“ਰੰਗਾਂ ਦੀ ਰੌਸ਼ਨੀ” ਰਿਲੀਜ਼

7714
ਮਨਦੀਪ ਕੌਰ ਭੰਮਰਾ
ਮਨਦੀਪ ਕੌਰ ਭੰਮਰਾ

ਪੰਜਾਬੀ ਦੇ ਮਹਾਨ ਸ਼ਾਇਰ ਡਾ ਆਤਮ ਹਮਰਾਹੀ ਜੀ ਦੀ ਬੇਟੀ ਅਤੇ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਦੁਆਰਾ ਲਿਖੀ ਹੋਈ ਕਾਵਿ ਪੁਸਤਕ “ਰੰਗਾਂ ਦੀ ਰੌਸ਼ਨੀ” ਦਾ ਰਿਲੀਜ਼ ਸਮਾਗਮ ਅੱਜ 16 ਜੂਨ 2019 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿੱਤਕਾਰਾਂ, ਗੀਤਕਾਰਾਂ ਅਤੇ ਲੇਖਕਾਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਧਾਨਗੀ ਪੰਜਾਬੀ ਦੇ ਮਹਾਨ ਸ਼ਾਇਰ ਪਦਮ ਸ਼੍ਰੀ ਡਾ ਸੁਰਜੀਤ ਪਾਤਰ, ਪ੍ਰੋ ਰਵਿੰਦਰ ਭੱਠਲ, ਪ੍ਰੋ ਗੁਰਭਜਨ ਗਿੱਲ,ਹਰਦੇਵ ਸਿੰਘ ਗਰੇਵਾਲ, ਸ੍ਰ ਗੁਰਮੀਤ ਸਿੰਘ ਕੁਲਾਰ, ਸ੍ਰ ਅਵਤਾਰ ਸਿੰਘ ਭੋਗਲ,ਸ੍ਰ ਗੁਰਚਰਨ ਸਿੰਘ ਭੰਮਰਾ ਸਮੇਤ ਹਾਜ਼ਰ ਸ਼ਖਸੀਅਤਾਂ ਨੇ ਪੁਸਤਕ “ਰੰਗਾਂ ਦੀ ਰੌਸ਼ਨੀ” ਨੂੰ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ਸਮਾਗਮ ਦੌਰਾਨ ਡਾਕਟਰ ਸੁਰਜੀਤ ਪਾਤਰ ਜੀ ਨੇ ਕਿਤਾਬ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਨਦੀਪ ਕੌਰ ਭੰਮਰਾ ਦੀ ਇਹ ਕਿਤਾਬ “ ਰੰਗਾਂ ਦੀ ਰੌਸ਼ਨੀ” ਪੰਜਾਬੀ ਸਾਹਿੱਤ ਜਗਤ ਵਿੱਚ ਆਪਣੀਆਂ ਕਵਿਤਾਵਾਂ ਰਾਹੀਂ ਵੱਖ-ਵੱਖ ਵੰਨਗੀਆਂ ਦੇ ਰੰਗ ਪੇਸ਼ ਕਰੇਗੀ। ਇਸ ਮੌਕੇ ਪੰਜਾਬੀ ਸਾਹਿੱਤ ਅਕਾਦਮੀ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਨੇ ਕਿਹਾ ਕਿ ਮਨਦੀਪ ਨੇ ਆਪਣੀ ਕਲਮ ਰਾਹੀਂ ਔਰਤ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ‘ਤੇ ਕਵਿਤਾਵਾਂ ਲਿਖ ਕੇ ਸਮਾਜ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਸੁਚੇਤ ਕੀਤਾ ਹੈ। ਸਮਾਗਮ ਦੌਰਾਨ ਕਿਤਾਬ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ ਗੁਰਭਜਨ ਗਿੱਲ ਨੇ ਡਾਕਟਰ ਆਤਮ ਹਮਰਾਹੀ ਜੀ ਨਾਲ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਮਨਦੀਪ ਨੇ ਆਪਣੀਆਂ ਦੋ ਕਿਤਾਬਾਂ ਰਾਹੀਂ ਪੰਜਾਬੀ ਸਾਹਿੱਤ ਜਗਤ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਓਂਦੇ ਹੋਏ ਆਪਣੇ ਪਿਤਾ ਜੀ ਦੀ ਸਾਹਿੱਤਿਕ ਵਿਰਾਸਤ ਨੂੰ ਸੰਭਾਲਣ ਯਤਨ ਕੀਤਾ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਕਰਦੇ ਹੋਏ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਕਿਤਾਬ ਸੰਬੰਧੀ ਖੁੱਲ੍ਹ ਕੇ ਚਾਨਣਾ ਪਾਇਆ । ਇਸ ਮੌਕੇ ਲੇਖਿਕਾ ਮਨਦੀਪ ਕੌਰ ਭੰਮਰਾ ਨੇ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਪਿਤਾ ਜੀ ਦੀ ਲੇਖਣੀ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ । ਕਿਤਾਬ ਸੰਬੰਧੀ ਆਪਣੇ ਵਿਚਾਰ ਪੇਸ਼ ਹੋਏ ਪ੍ਰਸਿੱਧ ਕਵੀ ਤਰਲੋਚਨ ਲੋਚੀ, ਡਾ ਦੀਪਿਕਾ ਵਿੱਗ,ਸ਼੍ਰੀਮਤੀ ਗੁਰਚਰਨ ਕੌਰ ਕੋਚਰ, ਪ੍ਰਿੰ ਰਣਜੀਤ ਸਿੰਘ, ਜਸਬੀਰ ਸਿੰਘ ਘੁਲਾਲ ਨੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਸ਼ਵਕਰਮਾ ਫਾਓਂਡੇਸ਼ਨ ਦੇ ਮੈਂਬਰ ਸਾਹਿਬਾਨ ਸ੍ਰ ਹਰਮਿੰਦਰ ਸਿੰਘ ਮੁੰਡੇ, ਸ੍ਰ ਦਲਬੀਰ ਸਿੰਘ ਧੀਮਾਨ, ਸ੍ਰ ਗੁਰਦੇਵ ਸਿੰਘ ਸੱਲ੍ਹ ਸਮੇਤ ਅਤੇ ਹੋਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਵੱਖ ਵੱਖ ਕਵੀਆਂ ਜਿੰਨ੍ਹਾਂ ਵਿੱਚ ਸੁਰਜੀਤ ਸਿੰਘ ਜੀਤ, ਕਿੱਕਰ ਡਾਲੇਵਾਲਾ, ਅਮਰਜੀਤ ਸ਼ੇਰਪੁਰੀ, ਹਰਦੇਵ ਸਿੰਘ ਕਲਸੀ, ਮੋਹਨ ਹਸਨਪੁਰੀ,ਜਤਿੰਦਰ ਕੌਰ ਸੰਧੂ, ਸੰਗੀਤਾ ਭੰਡਾਰੀ, ਕੁਲਵਿੰਦਰ ਕਿਰਨ, ਸਿਮਰਨ ਕੌਰ ਧੁੱਗਾ, ਪਰਮਿੰਦਰ ਅਲਬੇਲਾ, ਜਸਪ੍ਰੀਤ ਕੌਰ ਮਾਂਗਟ, ਨੀਲੂ ਬੱਗਾ, ਰਵਿੰਦਰ ਦੀਵਾਨਾ, ਸੁਰਜਨ ਸਿੰਘ, ਮਲਕੀਤ ਸਿੰਘ, ਸੋਮਨਾਥ ਭੱਟੀ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Real Estate