
ਹਰਮੀਤ ਬਰਾੜ
ਪਿਛਲੇ ਭਾਗ ਵਿਚ ਸੰਘ ਦੇ ਸ਼ੁਰੂਆਤ, ਮੁਖੀ ਅਤੇ ਸ਼ਾਖਾਵਾਂ ਬਾਰੇ ਗੱਲ ਕੀਤੀ ਗਈ। ਅੱਜ ਇਸ ਤੋਂ ਅੱਗੇ ਰਾਜਨੀਤਕ ਸਫਰ ਅਤੇ ਫਲਸਫੇ ਦੀ ਗੱਲ ਕਰਦੇ ਹਾਂ।
ਜਿਆਦਾਤਰ ਲੋਕਾਂ ਵਿਚ ਪ੍ਰਚਲਿਤ ਹੈ ਕਿ ਸੰਘ ਦੀ ਵਿਚਾਰਧਾਰਾ ਹਿਟਲਰ ਤੋਂ ਪ੍ਰਭਾਵਿਤ ਹੈ ਜਦਕਿ ਅਜਿਹਾ ਨਹੀਂ। ਸੰਘ ਦੇ ਮੁਖੀ ਗੋਵਾਲਕਰ ਨੇ ਹਮੇਸ਼ਾਂ ਹਿਟਲਰ ਦੀ ਵਿਰੋਧਤਾ ਕੀਤੀ ਅਤੇ ਇਸ ਗੱਲ ਦਾ ਸਮਰਥਨ ਕੀਤਾ ਕਿ ਯਹੂਦੀਆਂ ਨੂੰ ਆਪਣਾ ਹੱਕ ਮਿਲੇ। ਉਨ੍ਹਾਂ ਨੇ ਹਮੇਸ਼ਾ ਇਜ਼ਰਾਈਲ ਦੇ ਹੱਕ ਵਿਚ ਲਿਖਿਆ। ਇਹ ਕਿਹਾ ਜਾ ਸਕਦਾ ਹੈ ਕਿ ਸੰਘ ਹਿਟਲਰ ਦੀ ‘ਜਾਤੀਵਾਦ’ ਵਿਚਾਰਧਾਰਾ ਨੂੰ ਮੰਨ ਕੇ ‘ਆਰੀਆ ਸਰਵਉੱਤਮ’ ਨੂੰ ਸਵਿਕਾਰਦੇ ਹੋਣ। ਇਸ ਤੋਂ ਇਲਾਵਾ ਇਟਲੀ ਦੇ ‘ਬੇਨੀਟੋ ਮੂਸੋਲੀਨੀ’ ਦੇ ਫਾਸੀਵਾਦ ਤੋਂ ਪ੍ਰਭਾਵਿਤ ਹੋਣ ਦੇ ਆਰੋਪ ਵੀ ਸੰਘ ਤੇ ਲੱਗਦੇ ਰਹੇ। ਉਨ੍ਹਾਂ ਦੀ ਵਰਦੀ ਵਿਚ ਵੀ ਇਹ ਪ੍ਰਭਾਵ ਦੇਖਣ ਨੂੰ ਮਿਲਦਾ ਹੈ।
1925 ਤੋਂ ’30 ਤੱਕ ਸੰਘ ਦਾ ਘੇਰਾ ਸਿਰਫ ਮਹਾਰਾਸ਼ਟਰ ਤੱਕ ਸੀਮਤ ਰਿਹਾ ਪਰ 1930 ਵਿਚ ਮਦਨ ਮੋਹਨ ਮੌਲਵੀਯ ਨੇ ਬਨਾਰਸ ਯੂਨੀਵਰਸਿਟੀ ਵਿਚ ਸੰਘ ਨੂੰ ਖਾਸ ਥਾਂ, ਦਫਤਰ ਅਤੇ ਸ਼ਾਖਾਵਾਂ ਚਲਾਉਣ ਦੀ ਖੁੱਲ ਦਿੱਤੀ, ਜਿਸ ਤੋਂ ਬਾਅਦ ਮੱਧ ਅਤੇ ਉੱਤਰ ਭਾਰਤ ਵਿਚ ਸੰਘ ਨੇ ਤੇਜੀ ਨਾਲ ਆਪਣਾ ਫੈਲਾਅ ਕੀਤਾ।
