ਡੇਰਾ ਪ੍ਰੇਮੀਆਂ ਨੇ ਦੂਜੇ ਦਿਨ ਵੀ ਨਹੀਂ ਕੀਤਾ ਬਿੱਟੂ ਦਾ ਅੰਤਿਮ ਸਸਕਾਰ

809

ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਨਾ ਕਰਨ ਲਏ ਫੈਸਲੇ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਦੂਜੇ ਦਿਨ ਵੀ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐਸ ਐਸ ਪੀ ਰਾਜ ਬੱਚਨ ਸਿੰਘ ਸੰਧੂ ਮੁੜ ਸੋਮਵਾਰ ਸਵੇਰੇ ਕੋਟਕਪੂਰਾ ਦੀ ਨਾਮ ਚਰਚਾ ਘਰ ਪੁੱਜੇ ਤਾਂ ਕਿ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਰਾਹੀਂ ਕੋਈ ਹੱਲ ਕੱਢਿਆ ਜਾ ਸਕੇ। ਡੇਰਾ ਸਿਰਸਾ ਦੀ 45 ਕਮੇਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਨਹੀਂ ਹੁੰਦੀ ਤੇ ਡੇਰਾ ਪ੍ਰੇਮੀਆਂ ਵਿਰੁਧ ਦਰਜ ਕੀਤੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਨਹੀਂ ਹੁੰਦੇ ਉਹ ਅੰਤਿਮ ਸਸਕਾਰ ਨਹੀਂ ਕਰਨਗੇ। ਇਸ ਤੋਂ ਪਹਿਲਾਂ ਅੱਜ ਸੋਮਵਾਰ ਸਵੇਰੇ ਕੋਟਕਪੂਰਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ।
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੇਸ ਦਾ ਮੁੱਖ ਮੁਲਜ਼ਮ ਸੀ। ਉਸ ਦਾ ਨਾਭਾ ਜੇਲ੍ਹ ’ਚ ਦੋ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਡੇਰਾ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਵਾਪਰੀ ਇਹ ਘਟਨਾ ਚਾਣਚੱਕ ਨਹੀਂ, ਬਲਕਿ ਇਹ ਗੰਭੀਰ ਸਾਜ਼ਿਸ਼ ਦਾ ਹਿੱਸਾ ਹੈ ਤੇ ਇਸ ਪਿੱਛੇ ਕਥਿਤ ਵੱਡੇ ਲੋਕਾਂ ਦਾ ਹੱਥ ਹੈ।

Real Estate