1984 ਸਿੱਖ ਕਤਲੇਆਮ ਮਾਮਲੇ ‘ਚ ਹੁਣ ਲੱਗੇਗਾ ਕਮਲਨਾਥ ਦਾ ਨੰਬਰ ?

964

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਵਿਰੁੱਧ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਦਾਇਰ ਹੋਏ ਇੱਕ ਤਾਜ਼ਾ ਕੇਸ ਦੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਕਮਲਨਾਥ ਵਿਰੁੱਧ ਜਾਂਚ ਦਾ ਮਾਮਲਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਰਾਹੀਂ ਉਦੋਂ ਦੇ ਗ੍ਰਹਿ ਮੰਤਰੀ ਕੋਲ ਉਠਾਇਆ ਸੀ ਤੇ ਇਸ ਸਬੰਧੀ ਦਸੰਬਰ 2018 ’ਚ ਇੱਕ ਚਿੱਠੀ ਲਿਖੀ ਗਈ ਸੀ। ਸਿਰਸਾ ਨੇ ਕਿਹਾ ਕਿ ਕਮਲਨਾਥ ’ਤੇ ਦੋਸ਼ ਹੈ ਕਿ 1 ਨਵੰਬਰ, 1984 ਨੂੰ ਉਨ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੀੜ ਨੂੰ ਉਕਸਾਇਆ, ਜਿੱਥੇ ਦੋ ਸਿੱਖਾਂ ਨੂੰ ਜਿਊਂਦੇ–ਜੀਅ ਸਾੜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ 1 ਨਵੰਬਰ, 1984 ਨੂੰ ਇਸ ਸਬੰਧੀ ਐੱਫ਼ਆੲਆਰ ਨੰਬਰ 601/84 ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ’ਚ ਦਾਇਰ ਹੋਈ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਤਾਂ ਪੇਸ਼ ਕੀਤੀ ਸੀ ਪਰ ਜਾਣਬੁੱਝ ਕੇ ਕਮਲਨਾਥ ਨੂੰ ਛੱਡ ਦਿੱਤਾ ਗਿਆ ਸੀ। ਸ੍ਰੀ ਸਿਰਸਾ ਨੇ ਦੱਸਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਉਨ੍ਹਾਂ ਸਾਰੇ ਪੰਜ ਦੋਸ਼ੀਆਂ ਦੇ ਰਿਹਾਇਸ਼ੀ ਪਤੇ ਕਮਲਨਾਥ ਦੇ ਘਰ ਦੇ ਹਨ। ਸਿਰਸਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਸੀ। ਉਨ੍ਹਾਂ ਕਿਹਾ ਕਿ 1984 ਦੇ ਉਸ ਕਤਲੇਆਮ ਵੇਲੇ ਕਮਲਨਾਥ ਦੀ ਉਸ ਥਾਂ ਉੱਤੇ ਮੌਜੂਦਗੀ ਤੇ ਭੂਮਿਕਾ ਬਾਰੇ ‘ਇੰਡੀਅਨ ਐਕਸਪ੍ਰੈੱਸ’ ਦੇ ਪੱਤਰਕਾਰ ਸੰਜੇ ਸੂਰੀ ਨੇ ਇੱਕ ਰਿਪੋਰਟ ਵੀ 2 ਨਵੰਬਰ, 1984 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਸੀ।

Real Estate