ਬਹੁਤੇ ਵਾਰੀ ਇਹੋ ਜਿਹੇ ਲੋਕ ਵੀ ਟੱਕਰ ਜਾਂਦੇ

1675

Sukhnaib Sidhu-ਸੁਖਨੈਬ ਸਿੰਘ ਸਿੱਧੂ
ਗਾਇਕ ਧਰਮਪ੍ਰੀਤ ਦੀ ਅੰਤਿਮ ਅਰਦਾਸ ਹੁੰਦੇ ਸਾਰ ਹੀ ਮੈਨੂੰ ਘਰ ਪਹੁੰਚਣ ਦੀ ਕਾਹਲ ਸੀ । ਤੇਜੀ ਨਾਲ ਗੁਰੂਘਰ ਵਿੱਚੋਂ ਪ੍ਰਸਾਦਾ ਛੱਕ ਕੇ ਪੂਹਲੇ ਲਈ ਗੱਡੀ ਖਿੱਚ ਦਿੱਤੀ ਸੀ। ਜਲਾਲ ਕੋਲ ਇੱਕ ਤਿੱਖੜ ਦੁਪਹਿਰੇ ਇੱਕ ਬਜੁਰਗ ਆਪਣੇ ਪੋਤੇ ਨਾਲ ਖੜ੍ਹਾ ਸੀ । ਪੈਰਾਂ ਵਿੱਚ ਥਾਂ –ਥਾਂ ਟਾਕੀਆਂ ਲਾ ਕੇ ਗੰਢੇ ਹੋਏ ਜੋੜੇ, ਹੱਥ ‘ਚ ਮੈਲਾ ਜਿਹਾ ਝੋਲਾ ਅਤੇ ਉਹੋ ਜਿਹੋ ਅੱਧੋਰਾਣੇ ਨੇ ਜਿਹੇ ਕੱਪੜੇ, ਨਾਲ ਖੜ੍ਹੇ ਪੋਤੇ ਦਾ ਚਿਹਰੇ ਉਹਨਾ ਦੀ ਗੁਰਬਤ ਦੀ ਕਹਾਣੀ ਪਾਉਂਦਾ ਸੀ । ਉਹਨੇ ਹੱਥ ਦਿੱਤਾ , ਬਰੇਕ ਲਾ ਕੇ ਸ਼ੀਸ਼ਾ ਨੀਵਾਂ ਕੀਤਾ ਹੀ ਸੀ ਕਿ ਇਹ ਬਜੁਰਗ ਬੋਲਿਆ ਕਿੱਥੇ ਜਾਣਾ ਸਰਦਾਰਾਂ ਨੇ ,
ਮੈਂ ਕਿਹਾ , ‘ ਤੁਸੀ ਦੱਸੋ ਕਿੱਥੇ, ਉਹਦੀ ਗੱਲਬਾਤ ‘ਤੇ ਲਹਿਜੇ ਤੋਂ ਪ੍ਰਭਾਵਿਤ ਹੋ ਕੇ ਫੈਸਲਾ ਕੀਤਾ ਇਹ ਬਾਬੇ ਨੂੰ ਲਿਫਟ ਦੇਣੀ ਹੀ ਦੇਣੀ ਜਿੱਥੇ ਮਰਜ਼ੀ ਜਾਣਾ ਹੋਵੇ।
ਉਹ ਬੋਲਿਆ, ‘ ਜੰਡਸਰ ਗੁਰਦੁਆਰੇ ਜਾਣਾ, ਇਹਦੇ ਥੌਲਾ ਪਵਾਉਣਾ , ਨਿਕਾਲ ਨਿਕਲਿਆ,
ਮੇਰੇ ‘ਆਜੋ ਜੀ ,’ਕਹਿੰਦੇ ਸਾਰ ਉਹ ਦਾਦਾ ਪੋਤਾ ਕਾਰ ਦੀ ਪਿਛਲੀ ਸੀਟ ‘ਤੇ ਸਵਾਰ ਹੋਗੇ ,
ਮੇਰੇ ਨਾਲ ਮੇਰਾ ਗੁਆਂਢੀ ਤਾਰੂ ਸੀ ।
