ਗ਼ਦਾਰ

ਧਰਮ ਸਿੰਘ ਕੰਮੇਆਣਾ

ਧਰਮ  ਕੰਮੇਆਣਾ
‘ਦੁੱਲਾ ਪਿੰਡੀਓ ਤੁਰ ਪਿਆ’ ਕਿਤਾਬ ਵਿੱਚੋਂ

 

ਗ਼ਦਾਰ ਵਿਅਕਤੀ ਹੁੰਦਾ ਹੈ
ਕੌਮ ਨਹੀਂ
ਗੰਗੂ ਦੀ ਗ਼ਦਾਰੀ ਹਿੰਦੂਆਂ ਦੀ ਗ਼ਦਾਰੀ ਨਹੀਂ
ਮਤੀਦਾਸ ਤੇ ਸਤੀਦਾਸ ਵਰਗੇ ਸ਼ਹੀਦ ਭਲਾਂ ਕੌਣ ਸਨ?

ਗੋਬਿੰਦ ਸਿੰਘ ਨੇ ਸਾਜ਼ੀ ਸੀ ਜੋ
ਸੂਰਿਆਂ ਦੀ ਕੌਮ
ਉਹਦੇ ‘ਚ ਵੀ ਹੋਏ ਹਨ
ਪਹਾੜਾ ਸਿੰਘ ਜਿਹੇ ਗ਼ਦਾਰ
ਤੇ ਔਰੰਗਜ਼ੇਬ ਦੀਆਂ ਵਧੀਕੀਆਂ
ਮੜ੍ਹੋ ਨਾ ਮੁਸਲਮਾਨਾਂ ਸਿਰ
ਉਹ ਤਾਂ ਸਨ ਇਕ ਬਾਦਸ਼ਾਹ ਦੇ ਅਤਿਆਚਾਰ
ਦਸਮ ਪਿਤਾ ਦਾ ਅਨਿੰਨ ਸੇਵਕ
ਇਸਲਾਮ ਦਾ ਧਾਰਨੀ
ਪੀਰ ਬੁੱਧੂ ਸ਼ਾਹ
ਗੁਰੂ ਘਰ ਲਈ
ਸਰਬੰਸ ਵਾਰ ਗਿਆ

ਉੱਠੋ
ਮਜ਼੍ਹਬਾਂ ਤੋਂ ਉੱਪਰ ਉੱਠੋ
ਸਮਝੋ ਸਮਝੋ
ਸਮਿਆਂ ਦੀ ਚਾਲ
ਜੰਗ ਲੜਨੀ ਹੈ ਅਸੀਂ
ਜ਼ਾਲਮ ਸਤਾ ਦੇ ਖ਼ਿਲਾਫ਼
ਫ਼ਿਰਕੂ ਦਰਿੰਦਿਆਂ ਖ਼ਿਲਾਫ਼
ਅਨਿਆਂ ਦੇ ਖ਼ਿਲਾਫ਼
ਤੇ ਜੀਅ ਭਰ ਕੇ ਜੀਣ ਦੇ ਸੁਪਣੇ ਲਈ
ਸਾਡੀ ਕੋਈ ਦੁਸ਼ਮਣੀ ਨਹੀਂ
ਕਿਸੇ ਮਜ਼੍ਹਬ
ਕਿਸੇ ਕੌਮ
ਕਿਸੇ ਵਿਅਕਤੀ ਦੇ ਨਾਲ

***

Real Estate