ਧਿਆਨਦੇਣ ਯੋਗ ਹੈ ਕਿ ਬਹੁਤ ਹੀ ਚਲਾਕੀ ਨਾਲ ਹੇਡਗੇਵਕਾਰ ਨੇ ਕਦੇ ਵੀ ਸੰਘ ਵਲੋਂ ਬਰਤਾਨਵੀ ਸਰਕਾਰ ਦਾ ਵਿਰੋਧ ਨਾ ਕੀਤਾ ਜਦਕਿ ਨਿੱਜੀ ਤੌਰ ਤੇ ‘ਨਾ ਮਿਲਵਰਤਣ ਲਹਿਰ’ ਕਰਕੇ ਆਪ ਉਨ੍ਹਾਂ ਨੇ ਜੇਲ ਵੀ ਕੱਟੀ ਪਰ ਸੰਗਠਨ ਨੂੰ ਇਸ ਸਭ ਤੋਂ ਦੂਰ ਰੱਖਿਆ। ਕਿਸੇ ਵੀ ਕਾਰਨ ਬਰਤਾਨਵੀ ਸਰਕਾਰ ਨੇ ਕਦੇ ਸੰਘ ਉੱਤੇ ਰੋਕ ਨਹੀਂ ਲਗਾਈ।
1947 ਵੇਲੇ ਸੰਘ ਨੇ ਹਿੰਦੂ ਰਫਿਊਜੀਆਂ ਦੀ ਖੁੱਲ ਕੇ ਮਦਦ ਕੀਤੀ ਜਦਕਿ ਦੰਗੇ ਭੜਕਾਉਣ ਦਾ ਅਤੇ ਮੁਸਲਮਾਨਾਂ ਨੂੰ ਕਤਲ ਕਰਨ ਦੇ ਆਰੋਪ ਉਨ੍ਹਾਂ ਉੱਤੇ ਲੱਗਦੇ ਰਹੇ। ਚਾਹੇ ਕਿ ਦੰਗੇ ਭੜਕਾਉਣ ਦਾ ਕੰਮ ਸੰਘ ਨੇ ਸਿੱਧੇ ਤੌਰ ਤੇ ਨਹੀਂ ਬਲਕਿ ਉਨ੍ਹਾਂ ਦੇ ਮੌਜੂਦਾ ਵਰਕਰਾਂ ਵਲੋਂ ਕੀਤਾ ਗਿਆ।
1948 ਵਿਚ ਨੱਥੂ ਰਾਮ ਗੋਡਸੇ ਵਲੋਂ ਮਹਾਤਮਾ ਗਾਂਧੀ ਦਾ ਕਤਲ ਕੀਤਾ ਗਿਆ ਜੋ ਕਿ ਸੰਘ ਦਾ ਮੈੰਬਰ ਰਿਹਾ। ਪਰ ਸੰਘ ਵਲੋਂ ਸਾਫ ਇਨਕਾਰ ਕੀਤਾ ਗਿਆ ਤੇ ਕਿਹਾ ਗਿਆ ਕਿ ਉਹ ਕੁਝ ਸਮਾਂ ਪਹਿਲਾਂ ਤੱਕ ਸ਼ਾਖਾ ਵਿਚ ਜਰੂਰ ਆਉੰਦਾ ਸੀ ਪਰ ਇਸ ਸਮੇਂ ਜਦੋਂ ਗਾਂਧੀ ਦੀ ਹੱਤਿਆ ਹੋਈ ਉਹ ਸ਼ਾਖਾ ਵਿਚ ਨਹੀਂ ਆ ਰਿਹਾ ਸੀ।
ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ 4 ਫਰਵਰੀ 1948 ਨੂੰ ਕਾਂਗਰਸ ਸਰਕਾਰ ਵਲੋਂ ਸੰਘ ਤੇ ਰੋਕ ਲਗਾ ਦਿੱਤੀ ਗਈ, ਇਹ ਸੰਗਠਨ ਤੇ ਲੱਗੀ ਪਹਿਲੀ ਰੋਕ ਸੀ। 12 ਜੁਲਾਈ, 1949 ਨੂੰ ਦੋ ਸ਼ਰਤਾਂ ਤੇ ਇਹ ਰੋਕ ਚੁੱਕੀ ਗਈ।