ਬਾਬੇ ਨੇ ਬੈਠਦੇ ਹੀ ਸਵਾਲ ਦਾਗਿਆ , ‘ ਕਿਹੜਾ ਨਗਰ ਸਰਦਾਰਾਂ ਦਾ , ਮੇਰਾ ਪਿੰਡ ਕੁੱਸਾ , ਮੋਗੇ ‘ਚ ’
‘ਪੂਹਲਾ ’, ਮੈਂ ਨਪਿਆ ਜਿਹਾ ਜਵਾਬ ਦਿੱਤਾ ।
ਅੱਛਾ ਜੀ , ਪੂਹਲਾ –ਨਥਾਣਾ ਬਹੁਤ ਮਸ਼ਹੂਰ ਪਿੰਡ, ਸਾਡੇ ਪਿੰਡੋ ਇੱਕ ਰਿਸ਼ਤੇਦਾਰੀ ਹੈ ਨਥਾਣੇ ,
ਹਾਂਜੀ , ਪੰਡਤਾਂ ਦੇ ਜੱਗੇ ,(ਸਿ਼ਵਚਰਨ ਜੱਗੀ ਕੁੱਸਾ) ਦੇ ਨਾਨਕੇ ਨੇ ਨਥਾਣੇ ਜੀ , ( ਮੈਂ ਉਹਦੀ ਜਟਕੀ ਬੋਲੀ ‘ਚ ਜਵਾਬ ਦਿੱਤਾ ।’
ਤੇਰੇ ਬੱਚੇ ਜਿਉਣ ਸਰਦਾਰਾ, ਜਮਾਂ ਸਿਰੇ ਦੀ ਸੱਟ ਮਾਰੀ , ਜੱਗਾ ਬਾਹਰਲੇ ਮੁਲਕ ‘ਚ ਰਹਿੰਦਾ , ਪਿੰਡ ਕਦੇ ਸਬੱਬੀ ਗੇੜਾ ਮਾਰਦਾ, ਉਹਦਾ ਬਾਪ ਲਾਕੇ ਦਾ ਮੰਨਿਆ –ਤੰਨਿਆ ਬੰਦਾ ਸੀ । ਬੜੀ ਪੁੱਛ ਗਿੱਛ ਸੀ ਵਈ ਆਸੇ ਪਾਸੇ ।
ਕੁੱਸੇ ਆਲ੍ਹੇ ਬਾਬੇ ਦੀਆਂ ਗੱਲਾਂ ਦਾ ਅੰਦਾਜੇ ਬਿਆਂ ਅਤੇ ਵਾਰ ਵਾਰ ‘ਸਰਦਾਰ’ ਕਹਿਣਾ ਦਾ ਤਰੀਕਾ ਮੈਨੂੰ 10-15 ਵਰ੍ਹੇ ਪਿੱਛੇ ਲੈ ਲਿਆ । ਮਹਿਰਾਜ ਤੋਂ ਇੱਕ ਸੈਂਸੀ ਹਾੜੀ ‘ਤੇ ਸਾਊਣੀ ਜਦੋਂ ਸਾਡੇ ਪਿੰਡ ਵਿੱਚ ਮੰਗਣ ਆਉਂਦਾ ਸਾਡੇ ਘਰ ਹੀ ਠਹਿਰਦਾ। ਸਾਡੇ ਵੱਡੇ- ਛੋਟੇ ਉਹਨੂੰ ‘ਦਾਅਦਾ’ ਆਖਦੇ, ਉਹ ਅੱਖਾਂ ਤੋਂ ਮੁਨਾਖਾ ਸੀ ਪਰ ਸੋਝੀ ਅਤੇ ਗੱਲਬਾਤ ਦਾ ਸਲੀਕਾ ਉਹਦੇ ਵਰਗੇ ਕਿਸੇ ਹੋਰ ਕੋਲ ਨਹੀਂ ਸੀ । ਜਦੋਂ ਵੀ ਆਉਣਾ ਤਾਂ ਉਹਦੇ ਨਾਲ ਇੱਕ ਉਹਦੀ ਛੋਟੀ ਪੋਤੀ , ਉਹਦੀ ਪਤਨੀ ‘ਦਾਅਦੀ’ ਅਤੇ ਇੱਕ ਖੱਚਰ ਹੁੰਦੀ । ਫਿਰ ਪਿੰਡ ਵਿੱਚ ਉਹ 4 ਦਿਨ ਲਾਉਂਦੇ ਜਾਂ ਵੱਧ ਦਿਨ ਪਰ ਟਿਕਾਣਾ ਸਾਡੇ ਘਰ ਹੁੰਦਾ । ਉੱਚੀ ਆਵਾਜ਼ ਵਿੱਚ ਉਹ ‘ਬਾਹੀਏ ਦੇ ਸਿੱਧੂਆਂ’ ਦਾ ਕੁਰਸੀਨਾਮਾਂ ਸੁਣਾਉਂਦਾ ਹੋਇਆ ਪੀੜੀ -ਦਰ-ਪੀੜੀ , ਮਹਿਰਾਜ ਵਿੱਚ ਬੁੱਝੇ ਬਾਈ ਪਿੰਡਾਂ ਦੇ ਸਿੱਧੂ ਪਰਿਵਾਰਾਂ ਦੇ ਸਭ ਤੋਂ ਛੋਟੇ ਜਵਾਕ ਤੱਕ ਲੜੀ ਮੇਲ ਦਿੰਦਾ।
ਦਾਅਦਾ ਕਿਸੇ ਦਾ ਨਾਂਮ ਲੈਣ ਸਮੇਂ ‘ਵੱਡਾ ਸਰਦਾਰ , ਛੋਟਾ ਸਰਦਾਰ’ ਆਖ ਕੇ ਬੁਲਾਉਂਦਾ । 10-12 ਸਾਲਾਂ ਦੀ ਉਮਰ ਤੋਂ ਹਰੇਕ ਛੇ ਮਹੀਨਿਆਂ ਬਾਅਦ ਮੈਂ ‘ਹਫਤੇ ਲਈ ਛੋਟਾ ਸਰਦਾਰ’ ਬਣ ਜਾਂਦਾ, ਦਾਅਦਾ ਜਦੋਂ ਛੋਟਾ ਸਰਦਾਰ ਕਹਿ ਕੇ ਪਿਆਰ ਨਾਲ ਸਿਰ ਪਲੋਸ ਕੇ ਕਈ ਦੁਆਵਾਂ ਦਿੰਦਾ ਤਾਂ ਸੰਗ ਵੀ ਆਉਂਦੀ ਅਤੇ ਚਾਅ ਵੀ ਚੜ੍ਹਦਾ ।
ਮੇਰਾ ਦਾਦਾ , ਜੀਹਨੂੰ ਸਾਡੇ ਸਾਰੇ ‘ਬਾਬਾ’ ਕਹਿੰਦੇ ਸੀ । ਮਿਹਨਤੀ ਅਤੇ ਅੜਬ ਜੱਟ ਸੀ । ਵਿਹਲੜ ਬੰਦੇ ਉਹਨੂੰ ਜਮਾਂ ਪਸੰਦ ਨਹੀਂ ਸੀ , ਵੇਹਲੀਆਂ ਖਾਣ ਵਾਲੇ ਤਾਂ ਦੋਤਮਾਨਾਂ ਦਾ ਵੀ ਮਾਣ-ਤਾਣ ਕਰ ਦਿੰਦਾ ਪਰ ‘ਦਾਅਦਾ’ ਜਿੰਨੇ ਦਿਨ ਮਰਜ਼ੀ ਰਹਿੰਦਾ ਉਹਨਾਂ ਨੂੰ ਕਦੇ ਕੁਝ ਨਹੀਂ ਕਿਹਾ ਸੀ , ਜਜਮਾਨ ਜੋ ਸੀ ।
ਮੈਨੂੰ ਨਹੀਂ ਪਤਾ ਉਹ ਕਿੰਨੇ ਸਾਲਾਂ ਸਾਡੇ ਘਰ ਵਿੱਚ ਆਉਦਾ ਜਾਂਦਾ ਸੀ , ਉਹ ਕੱਲਾ ਹੀ ਆਉਂਦਾ ਸੀ ਜਾਂ ਉਹਦੇ ਪੁਰਖੇ ਵੀ । ਉਹਦੀ ਉਮਰ 100 ਸਾਲ ਦੇ ਕਰੀਬ ਸੀ । ਛਾਟਵੇਂ ਸਰੀਰ ਦਾ ਦਾਅਦਾ ਆਪਣੀ ਪੋਤੀ ਦੇ ਮੋਢੇ ‘ਤੇ ਹੱਥ ਧਰਕੇ ਹਮੇਸ਼ਾ ਚੱਕਵੇਂ ਪੈਂਰੀ ਤੁਰਦਾ ਸੀ ।
ਇੱਕ ਵਾਰੀ ਅਸੀਂ ਘਰ ਪਾ ਰਹੇ ਸੀ । ਅੱਧੋ –ਜਿ਼ਆਦਾ ਆਸਰਾ ਢਾਹਿਆ ਹੋਣ ਕਰਕੇ ਕਿਸੇ ਮਹਿਮਾਨ ਲਈ ਰਹਿਣਾ ਮੁਸ਼ਕਿਲ ਸੀ ਅਤੇ ਦੂਜਾ ਮੀਂਹ ਵੀ ਪੈਂਦਾ ਸੀ । ਸ਼ਾਮ ਨੂੰ ਉਹ ਪਰਿਵਾਰ ਸਣੇ ਦਾਣੇ ਇਕੱਠਾ ਕਰਨ ਮਗਰੋਂ ਆਖਰੀ ਪੜਾਅ ਸਾਡੇ ਘਰ ਕਰਨ ਲੱਗਾ ਤਾਂ ਮੇਰੀ ਮਾਂ ਨੇ ਕਿਹਾ ‘ ਦਾਅਦਾ , ਆਪਣੇ ਤਾਂ ਅੱਜ ਥਾਂ ਹੈਨੀ , ਤੁਸੀ ਐਤਕੀਂ ਕਿਸੇ ਹੋਰ ਦੇ ਘਰ ਰਹਿਪੋ , ਉਦੋਂ ਮੂੰਹ ਨੇਰ੍ਹਾ ਹੋਇਆ । ਦਾਅਦਾ ਆਪਣੀ ਖੱਚਰ ਸਣੇ ਘਰੋਂ ਨਿਕਲਿਆ ਤਾਂ ਅੱਗਿਓ ‘ਵੱਡਾ ਸਰਦਾਰ (ਮੇਰਾ ਬਾਪ), ਟੱਕਰ ਗਿਆ, ਐਸ ਵੇਲੇ ਕਿੱਧਰ ਦੀ ਤਿਆਰੀ ਦਾਦਿਆਂ ਦੀ ,
ਦਾਅਦਾ ਦੇ ਬੋਲਣ ਤੋਂ ਪਹਿਲਾਂ ਦਾਅਦੀ ਕਹਿੰਦੀ , ਸਰਦਾਰਾ , ਵੱਡੀ ਸਰਦਾਰਨੀ ਕਹਿੰਦੀ ਅੱਜ ਘਰੇ ਖਿੰਡਨ –ਖਿੰਡਾਉਣ ਖਿੱਲਰਿਆ ਪਿਆ, ਮੀਂਹ ਕਣੀ ਦੀ ਰੁੱਤ , ਤੁਸੀ ਕਿਤੇ ਹੋਰ ਰਹਿਪੋ,
ਆਏਂ ਕਿਮੇਂ ਹੋਰ ਰਹਿਪੋ, ਕਹਿ ਕੇ ਵੱਡੇ ਸਰਦਾਰ ਨੇ ਗਾਲ੍ਹਾਂ ਦੇ ਬਰੱਸਟ ਚਲਾਉਣੇ ਸੁਰੂ ਕਰ ਦਿੱਤੇ , ਆਖੇ , ‘ਏਸ ਘਰ ਨੂੰ ਛੱਡ ਕੇ ਜਦੋਂ ਤੁਸੀ ਅੱਜ ਤੱਕ ਕਿਤੇ ਨਹੀਂ ਰਹੇ , ਅੱਜ ਕਿਸੇ ਦੇ ਹੋਰ ਕਿਮੇਂ ਭੇਜਦੀਏ,’
