂ ਦੀ ਤਦਾਦ ‘ਚ ਵਾਧਾ ਹੋ ਰਿਹਾ ਹੈ।
ਕਿੳਂੁ ਘਟਿਆ ਜ਼ੁਬਾਨ ਦਾ ਮੁੱਲ ਕਿਉਂਕਿ ਸਾਡੇ ਵਿੱਚ ਆਪਸੀ ਮੇਲ ਮਿਲਾਪ ਅਤੇ ਭਾਈਚਾਰਕ ਸਾਝਾਂ ਖਤਮ ਹੋ ਗਈਆਂ ਹਨ।ਅਸੀਂ ਆਪਣੇ ਬੱਚਿਆਂ ਕੋਲ ਸਮਾਂ ਕੱਢ ਕੇ ਬੈਠਣਾ ਭੁੱਲ ਗਏ ਹਾਂ ਜਿਸ ਦੇ ਫਲਸਰੂਪ ਪਰਿਵਾਰਾਂ ਵਿੱਚ ਇਕੱਠ ਖਤਮ ਹੋ ਗਿਆ ਹੈ ।ਸਭ ਆਪੋ ਆਪਣੇ ਕਮਰਿਆਂ ਵਿੱਚ ਟੀ.ਵੀ ਜਾਂ ਮੋਬਾਇਲ ਫੋਨ ਦੇਖਣ ਲੱਗ ਜਾਂਦੇ ਹਨ।ਨੇੜੇ ਹੋਣ ਦੇ ਬਾਵਜੂਦ ਵੀ ਰਿਸ਼ਤਿਆ ਵਿੱਚ ਦੂਰੀ ਲੱਗਣ ਲੱਗ ਗਈ ।ਰਿਸ਼ਤੇਦਾਰੀਆ ਵਿੱਚ ਆਉਣਾ ਜਾਣਾ ਬੰਦ ਹੋ ਗਿਆ ।ਕੰਮ ਕਾਜੀ ਦਲਦਲ ਵਿੱਚ ਫਸੇ ਹੋਏ ਲੋਕਾਂ ਕੋਲ ਸਮਾਂ ਨਾ ਹੋਣ ਕਾਰਨ ਆਂਢੀਆਂ ਗਵਾਢੀਆਂ ਅਤੇ ਰਿਸ਼ਤੇਦਾਰਾਂ ਨਾਲ ਵਿਚਾਰ ਵਿਟਾਂਦਰਾ ਘੱਟ ਗਿਆ ।ਆਪਣੀ ਸ਼ਾਨੋ ਸ਼ੌਕਤ ਦੀ ਹੋੜ ਵਿੱਚ ਲੱਗੇ ਲੋਕਾਂ ਨੇ ਆਪਣੇ ਆਪ ਨੂੰ ਦੂਜਿਆ ਤੋਂ ਉੱਚੇ ਦਿਖਾਉਣਾ ਸ਼ੁਰੂ ਕਰ ਦਿੱਤਾ।ਕਿਸੇ ਦੀ ਵੀ ਮਦਦ ਕਰਨ ਨੂੰ ਕੋਈ ਤਿਆਰ ਨਹੀਂ ਸਗੋਂ ਦੂਜੇ ਨੂੰ ਮਰਦਾ ਦੇਖ ਕੇ ਖੁਸ਼ ਹੁੰਦੇ ਹਨ।ਫੇਸ ਬੁੱਕ ਅਤੇ ਵੱਟਸਐਪ ਤੇ ਬਣੇ ਦੋਸਤਾ ਨੂੰ ਗੁੱਡ ਮਾਰਨਿੰਗ ਤਾਂ ਭੇਜਣਾ ਨਹੀਂ ਭੁਲਦੇ ਪ੍ਰੰਤੂ ਅਸਲ ਜਿੰਦਗੀ ਵਿੱਚ ਦੋਸਤਾ ਨੂੰ ਮਿਲਣਾ ਅਤੇ ਘਰ ਦੇ ਬਜ਼ੁਰਗਾ ਤੋਂ ਅਸੀਸਾ ਲੈਣੀਆਂ ਜ਼ਰੂਰ ਭੁੱਲ ਗਏ ਹਾਂ।
ਅਖੀਰ ਇਹੀ ਸਵਾਲ ਹੈ ਕਿ ਕਿਵੇਂ ਲਿਆਂਦਾ ਜਾਵੇ ਉਹੀ ਗਵਾਚਾ ਸਮਾਂ, ਜਿਥੇ ਜ਼ੁਬਾਨ ਦੇ ਬੋਲਾ ਦੇ ਮੁੱਲ ਪੈਣ।ਅਜਿਹਾ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਪਰਿਵਰਤਨ ਕਰਨਾ ਪਵੇਗਾ। ਸਮਾਜ ਨੂੰ ਬਦਲਣ ਲਈ ਆਪਣੇ ਆਪ ਵਿੱਚ ਬਦਲਾਵ ਲਿਆਉਣਾ ਪਵੇਗਾ।ਬੱਚਿਆਂ ਨੂੰ ਮੋਬਾਇਲ ਫੋਨਾਂ ਅਤੇ ਸ਼ੋਸ਼ਲ ਮੀਡੀਆਂ ਦੀ ਵਰਤੋਂ ਘੱਟ ਕਰਕੇ ਉਨਾਂ ਦੀ ਰੁੱਚੀ ਕਿਤਾਬਾਂ,ਰਸਾਲੇ,ਅਖਬਾਰਾਂ ਅਤੇ ਇਤਿਹਾਸ ਪੜ੍ਹਨ ਵਿੱਚ ਵਧਾਉਣੀ ਹੋਵੇਗੀ।ਸਮਾਜਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਨੂੰ ਨਿਭਾਉਣ ਲਈ ਦੱਸਣਾ ਪਵੇਗਾ।ਸਾਡੇ ਵਿਦਿਅਕ ਅਦਾਰਿਆ ਵਿੱਚ ਵੀ ਕੁੱਝ ਸਮਾਂ ਕਿਤਾਬੀ ਪੜ੍ਹਾਈ ਨੂਂ ਛੱਡ ਕੇ ਮਨੁੱਖੀ ਮੇਲ ਮਿਲਾਪ ਅਤੇ ਚੰਗੇ ਰਹਿਣ ਸਹਿਣ ਬਾਰੇ ਦੱਸਿਆ ਜਾਣਾ ਚਾਹੀਦਾ ਹੈ।ਸਕੂਲਾਂ ਕਾਲਜਾਂ ਵਿੱਚ ਚੰਗੀਆਂ ਲਾਇਬ੍ਰੇਰੀ ਹੋਣੀਆਂ ਚਾਹੀਦੀਆਂ ਹਨ।ਪਹਿਲ ਤਾਂ ਕਰਨੀ ਹੀ ਪਵੇਗੀ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਨਸਾਨ ਵੀ ਪਸ਼ੂਆਂ ਬਰਾਬਰ ਹੋ ਜਾਵੇਗਾ।
ਆਓ ਰਲ ਕੇ ਹੰਭਲਾਂ ਮਾਰਦੇ ਹੋਏੇ ਆਪਣੇ ਰੁਝੇਵੇਆ ‘ਚੋ ਕੁਝ ਸਮਾਂ ਰੋਜ਼ਾਨਾ ਕੱਢ ਕੇ ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਪੁਰਾਤਨ ਸੱਭਿਆਚਾਰ ,ਚੰਗੇ ਸੰਸਕਾਰ ਅਤੇ ਜ਼ੁਬਾਨ ਦੀ ਦ੍ਰਿੜ੍ਹਤਾ ‘ਤੇ ਅਟਲ ਰਹਿਣ ਦੇ ਧਾਰਨੀ ਬਣਾਈਏ।ਆਸ ਪਾਸ ਦੇ ਲੋਕਾਂ ਨਾਲ ਮੇਲ ਮਿਲਾਪ ਵਧਾਈਏ।ਬਿਨ੍ਹਾਂ ਕਿਸੇ ਭੇਦ ਭਾਵ ਦੇ ਹਰ ਵਰਗ ਦੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ ਕਰੀਏ ਅਤੇ ਆਪਣੇ ਮਨ ‘ਚੋਂ ਦੂਜਿਆ ਤੋਂ ਬਿਹਤਰ ਦਿਸਣ ਦੀ ਫਿਤਰਤ ਅਤੇ ਹੀਣ ਭਾਵਨਾ ਤਿਆਗ ਦਈਏ,ਤਾਂ ਜੋ ਆਉਣ ਵਾਲੇ ਸਮੇਂ ਵਿੱਚ ਫਿਰ ਇਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਜ਼ੁਬਾਨ ਨਾਲ ਕੀਤੇ ਇਕਰਾਰ ਦਾ ਮੁੱਲ ਪੈ ਸਕੇ।

 

Real Estate