*ਸੰਵਿਧਾਨ ਨੂੰ ਮੰਨਿਆ ਜਾਵੇ-ਜਿਸ ਤੋਂ ਕਿ ਸੰਘ ਹਮੇਸ਼ਾ ਤੋਂ ਇਨਕਾਰੀ ਸੀ ਕਿਉਂਕਿ ਇਸ ਤਰ੍ਹਾਂ ਕਰਨਾ ਮਨੁਸਮ੍ਰਿਤੀ ਦੇ ਖਿਲਾਫ ਸੀ।
*ਰਾਸ਼ਟਰੀ ਝੰਡੇ ਨੂੰ ਅਪਨਾਉਣਾ – ਇਸ ਤੋਂ ਵੀ ਸੰਘ ਇਨਕਾਰੀ ਰਿਹਾ ਕਿਉਂਕਿ ਉਨ੍ਹਾਂ ਲਈ ਆਪਣਾ ਝੰਡਾ ਹੀ ਸਰਵਉੱਚ ਸੀ।
ਵਲੱਭ ਬਾਈ ਪਟੇਲ ਵਲੋਂ ਰੱਖੀਆਂ ਇਹ ਸ਼ਰਤਾਂ ਨਾ ਚਾਹੁੰਦੇ ਹੋਏ ਕਾਗਜ਼ਾਂ ਵਿਚ ਸੰਘ ਨੂੰ ਜਰੂਰ ਮੰਨਣੀਆਂ ਪਈਆਂ ਪਰ ਅਮਲੀ ਰੂਪ ਵਿਚ ਉਨ੍ਹਾਂ ਨੇਇਸ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ।ਇਸ ਤੋਂ ਮਗਰੋਂ ਰੋਕ ਹਟਾ ਦਿੱਤੀ ਗਈ।
ਮਹਾਤਮਾ ਗਾਂਧੀ ਦੀ ਮੌਤ ਤੇ ਬਿਠਾਏ ਗਏ ‘ਜਸਟਿਸ ਕਪੂਰ ਕਮੀਸ਼ਨ’ ਨੇ ਇਹ ਕਹਿ ਕੇ ਸੰਘ ਨੂੰ ਬਰੀ ਕੀਤਾ ਕਿ ਸੰਘ ਦਾ ਇਸ ਕਤਲ ਨਾਲ ਸਿੱਧੇ ਤੌਰ ਤੇ ਕੋਈ ਸਰੋਕਾਰ ਜਾਂ ਸਬੂਤ ਨਹੀਂ ਪਾਇਆ ਗਿਆ ਪਰ ਦੋਸ਼ੀ ਕਿਸੇ ਸਮੇਂ ਸੰਘ ਦੇ ਮੈੰਬਰ ਜਰੂਰ ਰਹੇ। ਪਰ ਜਿਕਰਯੋਗ ਹੈ ਕਿ ਗਾਂਧੀ ਦੀ ਮੌਤ ਤੇ ਮੁਲਕ ਭਰ ਵਿਚ ਸੰਘੀਆਂ ਵਲੋਂ ਮਠਿਆਈਆਂ ਵੰਡੀਆਂ ਗਈਆਂ ਸਨ।
1948 ਵਿਚ ਸੰਘ ਤੇ ਲੱਗੀ ਰੋਕ ਨੇ ਸੰਘੀ ਲੀਡਰਾਂ ਨੂੰ ਸੋਚਣ ਤੇ ਮਜਬੂਰ ਕੀਤਾ ਕਿ ਰਾਜਨੀਤੀ ਵਿੱਚ ਹਿੱਸਾ ਨਾ ਹੋਣ ਕਰਕੇ ਉਨ੍ਹਾਂ ਦੇ ਹੱਕ ਵਿਚ ਬੋਲਣ ਵਾਲਾ ਤਾਂ ਕੋਈ ਵੀ ਨਹੀਂ। ਉਨ੍ਹਾਂ ਨੂੰ ਨਿੱਜੀ ਰਾਜਨੀਤਕ ਸੰਗਠਨ ਦੀ ਘਾਟ ਰੜਕਣ ਲੱਗੀ। 