ਦਾਅਦਾ ਵੀ ਆਖੇ , ‘ਸਰਦਾਰਾ ਗੱਲ ਤਾਂ ਠੀਕ ਪਰ ਜਦੋਂ ਘਰੇ ਥਾਂ ਹੈਨੀ ਅਸੀਂ ਕਿਤੇ ਹੋਰ ਸ ੌਂ ਜਾਂਦੇ’

ਮੇਰਾ ਬਾਪ ਆਖੇ , ਦਾਦਾ ਸਭ ਗੱਲ ਝੂਠ , ਤੁਸੀ ਸਾਡੇ ਘਰੇ ਸੌਣਾ , ਜੇ ਕੋਈ ਡਿੱਕਤ ਹੋਈ ਅਸੀਂ ਗੁਆਂਢੀਆਂ ਦੇ ਸੌ ਜਾਣਾ। ਉਹ ਕਹਿੰਦਾ ਇਹਨਾ ਦਾਦਿਆਂ ਨੇ ਜਿੱਥੋਂ ਤੱਕ ਬਾਹੀਏ ਦੇ ਸਿੱਧੂ ਬੈਠੇ ਉੱਥੋਂ ਤੱਕ ਜਾਣਾ ਹੁੰਦਾ । ਕਿੰਨੇ ਕੁ ਘਰਾਂ ‘ਚ ਰਹਿੰਦੇ , ਵੱਡੇ ਤੱਕੜੇ ਤੱਕੜੇ ਘਰ ਨੇ ।
ਅੱਜ ਉਹ ਕਹਾਣੀ ਦਿਮਾਗ ਵਿੱਚ ਚੱਲੀ ਜਾਂਦੀ ਸੀ , ਕਿ ਬਾਬੇ ਨੇ ਕਹਾਣੀ ਤੋਰ ਲਈ , ਗੁਰੂਦੁਆਰਾ 2-3 ਕਿਲੋਮੀਟਰ ਮਸਾਂ ਹੋਣਾ , ਆਪਾਂ ਗੱਡੀ ਹੌਲੀ ਕਰਲੀ ।
‘ਮੇਰੇ ਪੋਤੇ ਨੂੰ ਪਾਣੀ ਝਾਰਾ, ਥਾਊਲਾ ਕਰਾਉਣ ਚੱਲਿਆ। ਜੰਡਸਰੋਂ ’
‘ਬਾਬਾ ਜੀ ਸੀਟ ਤੇ ਅੰਗੂਰ ਪਏ ਨੇ ਕੱਢ ਕੇ ਦਿਓ ਦੇ ਜੁਆਕ ਨੂੰ ,’ ਮੈਂ ਕਿਹਾ ,
ਨਾ ਸਰਦਾਰਾ , ਆਪਣੇ ਹੱਥ ਨਾਲ ਦੇਈ , ਅਸੀਂ ਕਦੇ ਆਪ ਨਈਂ ਚੱਕਦੇ , ਬਾਬਾ ਨੇ ਤਹੱਮਲ ਨਾਲ ਜਵਾਬ ਦਿੱਤਾ
ਮੇਰੀ ਤਾਂ ਸਹੁਰੀ ਕਿਸਮਤ ਹੀ ਖਰਾਬ , ਮਾੜੀ ਔਲਾਦ ਨੇ ਮਾਰ ਲਿਆ, ਛੋਟਾ ਮੁੰਡਾ ਚੰਗਾ ਸੀ , ਉਹ ਬਹੂ ਵਾਹਲੀ ਕੱਬੀ , ਵੱਡਾ ਮੁੰਡਾ ਕੁਲੱਛਣਾ ਉਹ ਬਹੂ ਸਿਆਣੀ , ਬੱਸ ਸਰਦਾਰਾਂ ਬੁਰਾ ਹਾਲ ਐ, ਆਪਾਂ ਸਾਰੀ ਜਿੰਦਗੀ ਹੱਡ ਭੰਨਵੀ ਮਿਹਨਤ ਕੀਤੀ , ਕਿਸੇ ਤੋਂ ਉਏ ਨਹੀਂ ਅਖਵਾਇਆ ਸੀ । ਪਰ ਹੁਣ ਤਾਂ ਬਈ ਔਲਾਦ ਦਾ ਰਾਜ ਆਗਿਆ , ਸਹੁਰਿਆਂ ਨੇ ਪਿਉਂ –ਦਾਦੇ ਦੀ ਕੀਤੀ ਖੂਹ ‘ਚ ਸੁੱਟਤੀ ।
