ਤੇਰੀ ਇੱਕੋ ਅੱਖ ਸੁਲੱਖਣੀ, ਜਿਹੜੀ ਪਰਬਤ ਦੇਂਦੀ ਢਾਹ……

924

ਗੁਰਪ੍ਰੀਤ ਸਿੰਘ ਸਹੋਤਾ
27 ਜੂਨ ਨੂੰ ਦੁਨੀਆ ਭਰ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 27 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ‘ਤੇ ਆਪਣਾ ਅਖੀਰਲਾ ਸਾਹ ਲਿਆ ਸੀ।1799 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ, ਲਗਭਗ 18 ਸਾਲ ਦੀ ਉਮਰ ਵਿੱਚ ਤਖਤ-ਨਸ਼ੀਨ ਹੋਣ ਵਾਲੇ ਗੱਭਰੂ ਰਣਜੀਤ ਸਿੰਘ ਨੇ, ਪੂਰੇ 40 ਵਰ੍ਹੇ ਪੰਜਾਂ ਦਰਿਆਵਾਂ ਦੀ ਧਰਤੀ ‘ਤੇ ‘ਸਰਕਾਰ-ਏ-ਖਾਲਸਾ ਜੀਓ’ ਦੀ ਅਗਵਾਈ ਕੀਤੀ।ਅਨੇਕ ਮਨੁੱਖੀ ਕਮਜ਼ੋਰੀਆਂ ਦੇ ਬਾਵਜੂਦ, ਮਹਾਰਾਜਾ ਰਣਜੀਤ ਸਿੰਘ ਇੱਕ ਮਜ਼ਬੂਤ ‘ਨਿਆਂਕਾਰੀ, ਉਦਾਰ ਦਿਲ, ਭੇਦਭਾਵ ਅਤੇ ਫਿਰਕੂ ਵਿਤਕਰੇ ਤੋਂ ਰਹਿਤ ਸ਼ਾਸ਼ਕ’ ਵਜੋਂ ਗੈਰ-ਸਿੱਖਾਂ ਵਿੱਚ ਵੀ ਹਰਮਨਪਿਆਰਤਾ ਹਾਸਲ ਕਰ ਚੁੱਕਾ ਸੀ।ਅੱਜ ਵੀ ਲਾਹੌਰ ਦੀ ਯਾਤਰਾ ਕਰਨ ਵਾਲਾ ਹਰ ਸਿੱਖ ਜਦੋਂ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਨੂੰ ਵੇਖਦਾ ਹੈ ਤਾਂ ਕਿਲੇ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਉੱਚੀ ਖੜ੍ਹੀ ਸਮਾਧ ਨੂੰ ਵੇਖ ਕੇ ਉਸ ਨੂੰ ਸਿੱਖ ਕੌਮ ਦੇ ਸੁਨਹਿਰੀ ‘ਬੀਤੇ-ਯੁੱਗ’ ਦੀਆਂ ਯਾਦਾਂ ਜ਼ਰੂਰ ਘੇਰ ਲੈਂਦੀਆਂ ਹਨ।ਇੱਕ ਵਿਚਾਰ -ਚਰਚਾ ਦੌਰਾਨ, ਜਦੋਂ ਬਹੁਤ ਇਕੱਠੇ ਹੋਏ ਵਿਦਵਾਨ, ਇੱਕ ਤੋਂ ਬਾਅਦ ਇੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਕਮਜ਼ੋਰੀਆਂ ਗਿਣਾ ਰਹੇ ਸਨ ਤਾਂ ਉਸ ਇਕੱਠ ਵਿੱਚ, ਪਿੱਛੇ ਜਿਹੇ ਬੈਠੇ ਇੱਕ ਸਧਾਰਨ ਪੇਂਡੂ ਬਾਈ ਨੇ, ਖਲੋ ਕੇ ਕੁਝ ਕਹਿਣ ਦੀ ਇਜ਼ਾਜ਼ਤ ਮੰਗੀ। ਉਸ ਨੇ ਇੱਕ ਟਿੱਪਣੀ ਨਾਲ ਸਾਰੇ ਇਕੱਠ ਵਿੱਚ ਸੰਨਾਟਾ ਵਰਤਾ ਦਿੱਤਾ।ਉਸ ਨੇ ਕਿਹਾ – ‘ਭਰਾਵੋ, ਰਣਜੀਤ ਸਿੰਘ ਵਾਕਿਆ ਹੀ ਬਹੁਤ ਨਿਕੰਮਾ ਸਿੱਖ ਸੀ, ਪਰ ਚਲੋ ਇਵੇਂ ਕਰੋ, ਇੱਕ ਨਿਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ-ਘੱਟ ਅਸੀਂ ਕਿਸੇ ਰਾਜ ਦੇ ਮਾਲਕ ਤਾਂ ਅਖਵਾ ਸਕੀਏ।’
ਖਾਲਸਾ ਰਾਜ ਦਾ ਉਸਰੱਈਆ ਮਹਾਰਾਜਾ ਰਣਜੀਤ ਸਿੰਘ ਅਮਰ ਰਹੇ।

Real Estate