1951 ਵਿਚ ਬੰਗਾਲ ਤੋਂ ਕਾਂਗਰਸ ਲੀਡਰ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ। ਮੁਖਰਜੀ ਆਪ ਵੀ ਹਿੰਦੂ ਪੱਖੀ ਲੀਡਰ ਰਹੇ। ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਦੀਨ ਦਿਆਲ ਉਪਾਧਿਆਏ, ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ ਆਦਿ ਨੂੰ ਨਾਲ ਲੈ ਕੇ ‘ਜਨ ਸੰਘ’ਨਾਮ ਦੀ ਇੱਕ ਰਾਜਨੀਤਕ ਪਾਰਟੀ ਬਣਾਈ। ਆਗਾਮੀ ਚੋਣਾਂ ਵਿਚ ਉਹ 3 ਸੀਟਾਂ ਜਿੱਤਣ ਵਿਚ ਕਾਮਯਾਬ ਵੀ ਰਹੇ, ਇਸ ਤੋਂ ਮਗਰੋਂ ਲਗਾਤਾਰ ਪਾਰਟੀ ਮਜਬੂਤ ਹੁੰਦੀ ਗਈ।
1962 ਦੀ ਲੜਾਈ ਸਮੇਂ ਸੰਘ ਵਲੋਂ ਬਹੁਤ ਹੀ ਹਾਂ ਪੱਖੀ ਰੋਲ ਨਿਭਾਇਆ ਗਿਆ। ਜਦੋਂ ਸਾਰੀ ਫੌਜ ਅਤੇ ਪੁਲਿਸ ਲੜਾਈ ਵਿਚ ਰੁੱਝੀ ਹੋਈ ਸੀ ਤਾਂ ਸੰਘ ਦੇ ਵਰਕਰਾਂ ਵਲੋਂ ਟ੍ਰੈਫਿਕ ਤੋਂ ਲੈ ਕੇ ਦਫਤਰਾਂ ਤੱਕ ਦੇ ਕੰਮ ਸੰਭਾਲੇ ਗਏ। ਜਿਸ ਤੋ ਪ੍ਰਭਾਵਿਤ ਹੋ ਕੇ ਪੰਡਿਤ ਨਹਿਰੂ ਨੇ 1963 ਦੀ ਪਰੇਡ ਵਿਚ ਸੰਘ ਨੂੰ ਆਪ ਆਮੰਤਰਿਤ ਕੀਤਾ। ਇਹ ਇੱਕੋ ਇੱਕ ਅਜਿਹਾ ਮੌਕਾ ਸੀ ਜਦੋਂ ਸੰਘੀਆਂ ਨੇ ਰਾਜਪਥ ਤੇ ਪਰੇਡ ਕੀਤੀ।
1964 ਵਿਚ ‘ਵਿਸ਼ਵ ਹਿੰਦੂ ਪਰਿਸ਼ਦ’ ਜੋ ਕਿ ਸੰਘ ਪਰਿਵਾਰ ਦਾ ਅਹਿਮ ਹਿੱਸਾ ਹੈ, ਦੀ ਸਥਾਪਨਾ ਕੀਤੀ ਗਈ। ਇਸ ਦਾ ਮਕਸਦ ਹਿੰਦੂ ਧਰਮ ਦੇ ਸਾਧੂ, ਫਲਸਫਾ ਅਤੇ ਫਿਲਾਸਫਰਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਉਣਾ ਸੀ।