ਕੱਲ ਸ਼ਹਿਰੋਂ ਦਵਾਈ ਦੁਆਈ ਸੀ 50 ਰੁਪਇਆ ਦੀ, ਭੋਰਾ ਰਾਮ ਨੀਂ ਆਇਆ, ਫਿਰ ਕਿਸੇ ਨੇ ਦੱਸ ਪਾਈ ਬਾਬੇ ਦੀ , ਹੁਣ ਕਿਸੇ ਕਿਰਾਏ ਲਈ ਪੈਸੇ ਫੜ ਕੇ ਲਿਆਇਆ।
ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਇਸ ਬਾਬੇ ਨੂੰ ਉਤਰਦਾ ਹੋਇਆ 500 ਰੁਪਏ ਦੇ ਦਿਆਂਗਾ, ਗੁਰੂਘਰ ਦੇ ਕੋਲ ਆਏ ਤਾਂ ਉੱਥੇ ਨਿੱਕੇ ਨਿੱਕੇ ਬਾਜ਼ਾਰ ਲੱਗੇ ਹੋਏ ਸੀ ਅਤੇ ਬੱਚਿਆਂ ਦੀਆਂ ਖੇਡਾਂ ਵਿਕ ਰਹੀਆਂ ਸਨ । ਕਾਰ ਉਤਰਦੇ ਹੋਏ ਮੈਂ ਉਹਦੇ ਪੋਤੇ ਨੂੰ ਪੁੱਛਿਆ , ‘ ਬਾਲ ਲੈਣੀ ।’
ਉਹਨੇ ‘ਹਾਂ’ ਵਿੱਚ ਸਿਰ ਹਿਲਾਇਆ। ਮੈਂ ਜੇਬ ਵਿੱਚ 500 ਦੀ ਬਜਾਏ 100 ਦਾ ਨੋਟ ਕੱਢ ਕੇ ਬਾਬੇ ਨੂੰ ਫੜਾ ਕੇ ਬਾਲ ਦਿਵਾਉਣ ਲਈ ਕਿਹਾ , ‘ਨਾਲੇ ਰੁੱਗ ਭਰਕੇ ਅੰਗੂਰ ਦੇ ਦਿੱਤੇ ।’
ਬਾਬਾ ਕਹਿੰਦਾ , ‘ ਸਰਦਾਰਾ ਐਨੇ ਪੈਸੇ ਅਸੀਂ ਕੀ ਕਰਨੀ ਇਹ ਖਿੱਦੋ ਤਾਂ 10- 20 ਦੀ ਆ ਜਾਣੀ ।
ਮੈਨੂੰ ਇਸ ਬਾਬੇ ਦੀ ਨੇਕ ਨੀਅਤ ‘ਤੇ ਮਾਣ ਹੋ ਰਿਹਾ ਸੀ ਕਿ ਉਹ ਬਿਨਾ ਮੰਗੇ ਮਿਲੇ ਪੈਸੇ ਰੱਖਣ ਲਈ ਤਿਆਰ ਨਈਂ ਸੀ ।
ਮੇਰੇ ਨਾਲ ਬੈਠੇ ਤਾਰੂ ਨੂੰ ਕਿਹਾ ਆਪਾਂ 100 ਰੁਪਈਆਂ ਹੁਣ ਲਾ ਦਿੰਦੇ ਇੱਥੇ ਪਰ ਇਹ ਜੁਆਕ ਕਿੰਨਾ ਖੁਸ਼ ਹੋਇਆ ਇਹ ਬਾਲ ਲੈ ਕੇ ।

Real Estate