ਖੇਤੀ ਸੰਭਾਲਣ ਲਈ ਜੇਲ੍ਹੋਂ ਛੁੱਟੀ ਮੰਗਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ

1437

ਸੀਬੀਆਈ ਕੋਰਟ ਵੱਲੋਂ ਸੁਣਾਈ ਬਲਾਤਕਾਰ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਖੇਤੀ ਸੰਭਾਲਣ ਲਈ ਪੈਰੋਲ, ਜੇਲ੍ਹ ਤੋਂ ਆਰਜ਼ੀ ਛੁੱਟੀ, ਮੰਗੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਮੁੱਖ ਅਧਿਕਾਰੀ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਸਬੰਧੀ ਸਿਫਾਰਸ਼ ਮੰਗੀ ਹੈ, ਪੁੱਛਿਆ ਗਿਆ ਹੈ ਕਿ ਕੈਦੀ ਨੂੰ ਪੈਰੋਲ ਦੇਣਾ ਠੀਕ ਹੈ ਜਾਂ ਨਹੀਂ।ਡੇਰੇ ਵੱਲੋਂ ਨਰਮਾ, ਐਲੋ ਵੇਰਾ, ਬਾਗਵਾਨੀ ਤੋਂ ਇਲਾਵਾ ਝੋਨੇ ਦੀ ਵੀ ਖੇਤੀ ਕੀਤੀ ਜਾਂਦੀ ਹੈ।ਇਲਾਕੇ ਵਿੱਚ ਨਰਮਾ-ਕਪਾਹ ਦੀ ਬਿਜਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਜਦਕਿ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਇਆ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੈਦੀ ਗੁਰਮੀਤ ਸਿੰਘ ਦਾ ਜੇਲ੍ਹ ਵਿੱਚ ਰਵੱਈਆ ਚੰਗਾ ਹੈ ਅਤੇ ਉਸ ਨੇ ਜੇਲ੍ਹ ਵਿੱਚ ਕੋਈ ਜੁਰਮ ਨਹੀਂ ਕੀਤਾ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਆਪਣੀ ਰਾਇ ਦੇਣੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਰਾਇ ਮਗਰੋਂ ਹੀ ਫੈਸਲਾ ਹੋਵੇਗਾ।
ਡੇਰਾ ਮੁਖੀ ਨੂੰ ਸੀਬੀਆਈ ਕਰੋਟ ਵੱਲੋਂ 25 ਅਗਸਤ 2017 ਨੂੰ ਡੇਰੇ ਦੀਆਂ ਹੀ ਦੋ ਸਾਧਵੀਆਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ 28 ਅਗਸਤ ਨੂੰ ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ 10-10 ਸਾਲ ਦੀ ਕੈਦ ਤੇ 15-15 ਲੱਖ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਸੀ। ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪੰਚਕੂਲਾ ਤੇ ਸਿਰਸਾ ਵਿੱਚ ਵੱਡੇ ਪੱਧਰ ‘ਤੇ ਹਿੰਸਾ ਹੋਈ ਸੀ। ਹਿੰਸਾ ਦੌਰਾਨ ਸਿਰਸਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੰਚਕੂਲਾ ਵਿੱਚ 30 ਤੋਂ ਜ਼ਿਆਦਾ ਲੋਕ ਪੁਲਿਸ ਫਾਇਰਿੰਗ ਵਿੱਚ ਮਰੇ ਸਨ।
ਸਿਰਸਾ ਤੋਂ ਪ੍ਰਕਾਸ਼ਿਤ ‘ਪੂਰਾ ਸੱਚ’ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਵੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ। ਕਤਲ ਦੇ ਇਸ ਮਾਮਲੇ ਵਿੱਚ ਕੋਰਟ ਨੇ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਸੀ।ਕੋਰਟ ਨੇ ਆਪਣੇ ਪਹਿਲੇ ਵਾਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਸ ਸਜ਼ਾ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ, ਯਾਨੀ ਸਾਰਿਆਂ ਮਾਮਲਿਆਂ ਵਿੱਚ ਵੱਖ-ਵੱਖ ਸਜ਼ਾ ਪੂਰੀ ਕਰਨੀ ਹੋਵੇਗੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਦੋ ਕੇਸ ਅਦਾਲਤ ਵਿੱਚ ਟਰਾਇਲ ‘ਤੇ ਹਨ। ਇਨ੍ਹਾਂ ਚੋਂ ਇਕ ਰਣਜੀਤ ਸਿੰਘ ਕਤਲ ਦਾ ਮਾਮਲਾ ਅਤੇ ਦੂਜਾ ਡੇਰਾ ਪ੍ਰੇਮੀਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਹੈ।

Real Estate