ਰਾਸ਼ਟਰੀ ਸਵੰਯਮ ਸੇਵਕ ਸੰਘ (RSS) – ਭਾਗ 3

2111

Harmeet Brarਹਰਮੀਤ ਬਰਾੜ

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਜਨਮ ਭੂਮੀ ਦਾ ਮੁੱਦਾ ਉਠਾਇਆ ਅਤੇ ਜੋਰ ਸ਼ੋਰ ਨਾਲ ਇਸਨੂੰ ਰਾਜਨੀਤਕ ਮੁੱਦਾ ਬਣਾ ਦਿੱਤਾ ਗਿਆ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸੰਘ ਨੇ ਕਾਨੂੰਨੀ ਜਾਂ ਜਾਹਿਰ ਤੌਰ ਤੇ ਇਸ ਦਾ ਸਮਰਥਨ ਨਹੀਂ ਕੀਤਾ ਪਰ ਪਿੱਛੋਂ ਪੂਰਾ ਬਲ ਦਿੱਤਾ। ਅੱਗੇ ਰਹਿ ਕੇ ਇਹ ਕੰਮ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹੀ ਕੀਤਾ। 1986 ਵਿਚ ਭਾਰਤੀ ਜਨਤਾ ਪਾਰਟੀ ਵੀ ਰਾਮ ਮੰਦਿਰ ਮੁੱਦੇ ਨਾਲ ਜੁੜ ਗਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਰਥ ਯਾਤਰਾ ਕੱਢੀ ਗਈ। ਹੁਣ ਸੰਘ ਦਾ ਕਾਡਰ ਦਿਨ ਪ੍ਰਤੀ ਦਿਨ ਬਹੁਤ ਵੱਡਾ ਹੋ ਰਿਹਾ ਸੀ ਅਤੇ ਵੱਡੇ ਰੂਪ ਵਿਚ ਵੋਟ ਪ੍ਰਭਾਵਿਤ ਕਰਦਾ ਸੀ ਜਿਸ ਕਰਕੇ ਕਾਂਗਰਸ ਵੀ ਇਸ ਤੋਂ ਦਬਣ ਲੱਗੀ। 1986 ਵਿਚ ਮੰਦਿਰ ਦੇ ਗੇਟ ਖੋਲੇ ਗਏ, ਦੂਰਦਰਸ਼ਨ ਤੇ ਇਸ ਦਾ ਸਿੱਧਾ ਪ੍ਰਸਾਰਣ ਚੱਲਿਆ। 1989 ਵਿਚ ਸ਼ਿਲਾ ਪੂਜਣ ਕੀਤਾ ਗਿਆ ਜਿਸ ਦਾ ਅੰਦਰ ਖਾਤੇ ਕਾਂਗਰਸ ਨੇ ਹੁੰਗਾਰਾ ਭਰਿਆ।  ਇਸ ਤੋਂ ਸਾਫ ਹੋ ਗਿਆ ਕਿ ਹੁਣ ਸੰਘ ਸਿਰਫ ਭਾਜਪਾ ਤੇ ਨਿਰਭਰ ਨਹੀਂ ਸੀ, ਲੋੜ ਪੈਣ ਤੇ ਉਹ ਕਾਂਗਰਸ ਨੂੰ ਵੀ ਦਬਾਅ ਸਕਦੀ ਸੀ। ਰਾਮ ਜਨਮ ਭੂਮੀ ਦਾ ਮੁੱਦਾ ਉਠਾਉਣ ਨਾਲ ਭਾਜਪਾ ਅਤੇ ਸੰਘ ਮੁਲਕ ਭਰ ਵਿਚ ਪੂਰੀ ਤਰ੍ਹਾਂ ਮਜਬੂਤ ਹੋ ਗਏ। ਹੁਣ ਇਹਨਾਂ ਕੋਲ ਵੱਡਾ ਕਾਡਰ ਸੀ ਜੋ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਸੀ। 