ਕੀ ਹੈ ਰਾਸ਼ਟਰੀ ਸਵੰਯਮ ਸੇਵਕ ਸੰਘ(RSS) ?

2305

ਹਰਮੀਤ ਬਰਾੜ

ਰਾਸ਼ਟਰੀ ਸਵੰਯਮ ਸੇਵਕ ਸੰਘ (RSS) ਦਾ ਸ਼ਾਬਦਿਕ ਅਰਥ National volunteer organization ਭਾਵ ਉਹ ਸੰਗਠਨ ਜੋ ਬਿਨਾਂ ਕਿਸੇ ਤਨਖਾਹ, ਲਾਭ, ਹਾਨੀ ਜਾਂ ਸਵਾਰਥ ਤੋਂ ਕੰਮ ਕਰਦਾ ਹੈ। ਇਸਨੂੰ ਅੱਗੋਂ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
-ਸੱਜੇ ਪੱਖੀ (right wing)
-ਹਿੰਦੂ ਰਾਸ਼ਟਰਵਾਦੀ (Hindu nationalist)
-ਸਵੰਯਮ ਰੱਖਿਅਕ ਸੰਗਠਨ (paramilitary organization)
ਸੱਜੇ ਪੱਖੀ ਵਿਚਾਰਧਾਰਾ ਨੂੰ ਮੰਨਦਿਆਂ ਆਰ ਐਸ ਐਸ ਹਮੇਸ਼ਾਂ ਹੀ ਹਿੰਦੂ ਪੱਖੀ ਸੰਗਠਨ ਦੇ ਤੌਰ ਤੇ ਵਿਚਰੀ ਹੈ। ਹਿੰਦੂ ਰਾਸ਼ਟਰਵਾਦ ਦੇ ਨਾਮ ਤੇ ਉਨ੍ਹਾਂ ਨੇ ‘ਹਿੰਦੂਤਵ’ ਦੇ ਏਜੰਡੇ ਨੂੰ ਮੁੱਖ ਰੱਖਿਆ। ਆਪਣੇ ਆਪ ਨੂੰ ਸੱਭਿਆਚਾਰਕ ਸੰਗਠਨ ਗਰਦਾਨਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਹਜਾਰਾਂ ਸਾਲ ਪੁਰਾਣੀ ਹਿੰਦੂ ਸੱਭਿਅਤਾ ਅਗਲੀਆਂ ਪੀੜੀਆਂ ਤੱਕ ਪਹੁੰਚਾਉਣਾ ਹੀ ਇਸ ਸੰਗਠਨ ਦਾ ਮੁੱਖ ਕੰਮ ਹੈ।
ਤੀਜਾ ਹਿੱਸਾ ਜਿਸਨੂੰ ਕਿ ਸਵੰਯਮ ਰੱਖਿਅਕ (paramilitary organization) ਕਿਹਾ ਜਾ ਸਕਦਾ ਹੈ, ਵਿਚ ਵਰਕਰਾਂ ਨੂੰ ਡੰਡੇ ਨਾਲ ਲੜਾਈ ਦੀ ਟ੍ਰੇਨਿੰਗ ਦੇਣਾ ਸ਼ਾਮਿਲ ਹੈ। ਕਿਹਾ ਜਾਂਦਾ ਹੈ ਕਿ ਕੁਝ ਗੁਪਤ ਕੈੰਪ ਲਗਾ ਕੇ ਹੋਰ ਹਥਿਆਰਾਂ ਨਾਲ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰ ਇਸ ਦਾ ਸਬੂਤ ਨਾ ਹੋ ਸਕਣ ਕਰਕੇ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਨਾ ਹੀ ਸੰਘ ਨੇ ਇਸ ਗੱਲ ਨੂੰ ਕਦੇ ਸ਼ਰੇਆਮ ਕਬੂਲਿਆ ਹੈ, ਪਰ ਕਾਂਗਰਸ ਵਲੋਂ ਇਹ ਸੰਗਠਨ ਬੈਨ ਕੀਤੇ ਜਾਣ ਦਾ ਕਾਰਨ ਇਹੀ ਮੰਨਿਆ ਗਿਆ ਸੀ।

