ਜੈਕਾਰਾਮੈਂਟ

1037

ਜੈਕਾਰਾਮੈਂਟ

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ, ਪੰਥ ਨਿਰਪੇਖ ਤੇ ਜਮਹੂਰੀ ਗਣਰਾਜ ਪ੍ਰਤੀ ਸਮਰਪਣ ਦੀ ਗੱਲ ਕਹੀ ਗਈ ਹੈ। ਪਾਰਲੀਮੈਂਟ ਤੇ ਅਸੰਬਲੀ ਲਈ ਚੁਣ ਕੇ ਆਉਣ ਵਾਲੇ ਮੈਂਬਰੀ ਦੀ ਸਹੁੰ ਚੁੱਕਣ ਵੇਲੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਣ ਦੀ ਗੱਲ ਦ੍ਰਿੜਾਉਂਦੇ ਹਨ। ਲੋਕ ਵੀ ਇਨ੍ਹਾਂ ਨੂੰ ਇਸੇ ਲਈ ਚੁਣ ਕੇ ਘੱਲਦੇ ਹਨ, ਪਰ ਸਤਾਰ੍ਹਵੀਂ ਲੋਕ ਸਭਾ ਦੀ ਪਹਿਲੇ ਦੋ ਦਿਨਾਂ ਦੀ ਕਾਰਵਾਈ ਦੌਰਾਨ ਜੋ ਹੋਇਆ, ਉਹ ਡਰਾਉਣ ਵਾਲਾ ਸੀ। ਸੋਮਵਾਰ ਤੇ ਮੰਗਲਵਾਰ ਮੈਂਬਰ ਮੈਂਬਰੀ ਦੀ ਸਹੁੰ ਚੁੱਕਣ ਦੌਰਾਨ ਸੰਵਿਧਾਨ ਦੀ ਵਾਰ-ਵਾਰ ਬੇਕਦਰੀ ਕਰਦੇ ਨਜ਼ਰ ਆਏ। ਸ਼ੁਰੂਆਤ ਭੋਪਾਲ ਤੋਂ ਭਾਜਪਾ ਦੀ ਟਿਕਟ ‘ਤੇ ਚੁਣ ਕੇ ਆਈ ਸਾਧਵੀ ਨੇ ਸਹੁੰ ਚੁੱਕਣ ਵੇਲੇ ਆਪਣੇ ਨਾਂਅ ਨਾਲ ਆਪਣੇ ਗੁਰੂ ਸਵਾਮੀ ਪੂਰਵਾ ਚੇਤਨਾਨੰਦ ਅਵਧੇਸ਼ਾਨੰਦ ਗਿਰੀ ਦਾ ਨਾਂਅ ਜੋੜ ਕੇ ਕੀਤੀ। ਆਪੋਜ਼ੀਸ਼ਨ ਦੇ ਪ੍ਰੋਟੈਸਟ ਦਰਮਿਆਨ ਉਸ ਨੇ ਕਿਹਾ ਕਿ ਉਸ ਦਾ ਅਸਲ ਨਾਂਅ ਇਹ ਹੀ ਹੈ, ਹਾਲਾਂਕਿ ਨਾਮਜ਼ਦਗੀ ਕਾਗ਼ਜ਼ ਵਿੱਚ ਉਸ ਨੇ ਸਿਰਫ਼ ‘ਪ੍ਰਗਿਆ ਸਿੰਘ’ ਲਿਖਿਆ ਸੀ। ਪ੍ਰੋ-ਟੈਮ ਸਪੀਕਰ ਵੀਰੇਂਦਰ ਕੁਮਾਰ ਵੱਲੋਂ ਝਾੜਨ ‘ਤੇ ਉਸ ਨੇ ਈਸ਼ਵਰ ਦੇ ਨਾਂਅ ‘ਤੇ ਸਹੁੰ ਤਾਂ ਚੁੱਕ ਲਈ, ਪਰ ਅਖੀਰ ਵਿੱਚ ‘ਭਾਰਤ ਮਾਤਾ ਦੀ ਜੈ’ ਦਾ ਜੈਕਾਰਾ ਛੱਡ ਦਿੱਤਾ। ਉਸ ਤੋਂ ਬਾਅਦ ਜਦੋਂ ਵੀ ਕੋਈ ਕਾਂਗਰਸੀ ਸਹੁੰ ਚੁੱਕਦਾ ਸੀ ਭਾਜਪਾ ਮੈਂਬਰ ਟੌਂਟ ਕਰਨ ਲਈ ‘ਭਾਰਤ ਮਾਤਾ ਕੀ ਜੈ’ ਕਰ ਦਿੰਦੇ ਸਨ। ਮੰਗਲਵਾਰ ਤਾਂ ਪਾਰਲੀਮੈਂਟ ਜੈਕਾਰਾਮੈਂਟ ਹੀ ਬਣ ਗਈ। ਜਦੋਂ ਪੱਛਮੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਹੁੰ ਚੁੱਕਦੇ ਸੀ, ਭਾਜਪਾਈ ‘ਜੈ ਸ੍ਰੀ ਰਾਮ’ ਗੁੰਜਾ ਦਿੰਦੇ ਸਨ। ਤ੍ਰਿਣਮੂਲ ਵਾਲੇ ਵੀ ਜਵਾਬ ‘ਚ ‘ਜੈ ਹਿੰਦ’, ‘ਜੈ ਬੰਗਾਲ’, ‘ਜੈ ਮਾਂ ਦੁਰਗਾ’ ਤੇ ‘ਜੈ ਮਮਤਾ’ ਨਾਲ ਦੇਣ ਲੱਗੇ। ਤ੍ਰਿਣਮੂਲ ਦੇ ਕਲਿਆਣ ਬੈਨਰਜੀ ਨੇ ਤਾਂ ਦੁਰਗਾ ਪਾਠ ਹੀ ਕਰ ਦਿੱਤਾ, ਜਦਕਿ ਉਸੇ ਦੀ ਪਾਰਟੀ ਦੇ ਅਬੂ ਤਾਹਿਰ ਖਾਨ ਨੇ ਸਹੁੰ ਚੁੱਕਣ ਦੀ ਸ਼ੁਰੂਆਤ ਵਿੱਚ ‘ਬਿਸਮਿਲਾਹ ਏ ਰਹਿਮਾਨ ਏ ਰਹੀਮ’ ਤੇ ਅੰਤ ਵਿੱਚ ‘ਅੱਲਾਹ-ਹੂ-ਅਕਬਰ’ ਕਿਹਾ। ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਸਹੁੰ ਚੁੱਕਣ ਵੇਲੇ ਵੀ ਭਾਜਪਾਈਆਂ ਨੇ ‘ਜੈ ਸ੍ਰੀ ਰਾਮ’ ਉਚਾਰਿਆ। ਗੋਰਖਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੁਣੇ ਗਏ ਐਕਟਰ ਰਵੀ ਕਿਸ਼ਨ ਨੇ ਤਾਂ ਹੱਦ ਹੀ ਕਰ ਦਿੱਤੀ। ਉਹ ‘ਹਰ ਹਰ ਮਹਾਦੇਵ’ ਤੇ ‘ਗੁਰੂ ਗੋਰਖਨਾਥ ਦੀ ਜੈ’ ਕਰ ਗਏ। ਹੈਦਰਾਬਾਦ ਦੇ ਅਸਦ-ਉਦ-ਦੀਨ ਓਵੈਸੀ ਸਹੁੰ ਚੁੱਕਣ ਜਾ ਰਹੇ ਸੀ ਤਾਂ ਭਾਜਪਾਈ ‘ਜੈ ਸ੍ਰੀ ਰਾਮ’, ‘ਭਾਰਤ ਮਾਤਾ ਕੀ ਜੈ’ ਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾ ਰਹੇ ਸੀ। ਇਸ ਦਾ ਜਵਾਬ ਓਵੈਸੀ ਨੇ ‘ਜੈ ਭੀਮ ਜੈ ਮੀਮ, ਤਕਬੀਰ ਅੱਲਾਹ-ਹੂ-ਅਕਬਰ, ਜੈ ਹਿੰਦ’ ਨਾਲ ਦਿੱਤਾ। ਬਸਪਾ ਦੇ ਸ਼ਿਆਮ ਸਿੰਘ ਯਾਦਵ ਨੇ ਆਪਣੀ ਸਹੁੰ ‘ਜੈ ਭੀਮ, ਜੈ ਭਾਰਤ, ਜੈ ਸਮਾਜਵਾਦ’ ਨਾਲ ਮੁਕੰਮਲ ਕੀਤੀ। ਮਥੁਰਾ ਤੋਂ ਚੁਣੀ ਗਈ ਭਾਜਪਾ ਦੀ ਹੇਮਾ ਮਾਲਿਨੀ ਵੀ ‘ਰਾਧੇ-ਰਾਧੇ’ ਕਹਿਣ ਤੋਂ ਨਹੀਂ ਟਲੀ।
ਲੋਕ ਸਭਾ ਦੇ ਸਾਬਕਾ ਸਪੀਕਰ ਪੀ ਸ੍ਰੀਧਰਨ ਦਾ ਕਹਿਣਾ ਹੈ ਕਿ ਪਾਰਲੀਮੈਂਟ ਵਿੱਚ ਧਾਰਮਿਕ ਜਨੂੰਨ ਦਾ ਪ੍ਰਗਟਾਵਾ ਅਸਾਧਾਰਨ ਨਹੀਂ ਹੈ। ਤੇਲੰਗਾਨਾ ਅੰਦੋਲਨ ਅਤੇ ਬਾਬਰੀ ਮਸਜਿਦ ਦੀ ਬਰਸੀ ਮੌਕੇ ਅਜਿਹੀ ਨਾਅਰੇਬਾਜ਼ੀ ਹੁੰਦੀ ਰਹੀ ਹੈ, ਪਰ ਸੰਵਿਧਾਨ ਦੀ ਭਾਵਨਾ ਦਾ ਖਿਆਲ ਰੱਖਦਿਆਂ ਇਸ ਤੋਂ ਬਚਣਾ ਚਾਹੀਦਾ ਹੈ। ਚੇਅਰ ਨੇ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਮਰਿਆਦਾ ਦਾ ਖਿਆਲ ਰੱਖਣ ਲਈ ਵਾਰ-ਵਾਰ ਟੋਕਿਆ, ਪਰ ਜਨੂੰਨੀਆਂ ‘ਤੇ ਕੋਈ ਅਸਰ ਨਹੀਂ ਹੋਇਆ। ਦਰਅਸਲ ਇਸ ਵਾਰ ਮੈਂਬਰ ਅਲੀ-ਬਲੀ ਵਾਲੇ ਚੋਣ ਪ੍ਰਚਾਰ ਦੇ ਜਿਹੜੇ ਮਾਹੌਲ ਵਿੱਚੋਂ ਚੁਣ ਕੇ ਆਏ ਹਨ, ਉਸ ਦਾ ਨਤੀਜਾ ਇਸੇ ਤਰ੍ਹਾਂ ਦਾ ਨਿਕਲਣਾ ਸੀ। ਭਾਜਪਾ ਵਾਲੇ ਤਾਂ ਚੋਣ ਪ੍ਰਚਾਰ ਦੌਰਾਨ ਧਰਮ ਸਥਾਨਾਂ ‘ਚ ਜਾਂਦੇ ਹੀ ਹਨ, ਨਹਿਰੂ ਦੇ ਵਾਰਸਾਂ ਨੇ ਵੀ ਮੰਦਰਾਂ ਦੇ ਗੇੜੇ ਲਾਉਣ ‘ਚ ਕਸਰ ਨਹੀਂ ਛੱਡੀ, ਭਾਵੇਂ ਝੋਲੀ ‘ਚ ਕੁਝ ਖਾਸ ਨਹੀਂ ਪਿਆ। ਸੰਵਿਧਾਨ ਘੜਨ ਵਾਲੇ ਲੋਕ ਸਭਾ ਦੀ ਇਸ ਕਾਰਵਾਈ ਬਾਰੇ ਪੜ੍ਹ-ਸੁਣ ਕੇ ਪਤਾ ਨਹੀਂ ਹੱਸ ਰਹੇ ਹੋਣਗੇ ਕਿ ਰੋ ਰਹੇ ਹੋਣਗੇ, ਪਰ ਦੁਨੀਆ ਦੇ ਸਭ ਤੋਂ ਵੱਡੇ ਜਮਹੂਰੀ ਦੇਸ਼ ਲਈ ਇਹ ਹੈ ਖ਼ਤਰੇ ਦੀ ਘੰਟੀ। ਸੰਸਦ ਦੇ ਧਰਮ ਸੰਸਦ ਵਿੱਚ ਬਦਲਣ ਦੇ ਇਸ ਵਰਤਾਰੇ ਦੌਰਾਨ ਇੱਕ ਆਜ਼ਾਦ ਮੈਂਬਰ ਦੇ ਬੋਲ ਹੀ ਜਮਹੂਰੀਅਤ ਵਿੱਚ ਵਿਸ਼ਵਾਸ ਬੰਨ੍ਹਾਉਂਦੇ ਲੱਗੇ। ਮਹਾਂਰਾਸ਼ਟਰ ਦੇ ਅਮਰਾਵਤੀ ਤੋਂ ਚੁਣ ਕੇ ਆਈ ਬੀਬਾ ਨਵਨੀਤ ਕੌਰ ਰਾਣਾ ਨੇ ਹੀ ਇਹ ਕਹਿਣ ਦੀ ਜੁਰਅਤ ਦਿਖਾਈ ਕਿ ਪਾਰਲੀਮੈਂਟ ਅਜਿਹੇ ਨਾਅਰੇ ਲਾਉਣ ਲਈ ਸਹੀ ਥਾਂ ਨਹੀਂ, ਇਸ ਲਈ ਮੰਦਰ ਹਨ, ਸਾਰੇ ਭਗਵਾਨ ਇੱਕ ਹਨ, ਪਰ ਭਗਵਾਨ ਦਾ ਨਾਂਅ ਲੈ ਕੇ ਕਿਸੇ ਨੂੰ ਸਹੁੰ ਚੁੱਕਣ ਵੇਲੇ ਨਿਸ਼ਾਨਾ ਬਣਾਉਣਾ ਠੀਕ ਨਹੀਂ। ਅਮਰਾਵਤੀ ਦੇ ਵੋਟਰਾਂ ਦਾ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਅਜਿਹੀ ਮੈਂਬਰ ਚੁਣ ਕੇ ਭੇਜੀ ਹੈ, ਜਿਹੜੀ ਧਰਮ ਨਿਰਪੱਖਤਾ ਦੇ ਹੱਕ ਵਿੱਚ ਡਟ ਕੇ ਖੜ੍ਹੀ ਹੈ।

ਨਵਾਂ ਜ਼ਮਾਨਾ ਦੀ ਸੰਪਾਦਕੀ

Real Estate