1970 ਵਿਚ ਸੰਘ ਵਲੋਂ ਜੈ ਪ੍ਰਕਾਸ਼ ਅੰਦੋਲਨ ਦਾ ਸਮਰਥਨ ਕੀਤਾ ਗਿਆ ਜਿਸ ਤੋਂ ਇੰਦਰਾ ਗਾਂਧੀ ਬਹੁਤ ਨਰਾਜ਼ ਹੋਈ ਅਤੇ ਜੂਨ 1975 ਵਿਚ ਐਮਰਜੈਂਸੀ ਲਾਗੂ ਕਰਦਿਆਂ ਸਭ ਤੋਂ ਪਹਿਲਾਂ 4 ਜੁਲਾਈ 1975 ਨੂੰ ਸੰਘ ਤੇ ਰੋਕ ਲਗਾ ਦਿੱਤੀ। ਸੰਘ ਤੇ ਲੱਗੀ ਇਹ ਦੂਜੀ ਰੋਕ ਸੀ। ਇਸ ਦੌਰਾਨ ‘ਜਨ ਸੰਘ ਪਾਰਟੀ’ ਦੇ ਲੀਡਰਾਂ ਨੂੰ ਜੇਲ ਭੇਜਿਆ ਗਿਆ , ਕਈ ਰੂਹਪੋਸ਼ ਵੀ ਰਹੇ।
1977 ਵਿਚ ਜਨ ਸੰਘ ਨੇ ਕਈ ਹੋਰ ਪਾਰਟੀਆਂ ਨਾਲ ਮਿਲ ਕੇ ਨਵੀਂ ਪਾਰਟੀ ‘ਜਨਤਾ ਪਾਰਟੀ’ ਬਣਾਈ ਅਤੇ ਸੱਤਾ ਦਾ ਪਹਿਲੀ ਵਾਰ ਸਵਾਦ ਚਖਿਆ। ਇਸੇ ਦੌਰਾਨ 22 ਮਾਰਚ 1977 ਨੂੰ ਸੰਘ ਤੇ ਲੱਗੀ ਰੋਕ ਹਟਾ ਦਿੱਤੀ ਗਈ। ਸੱਤਾ ਵਿਚ ਹੋਣ ਕਰਕੇ ਸ਼ਾਖਾਵਾਂ ਨੂੰ ਹੋਰ ਬਲ ਮਿਲਿਆ ਤੇ ਸੰਗਠਨ ਮੁਲਕ ਭਰ ਵਿਚ ਮਜਬੂਤ ਹੋਇਆ।
ਪਰ ਜਨਤਾ ਪਾਰਟੀ ਵਿਚ ਸੰਘ ਤੋਂ ਇਲਾਵਾ ਹੋਰ ਮੈੰਬਰ ਹੋਣ ਕਰਕੇ ਵਿਚਾਰਧਾਰਕ ਮਤਭੇਦ ਬਹੁਤ ਵੱਡੇ ਸਨ। ਉਨ੍ਹਾਂ ਨੂੰ ਲੱਗਿਆ ਕਿ ਬਹੁਤ ਸਾਰੇ ਲੀਡਰ ਦੇਸ਼ ਦੇ ਮੰਤਰੀ ਵੀ ਹਨ ਤੇ ਸੰਘ ਦੇ ਅਹਿਮ ਮੈੰਬਰ ਵੀ। ਜਿਵੇਂ ਕਿ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਵੀ ਸਨ ਤੇ ਸੰਘ ਦੇ ਪ੍ਰਮੁੱਖ ਮੈੰਬਰ ਵੀ ਹੌਲੀ-ਹੌਲੀ 1979 ਵਿਚ ਪਾਰਟੀ ਦੋ ਫਾੜ ਹੋ ਗਈ ਅਤੇ 1980 ਵਿਚ ਭਾਰਤੀ ਜਨਤਾ ਪਾਰਟੀ ਬਣੀ ਜੋ ਕਿ ਸੰਘ ਦਾ ਨਿੱਜੀ ਰਾਜਨੀਤਕ ਸੰਗਠਨ ਸੀ।
(ਚਲਦਾ)