ਬਰੈਂਪਟਨ ਵਿਖੇ ਗੋਲੀਆਂ ਮਾਰ ਕੇ ਮਾਰੇ ਗਏ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਗੁਰਜੋਤ ਸਿੰਘ ਧਾਲੀਵਾਲ ਦੇ ਕਰੀਬੀ ਨੇ ਦੱਸਿਆ ਹੈ ਕਿ ਉਹ ਪਿਛਲੇ ਸਾਲ ਜੁਲਾਈ ਜਾਂ ਅਗਸਤ ਮਹੀਨੇ ਕੈਨੇਡਾ ਪੁੱਜਾ ਸੀ।
ਜ਼ਿਲ੍ਹਾ ਬਠਿੰਡਾ ਦੇ ਪਿੰਡ ਥੰਮਣਗੜ੍ਹ (ਅੱਡਾ ਕੁੱਤੀਵਾਲ) ਦੇ ਗੁਰਜੋਤ ਅਤੇ ਉਸਦੀ ਛੋਟੀ ਭੈਣ ਨੂੰ ਦਾਦਕੇ ਪਰਿਵਾਰ ਨੇ ਪਾਲਿਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਜਦ ਉਹ ਸਿਰਫ ਢਾਈ ਸਾਲ ਦਾ ਸੀ। ਕੈਨੇਡਾ ਪੁੱਜਣ ਤੋਂ ਬਾਅਦ ਉਹ ਪੜ੍ਹਾਈ ਕਰਦਾ ਰਿਹਾ ਅਤੇ ਨਾਲ ਹੀ ”ਸਕਿੱਪ ਦਾ ਡਿਸ਼ਜ਼” ਨਾਲ ਵੀ ਕੰਮ ਕਰਦਾ ਰਿਹਾ।
ਮੰਗਲਵਾਰ ਰਾਤ 10:45 ਵਜੇ ਕੁਈਨਜ਼ ਸਟਰੀਟ ਅਤੇ ਕੈਨੇਡੀ ਰੋਡ ਦੇ ਇੰਟਰਸੈਕਸ਼ਨ ਤੋਂ ਥੋੜੀ ਦੂਰ ਸਥਿਤ ਇੱਕ ਅਪਾਰਟਮੈਂਟ ਕੰਪਲੈਕਸ ‘ਚ ਜਦ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੂੰ ਗੁਰਜੋਤ ਜ਼ਖਮੀ ਹਾਲਤ ‘ਚ ਮਿਲਿਆ ਤੇ ਹਸਪਤਾਲ ਜਾ ਕੇ ਉਸਨੇ ਦਮ ਤੋੜ ਦਿੱਤਾ।
ਪਤਾ ਲੱਗਾ ਹੈ ਕਿ ਅਗਲੇ ਹੀ ਦਿਨ ਉਸਨੇ ਪੰਜਾਬ ਵਾਪਸ ਚਲੇ ਜਾਣਾ ਸੀ, ਟਿਕਟ ਲਈ ਹੋਈ ਸੀ ਕਿਉਂਕਿ ਉਸਦਾ ਇੱਥੇ ਜੀਅ ਨਹੀਂ ਸੀ ਲੱਗ ਰਿਹਾ। ਉਸਨੂੰ ਕਿਸਨੇ ਅਤੇ ਕਿਓਂ ਮਾਰਿਆ, ਇਹ ਭੇਦ ਹਾਲੇ ਬਰਕਰਾਰ ਹੈ।
ਜੇਕਰ ਉਸਦੇ ਕਿਸੇ ਦੋਸਤ-ਮਿੱਤਰ ਨੂੰ ਗੁਰਜੋਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੀਲ ਪੁਲਿਸ ਨਾਲ 905-453-3311 ‘ਤੇ ਸੰਪਰਕ ਕਰੇ ਜਾਂ ਮੈਨੂੰ ਸੰਪਰਕ ਕੀਤਾ ਜਾਵੇ, ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਗੁਰਜੋਤ ਦੀ ਲਾਸ਼ ਵਾਪਸ ਉਸਦੇ ਪਿੰਡ ਭੇਜਣ ਲਈ ਨਜ਼ਦੀਕੀ ਪ੍ਰਬੰਧ ਕਰ ਰਹੇ ਹਨ।
– ਗੁਰਪ੍ਰੀਤ ਸਿੰਘ ਸਹੋਤਾ