ਭਾਰਤ ਦੀ ਇਸ ਸਮੇਂ ਸਭ ਤੋਂ ਵੱਡੀ ਰਾਜਨੀਤਕ ਪਾਰਟੀ ‘ਭਾਰਤੀ ਜਨਤਾ ਪਾਰਟੀ’ ਨੂੰ ਸੰਘ ਦਾ ਰਾਜਨੀਤਕ ਵਿੰਗ ਮੰਨਿਆਂ ਜਾਂਦਾ ਹੈ। ਪਰ ਸੰਘ ਸਮੇਤ ਭਾਜਪਾ ਦਾ ਇਸ ਤੇ ਕਹਿਣਾ ਹੈ ਕਿ ਵਿਚਾਰਧਾਰਾ ਜਰੂਰ ਸਾਂਝੀ ਹੈ ਪਰ ਸੰਘ ਕਦੇ ਵੀ ਭਾਜਪਾ ਦੇ ਰਾਜਨੀਤਕ ਫੈਸਲਿਆਂ ਵਿਚ ਦਖਲਅੰਦਾਜ਼ੀ ਨਹੀਂ ਕਰਦਾ।
ਭਾਜਪਾ ਤੋਂ ਇਲਾਵਾ ਛੋਟੇ-ਵੱਡੇ 110 ਦੇ ਕਰੀਬ ਸੰਗਠਨ ਸੰਘ ਦੀ ਛਤਰੀ ਹੇਠ ਕੰਮ ਕਰਦੇ ਹਨ। ਜਿੰਨਾ ਵਿੱਚੋਂ 35 ਮੁੱਖ ਵਿਚਾਰਧਾਰਾ ਵਿੱਚ ਕੌਮੀ ਪੱਧਰ ਤੇ ਮਸ਼ਹੂਰ ਹਨ। ਜਿਵੇਂ ਕਿ, ਭਾਰਤੀ ਕਿਸਾਨ ਸੰਘ, ਭਾਰਤੀ ਮਜਦੂਰ ਸੰਘ, ਬਜਰੰਗ ਦਲ, ਰਾਸ਼ਟਰੀ ਸੇਵਿਕਾ ਸਮਿਤੀ (ਕੇਵਲ ਔਰਤਾਂ ਲਈ), ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP), ਮੁਸਲਿਮ ਰਾਸ਼ਟਰੀ ਮੰਚ, ਰਾਸ਼ਟਰੀ ਸਿੱਖ ਸੰਗਤ, ਵਿਵੇਕਾਨੰਦ ਕੇਂਦਰ (think tank) ਆਦਿ ਸ਼ਾਮਿਲ ਹਨ।

ਰਾਸ਼ਟਰੀ ਸਵੰਯਮ ਸੇਵਕ ਸੰਘ ਦੀ ਸਥਾਪਨਾ ‘ਕੇਸ਼ਵ ਬਲਰਾਮ ਹੇਡਗਾਵਰ ਨੇ ਨਾਗਪੁਰ ਵਿਖੇ ਦੁਸਹਿਰੇ ਦੇ ਦਿਨ 27 ਸਤੰਬਰ, 1925 ਨੂੰ ਕੀਤੀ। ਉਹ ਕਿੱਤੇ ਵਜੋਂ ਡਾਕਟਰ ਸਨ। ਕੇਸ਼ਵ, ਹਿੰਦੂ ਰਾਸ਼ਟਰਵਾਦੀ ‘ ਵਿਨਾਇਕ ਦਾਮੋਦਰ ਸਰਵਾਕਰ ‘ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਸਨ। ਸੰਗਠਨ ਦੀ ਪ੍ਰੇਰਣਾ ਵੀ ਇਹਨਾਂ ਲਿਖਤਾਂ ਤੋਂ ਹੀ ਲਈ ਗਈ।
ਕੇਸ਼ਵ ਇਸ ਤੋਂ ਪਹਿਲਾਂ ਕਾਂਗਰਸ ਦੇ ਪ੍ਰਮੁੱਖ ਮੈੰਬਰ ਰਹੇ ਪਰ ਜਦੋਂ ਮਹਾਤਮਾ ਗਾਂਧੀ ਨੇ ‘ਖਿਲਾਫਤ ਅੰਦੋਲਨ’ ਦਾ ਸਮਰਥਨ ਕੀਤਾ ਤਾਂ ਉਨ੍ਹਾਂ ਨੇ ਕਾਂਗਰਸ ਤੋਂ ਨਾਤਾ ਤੋੜ ਲਿਆ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਅੰਦੋਲਨ ਦਾ ਭਾਰਤ ਦੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਇਸ ਤੋਂ ਮਗਰੋਂ ਕੇਸ਼ਵ ਨੇ ਆਪਣਾ ਰਸਤਾ ਚੁਣ ਲਿਆ।

ਕੇਵਲ 4 ਦੋਸਤਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਸੰਘ (ਸ਼ੁਰੂਆਤੀ ਨਾਮ) ਦੀ ਸ਼ੁਰੂਆਤ ਕੀਤੀ। ਪਹਿਲਾ ਭਾਸ਼ਣ ਉਨ੍ਹਾਂ ਨੇ ਕੇਵਲ 12 ਲੋਕਾਂ ਨੂੰ ਦਿੱਤਾ। 1926 ਵਿੱਚ ‘ਸੰਘ’ ਤੋਂ ਬਦਲ ਕੇ ਇਸਦਾ ਨਾਮ ‘ਰਾਸ਼ਟਰੀ ਸਵੰਯਮ ਸੇਵਕ ਸੰਘ’ ਰੱਖ ਦਿੱਤਾ ਗਿਆ। ਜਿਸ ਦੀਆਂ ਮੁਲਕ ਭਰ ਵਿਚ ਅੱਜ 59266 ਸ਼ਾਖਾਵਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਤਕਰੀਬਨ 17229 ਸ਼ਾਖਾਵਾਂ ਸਪਤਾਹਿਕ ਅਤੇ 8382 ਸ਼ਾਖਾਵਾਂ ਮਾਸਿਕ ਚੱਲਦੀਆਂ ਹਨ।