1992 ਵਿਚ ਬਾਬਰੀ ਮਸਜਿਦ ਢਾਹੁਣ ਮਗਰੋਂ ਸੰਘ ਉੱਤੇ ਤੀਜੀ ਵਾਰ ਰੋਕ ਲੱਗੀ ਜੋ ਕਿ 1993 ਵਿਚ ਸਬੂਤਾਂ ਦੀ ਕਮੀ ਕਰਕੇ ਹਟਾ ਲਈ ਗਈ। ਇਸ ਤੋਂ ਮਗਰੋਂ ਰਾਜਨੀਤੀ ਵਿੱਚ ਚਾਹੇ ਭਾਜਪਾ ਉਭਰ ਰਹੀ ਸੀ ਪਰ ਸਰਕਾਰ ਬਨਾਉਣ ਲਈ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਕਰਨਾ ਪੈਣਾ ਸੀ ਜੋ ਕਿ ਅਕਸਰ ਵਿਚਾਰਧਾਰਾ ਨਾਲ ਮੇਲ ਨਾ ਖਾਂਦੇ। ਇਸ ਸਭ ਦਾ ਜੋੜ ਘਟਾਅ ਕਰਦਿਆਂ ਨੈਸ਼ਨਲ ਡੈਮੋਕ੍ਰੇਟਿਕ ਅਲਾਂਇੰਸ (NDA) ਉਭਰਿਆ । ਅਕਸਰ ਕਈ ਵਾਰ ਦੂਜੇ ਮੈੰਬਰ ਸਮਾਜਵਾਦੀ ਵਿਚਾਰਾਂ ਦੇ ਹੁੰਦੇ ਅਤੇ ਭਾਜਪਾ ਕੱਟੜਪੰਥੀ ਸੰਘੀ ਵਿਚਾਰਧਾਰਾ ਦੀ, ਜਿਸਨੂੰ ਲੈ ਕੇ ਸੰਘ ਅਤੇ ਭਾਜਪਾ ਵਿਚ ਟਕਰਾਅ ਦੀ ਸਥਿਤੀ ਕਈ ਵਾਰ ਪੈਦਾ ਹੋਈ। ਖਾਸ ਕਰਕੇ ਆਰਥਿਕ ਪਾਲਸੀ ਨੂੰ ਲੈ ਕੇ ਜਿਵੇਂ ਕਿ ਐਫ ਡੀ ਆਈ (FDI), ਡਿਫੈਂਸ, ਸਵਦੇਸ਼ੀ ਪ੍ਰਮੋਸ਼ਨ ਆਦਿ ਨੂੰ ਲੈ ਕੇ ਕਈ ਵਾਰ ਟਕਰਾਅ ਹੋਇਆ ਅਤੇ ਯਸ਼ਵੰਤ ਸਿਨਹਾ ਨੂੰ ਸੰਘ ਦੀ ਦਖਲਅੰਦਾਜ਼ੀ ਕਰਕੇ ਅਸਤੀਫਾ ਵੀ ਦੇਣਾ ਪਿਆ। ਅਟਲ ਬਿਹਾਰੀ ਵਾਜਪਾਈ ਨੂੰ ਸੰਘ ਦੀ ਲੋੜ ਤੋਂ ਵੱਧ ਦਖਲਅੰਦਾਜ਼ੀ ਬਿਲਕੁਲ ਪਸੰਦ ਨਹੀਂ ਸੀ। 2003-4 ਤੱਕ ਸੰਘ ਅਤੇ ਭਾਜਪਾ ਵਿਚ ਨਿਰੰਤਰ ਦੂਰੀ ਵਧਣ ਕਰਕੇ ਸੰਘ ਨੇ ਅਟਲ ਨੂੰ ਸਰਕਾਰ ਬਨਾਉਣ ਵਿਚ ਕੋਈ ਖਾਸ ਮਦਦ ਨਾ ਕੀਤੀ ਤੇ ਸਰਕਾਰ ਨਾ ਬਣ ਸਕੀ। ਪਰ 2013-14 ਵਿਚ ਸੰਘ ਦੇ ਕਾਡਰ ਵਲੋਂ ਪੂਰੀ ਤਾਕਤ ਲਗਾ ਕੇ ਨਰਿੰਦਰ ਮੋਦੀ ਦੀ ਸਰਕਾਰ ਬਣਾਈ ਗਈ। ਇਸ ਲਈ 60-65 ਲੱਖ ਐਕਟਿਵ ਵਰਕਰ ਹਰ ਵੇਲੇ ਸੰਘ ਕੋਲ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਵੀ ਸਮੇਂ ਕਿਸੇ ਵੀ ਸ਼ਾਖਾ ਵਿਚ ਤਬਦੀਲ ਜਾਂ ਸੰਘ ਪਰਿਵਾਰ ਦੇ ਕਿਸੇ ਹੋਰ ਹਿੱਸੇ ਵਿਚ ਡੈਪੂਟੇਸ਼ਨ ਤੇ ਭੇਜੇ ਜਾ ਸਕਦੇ ਹਨ। ਆਪਣੇ ਫਲਸਫੇ ਵਿਚ ਸੰਘ ਨੇ ਚਾਰ ਗੱਲਾਂ ਨੂੰ ਮਹੱਤਵ ਦਿੱਤਾ *centralized India ਭਾਵ ਸਾਰੀ ਤਾਕਤ ਕੇਂਦਰ ਕੋਲ ਹੋਵੇ ਅਤੇ ਕੇਂਦਰ ਹੀ ਰਾਜਾਂ ਨੂੰ ਚਲਾਏ। * integral humanism – ਦੀਨ ਦਿਆਲ ਉਪਾਧਿਆਏ ਨੇ ਇਹ ਸਿਆਸੀ ਪ੍ਰੋਗਰਾਮ 1965 ਵਿਚ ਲਾਗੂ ਕੀਤਾ, ਜਿਸ ਵਿਚ ਪੂੰਜੀਵਾਦ ਅਤੇ ਖੱਬੇ ਪੱਖੀ ਦੇ ਵਿਚਕਾਰ ਦਾ ਰਸਤਾ ਅਪਣਾਇਆ ਗਿਆ ਜਿਸ ਵਿਚ ਪੇਂਡੂ ਵਿਕਾਸ, ਸਮਾਜਿਕ ਪ੍ਰਾਥਮਿਕਤਾ ਨੂੰ ਲਿਆਂਦਾ ਗਿਆ। *Hindutav ਭਾਵ ਜੋ ਭਾਰਤ ਵਿਚ ਰਹਿੰਦਾ ਹੈ ਉਸਨੂੰ ਹਿੰਦੂ ਧਰਮ ਮੰਨਣਾ ਜਾਂ ਅਪਨਾਉਣਾ ਹੀ ਪਵੇਗਾ। ਜੋ ਕਿ ਹਮੇਸ਼ਾ ਹੀ ਇੱਕ ਵੱਡੀ ਬਹਿਸ ਦਾ ਮੁੱਦਾ ਰਿਹਾ ਕਿਉਂਕਿ ਸੰਵਿਧਾਨ ਇਸ ਦੇ ਬਿਲਕੁਲ ਉਲਟ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਹੈ। *Hindu nationalism ਭਾਰਤ ਇੱਕ ਹਿੰਦੂ ਰਾਸ਼ਟਰ ਬਣਾਉਣ ਨੂੰ ਪਹਿਲ ਹੋਵੇ। ਆਪਣੇ ਫਲਸਫੇ ਨੂੰ ਫੈਲਾਉਣ ਲਈ ਸੰਘ ਵਲੋਂ ਸਾਹਿਤ ਵੀ ਛਾਪਿਆ ਜਾਂਦਾ ਜਿਸ ਵਿਚ ਅੰਗਰੇਜ਼ੀ ਵਿੱਚ ਔਰਗੇਨਾਈਜ਼ਰ (organizer) , ਹਿੰਦੀ ਵਿਚ ਪੰਚਜਨ ਤੇ ਹੋਰ ਹਫਤਾਵਾਰੀ ਤੇ ਮਾਸਿਕ ਕਿਤਾਬਾਂ ਅਤੇ ਰਸਾਲੇ ਛਪਦੇ ਹਨ। ਦੁਸਹਿਰੇ ਵਾਲੇ ਦਿਨ ਸੰਘ ਵਲੋਂ ਪਰੇਡ ਕੱਢਣੀ ਲਾਜਮੀ ਮੰਨੀ ਗਈ ਹੈ। ਝੰਡੇ ਨੂੰ ਪਹਿਲ ਦਿੱਤੀ ਗਈ ਹੈ। ਰਾਸ਼ਟਰੀ ਝੰਡਾ ਸਿਰਫ 15 ਅਗਸਤ 1947 ਅਤੇ 26 ਜਨਵਰੀ 1950 ਵਾਲੇ ਦਿਨ ਲਹਿਰਾਇਆ ਗਿਆ। ਉਸ ਤੋਂ ਮਗਰੋਂ 2002 ਵਿਚ ਦੁਬਾਰਾ ਰਾਸ਼ਟਰੀ ਝੰਡਾ 15 ਅਗਸਤ ਅਤੇ 26 ਜਨਵਰੀ ਨੂੰ ਲਹਿਰਾਉਣ ਦੀ ਕਵਾਇਦ ਸ਼ੁਰੂ ਹੋਈ। ਮਿਜੋਰਮ, ਮੇਘਾਲਿਆ ਅਤੇ ਨਾਗਾਲੈਂਡ ਨੂੰ ਛੱਡ ਪੂਰੇ ਭਾਰਤ ਵਿਚ ਆਰ ਐੱਸ ਐੱਸ ਦੀਆਂ ਮਜਬੂਤ ਸ਼ਾਖਾਵਾਂ ਹਨ। ਸੰਘ ਦਾ ਹਮੇਸ਼ਾਂ ਹੀ ਧਾਰਮਿਕ ਕੱਟੜਤਾ ਕਰਕੇ ਵੱਡਾ ਵਿਰੋਧ ਹੋਇਆ। ਮੁਸਲਮਾਨ ਅਤੇ ਇਸਾਈ ਵਿਰੋਧੀ ਹੋਣ ਦਾ ਪੱਕਾ ਦਾਗ ਉਨ੍ਹਾਂ ਉੱਤੇ ਹਮੇਸ਼ਾਂ ਲੱਗਦਾ ਹੈ। cultural homogeneity ਭਾਵ ਜੋ ਭਾਰਤ ਵਿਚ ਜਨਮਿਆ ਹੈ ਉਹ ਹਿੰਦੂ ਹੈ ਅਤੇ ਉਸਨੂੰ ਹਿੰਦੂ ਸੱਭਿਅਤਾ ਹੀ ਮੰਨਣੀ ਪਵੇਗੀ, ਕਰਕੇ ਉਨ੍ਹਾਂ ਦਾ ਵੱਡਾ ਵਿਰੋਧ ਹੋਇਆ। Extremist ਜਾਂ paramilitary – ਦੇਸ਼ ਵਿਚ ਵਾਪਰੇ ਵੱਡੇ ਦੰਗੇ ਜਿਵੇਂ ਕਿ ਗੋਧਰਾ, ਰਾਮ ਮੰਦਿਰ, ਮਾਲੇਗਾਮ, ਅਜਮੇਰ ਬੰਬ ਧਮਾਕੇ ਅਦਿ ਵਿਚ ਸੰਘ ਦਾ ਸਿੱਧਾ ਜਾਂ ਅਸਿੱਧਾ ਯੋਗਦਾਨ ਮੰਨਿਆ ਗਿਆ ਜਿਸ ਕਰਕੇ ਰਾਜਨੀਤੀ ਵਿੱਚ ਵੀ ਵੱਡਾ ਵਿਰੋਧ ਹੋਇਆ। ਨਿੱਜੀ ਰਾਏ – ਮੈਂ ਪਾਠਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਲਿਖਤ ਕਿਸੇ ਤੋਂ ਪ੍ਰਭਾਵਿਤ ਹੋਏ ਬਿਨਾਂ ਨਿਰਪੱਖ ਅਤੇ ਤੱਥਾਂ ਉੱਤੇ ਆਧਾਰਿਤ ਹੈ। ਇਸ ਵਿਚ ਮੇਰਾ ਕੋਈ ਵੀ ਨਿੱਜੀ ਵਿਚਾਰ ਸ਼ਾਮਿਲ ਨਹੀਂ ਸੀ। ਕੋਈ ਸੰਘ ਨੂੰ ਮੰਨੇ ਜਾਂ ਵਿਰੋਧ ਕਰੇ, ਇਹ ਉਸਦੀ ਨਿੱਜੀ ਰਾਏ ਹੋ ਸਕਦੀ ਹੈ।

Real Estate