ਪੰਜਾਬ ਨੂੰ ਬਚਾਉਣ ਲਈ ਕਿਸਾਨ ਆਰਗੈਨਿਕ ਖੇਤੀ ਵੱਲ ਪਰਤਣ- ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ
ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਾਨਕ ਹੱਟ ਦੀ ਨਵੀਂ ਬਰਾਂਚ ਖੋਹਲਣ ਦਾ ਉਦਘਾਟਨ ਕਰਦਿਆ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਪਰਤੇ ਬਿਨ੍ਹਾਂ ਗੁਜ਼ਾਰਾ ਨਹੀਂ ਹੋਣਾ।ਉਨ੍ਹਾਂ ਕਿਹਾ ਕਿ ਬਜ਼ਾਰ ਵਿਚ ਆਮ ਲੋਕਾਂ ਦੀ ਹੋ ਰਹੀ ਲੁੱਟ ਤੋਂ ਬਚਾਉਣ ਲਈ ਤੇ ਗੁਣਵੱਤਾ ਵਾਲਾ ਸਮਾਨ ਤੇ ਖ਼ਾਸ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਾਵਟ ਤੋਂ ਬਿਨ੍ਹਾਂ ਮਹੁੱਈਆ ਕਰਵਾਉਣ ਦੇ ਯਤਨਾਂ ਵੱਜੋਂ ਹੀ ਇਹ ਨਾਨਕ ਹੱਟ ਖੋਹਲਿਆ ਗਿਆ ਹੈ।ਇਹ ਨਾਨਕ ਹੱਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ।
ਸੰਤ ਸੀਚੇਵਾਲ ਨੇ ਵੱਧ ਰਹੀਆਂ ਬੀਮਾਰੀਆਂ ‘ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਤੰਦਰੁਸਤੀ ਹਸਪਤਾਲਾਂ ਜਾਂ ਦਵਾਈਆਂ ਨੇ ਨਹੀਂ ਦੇਣੀ। ਤੰਦਰੁਸਤੀ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਸੁਧਾਰ ਲਿਆ ਕੇ ਹੀ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਸਾਰੇ ਦੇਸ਼ ਨਾਲੋਂ ਸਭ ਤੋਂ ਵੱਧ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਪਾਈਆਂ ਜਾ ਰਹੀਆਂ ਹਨ । ਇਹ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਹੁਣ ਖਾਣੇ ਦੀ ਲੜੀ ਵਿੱਚ ਆ ਗਈਆਂ ਹਨ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੈ।ਜਿਸ ਨਾਲ ਕੈਂਸਰ ਸਮੇਤ ਹੋਰ ਬੀਮਾਰੀਆਂ ਲੱਗ ਰਹੀਆਂ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਆਰਗੈਨਿਕ ਖੇਤੀ ਵੱਲ ਪਰਤਣਾ ਪਵੇਗਾ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਲਈ ਆਰਗੈਨਿਕ ਖੇਤੀ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ। ਉਨ੍ਹਾਂ ਵੱਡੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਘੱਟੋ ਘੱਟ ਪੰਜ ਏਕੜ ਤੱਕ ਉਹ ਵੀ ਆਰਗੈਨਿਕ ਖੇਤੀ ਕਰਨ।
ਸੁਲਤਾਨਪੁਰ ਲੋਧੀ ਵਿੱਚ ਮਨਾਏ ਜਾ ਰਹੇ ੫੫੦ ਵੇਂ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਬਰਸਾਤਾਂ ਦੌਰਾਨ ਬੂਟੇ ਵੱਡੀ ਪੱਧਰ ‘ਤੇ ਲਾਏ ਜਾਣ ਤਾਂ ਜੋ ਇੱਥੇ ਆਉਣ ਵਾਲੀਆਂ ਸੰਗਤਾਂ ਇੱਥੋਂ ਵਾਤਾਵਰਣ ਪੱਖੀ ਸੁਨੇਹਾ ਲੈ ਕੇ ਜਾਣ। ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਪਿਛਲੇ ਸਾਲ ਤੋਂ ਚਲਾਈ ਗਈ ਹੈ ਜਿਸ ਨੂੰ ਸੰਗਤਾਂ ਨੇ ਵੱਡਾ ਹੁੰਗਾਰਾ ਭਰਿਆ ਹੈ।
ਨਾਨਕ ਹੱਟ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ। ਭਾਈ ਤਜਿੰਦਰ ਸਿੰਘ ਸੀਚੇਵਾਲ ਦੇ ਜਥੇ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਚਾਹ, ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਾਰਾ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਚੱਲਦੀ ਰਹੀ।
ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਖੁਖਰੈਣ ਤੋਂ ਡੇਰਾ ਬਾਬਾ ਹਰਜੀ ਸਾਹਿਬ ਦੇ ਮੁਖ ਸੇਵਾਦਾਰ ਸੰਤ ਅਮਰੀਕ ਸਿੰਘ, ਖੈੜਾ ਬੇਟ ਤੋਂ ਮਹਾਤਮਾ ਮੁਨੀ, ਗੁਰਦੁਆਰਾ ਬੇਬੇ ਨਾਨਕੀ ਦੇ ਮੈਨੇਜਰ ਗੁਰਦਿਆਲ ਸਿੰਘ, ਸੰਤ ਸੁਖਜੀਤ ਸਿੰਘ ਸੀਚੇਵਾਲ, ਨਾਨਕ ਹੱਟ ਚਲਾਉਣ ਵਾਲੀ ਇੱਕ ਉਂਕਾਰ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ, ਅਰੁਣ ਕੁਮਾਰ ਅਤੇ ਸੁਰਜੀਤ ਸਿੰਘ ਸ਼ੰਟੀ, ਤਜਿੰਦਰ ਸਿੰਘ ਸਰਪੰਚ ਸੀਚੇਵਾਲ, ਸੁਖਵਿੰਦਰ ਸਿੰਘ ਸੁੱਖ, ਅਮਰਜੀਤ ਸਿੰਘ, ਗੁਰਦੇਵ ਸਿੰਘ ਫੌਜੀ, ਪ੍ਰੋਮਿਲ ਕੁਮਾਰ, ਅਮਨਦੀਪ ਸਿੰਘ ਖੈਹਿਰਾ, ਹਰਨੇਕ ਸਿੰਘ, ਪਿਆਰਾ ਸਿੰਘ, ਗਗਨਦੀਪ ਸਿੰਘ ਅਤੇ ਸੰਗਤਾਂ ਹਾਜ਼ਰ ਸਨ।

Real Estate