ਇੱਕ ਸ਼ਬਦ ‘ਸੰਘ ਪਰਿਵਾਰ’ ਕਾਫੀ ਪ੍ਰਚਲਿਤ ਹੈ, ਜਿਸਦਾ ਅਰਥ ਹੈ ਭਾਜਪਾ ਸਮੇ ਉਹ ਸਭ ਸੰਗਠਨ ਜੋ ‘ਸੰਘ’ ਦੀ ਛਤਰੀ ਥੱਲੇ ਕੰਮ ਕਰਦੇ ਹਨ, ਸਭ ‘ਸੰਘ ਪਰਿਵਾਰ’ ਦੇ ਮੈੰਬਰ ਹਨ। ਇਹਨਾਂ ਵਿੱਚੋਂ ਕੁਝ ਦੇ ਨਾਮ ਉੱਪਰ ਦਿੱਤੇ ਗਏ ਹਨ। ਇਹਨਾਂ ਸੰਗਠਨਾਂ ਦਾ ਇੱਕ ਅਣਲਿਖਿਆ ਸਮਝੌਤਾ ਹੈ ਅਤੇ ਇਹ ਸੰਘ ਨੂੰ ਜਵਾਬਦੇਹ ਵੀ ਹਨ। ਪਰ ਕਾਨੂੰਨੀ ਤੌਰ ਤੇ ਇਹ ਸਭ ਸੰਗਠਨ ਆਪਣਾ ਵੱਖਰਾ ਵਜੂਦ ਰੱਖਦੇ ਹਨ। ਇਹਨਾਂ ਵਿੱਚੋਂ ਬਹੁਤਿਆਂ ਦੇ ਮੁਖੀ ਸੰਘ ਦੇ ਮੁੱਢਲੇ ਮੈੰਬਰ ਹੀ ਹੁੰਦੇ ਹਨ। ਸਾਲ ਵਿਚ ਇੱਕ ਵਾਰ ਮੀਟਿੰਗ ਕਰਕੇ ਇਹਨਾਂ ਤੋਂ ਪਿਛਲੀ ਰਿਪੋਰਟ ਲਈ ਜਾਂਦੀ ਹੈ ਅਤੇ ਅੱਗੋਂ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਪਿਛਲੀ ਮੀਟਿੰਗ (2019) ਗਵਾਲੀਅਰ ਵਿਖੇ ਹੋਈ। ਇੱਕ ਗੱਲ ਜੋ ਧਿਆਨ ਦੇਣ ਯੋਗ ਹੈ ਕਿ ਸੰਘ ਵਲੋਂ ਯੋਜਨਾ 1-2 ਸਾਲ ਦਾ ਧਿਆਨ ਨਾ ਰੱਖਦਿਆਂ ਲੰਬੀਆਂ ਬਣਾਈਆਂ ਜਾਂਦੀਆਂ ਹਨ, ਜਿੰਨ੍ਹਾਂ ਦੀ ਮਾਰ 10-20 ਜਾਂ ਫੇਰ 50 ਸਾਲ ਤੱਕ ਪਵੇ।

‘ਸੰਘ’ਦੇ ਮੁਖੀ ਨੂੰ ‘ਸਰਸੰਘਸੰਚਾਲਕ’ ਕਿਹਾ ਜਾਂਦਾ ਹੈ। ਮੌਜੂਦਾ ਸਰਸੰਘਸੰਚਾਲਕ ਹੀ ਇਹ ਤਹਿ ਕਰਦਾ ਹੈ ਕਿ ਅਗਲਾ ਮੁਖੀ ਕੌਣ ਹੋਵੇਗਾ। ਇਸ ਤੋਂ ਇਲਾਵਾ ਮੈੰਬਰ ਬਣਨ ਲਈ ਸ਼ਾਖਾਵਾਂ ਨਾਲ ਜੋੜਿਆ ਜਾਂਦਾ ਹੈ ਅਤੇ ਅੱਗੋਂ ਦੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪ੍ਰਚਾਰਕ ਬਣਨ ਲਈ ਕੁਝ ਖਾਸ ਨਿਯਮ, ਜਿਵੇਂ ਕਿ ਵਿਆਹਿਆ ਨਾ ਹੋਵੇ, ਕੋਈ ਉਦਯੋਗ ਜਾਂ ਸੰਪਤੀ ਨਾ ਹੋਵੇ, ਆਪਣੀ ਸੰਪਤੀ ਸੰਘ ਨੂੰ ਦਾਨ ਕਰਨੀ ਜਰੂਰੀ ਹੈ।
ਮੌਜੂਦਾ ਸਮੇਂ ਤਕਰੀਬਨ 2500 ਪ੍ਰਚਾਰਕ ਹਨ ਜੋ ਸੰਘ ਲਈ ਪ੍ਰਚਾਰ ਕਰਦੇ ਹਨ ਅਤੇ ਵੱਖ ਵੱਖ ਸ਼ਾਖਾਵਾਂ ਵਿਚ ਕੰਮ ਕਰਦੇ ਹਨ।

Real Estate