ਸ਼ਰੇਆਮ 51 ਕਤਲ: ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਦੋਸ਼ੀ ਨੇ ਨਹੀਂ ਕਬੂਲਿਆ ਆਪਣਾ ਗੁਨਾਹ

ਔਕਲੈਂਡ 14 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 15 ਮਾਰਚ ਨੂੰ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਦੇ ਵਿਚ ਨਮਾਜ ਅਦਾ ਕਰਨ ਪਹੁੰਚੇ ਨਮਾਜੀਆਂ ਨੂੰ ਜਿਸ ਬੇਹੱਦ ਘਿਨਾਉਣੇ ਸਖਸ਼ (ਬਰੈਨਟਨ ਟਾਰੈਂਟ-28) ਨੇ ਸ਼ਰੇਆਮ ਗੋਲੀਆਂ ਦਾ ਮੀਂਹ ਵਰ੍ਹਾਉਂਦਿਆਂ 51 ਨਿਹੱਥੇ ਲੋਕਾਂ ਨੂੰ ਮਾਰ ਮੁਕਾਇਆ ਸੀ, ਨੇ ਅੱਜ ਅਦਾਲਤ ਦੇ ਵਿਚ ਪੇਸ਼ੀ ਦੌਰਾਨ ਆਪਣਾ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿੱਤਾ। ਹੁਣ ਅਦਾਲਤ ਨੂੰ ਅਤੇ ਸਰਕਾਰੀ ਤੰਤਰ ਨੂੰ ਬਹਿਸ ਦੇ ਵਿਚ ਇਹ ਸਾਬਿਤ ਕਰਨਾ ਹੋਵੇਗਾ ਕਿ ਤੂੰ ਹੀ ਸਾਰ ਨਿਹੱਥੇ ਲੋਕਾਂ ਨੂੰ ਮਾਰਿਆ ਹੈ। ਇਹ ਅਦਾਲਤੀ ਬਹਿਸ ਅਗਲੇ ਸਾਲ 4 ਮਈ 2020 ਨੂੰ ਸ਼ੁਰੂ ਹੋਵੇਗੀ ਅਤੇ ਲਗਪਗ ਦੋ ਮਹੀਨਿਆਂ ਤੱਕ ਚੱਲ ਸਕਦੀ ਹੈ। 51 ਕਤਲਾਂ ਅਤੇ 40 ਇਰਾਦਾ ਏ ਕਤਲ ਦਾ ਦੋਸ਼ ਇਸਦੇ ਸਿਰ ਉਤੇ ਹੈ, ਇਸਨੇ ਸ਼ੋਸਲ ਮੀਡੀਆ ਉਤੇ ਲਾਈਵ ਹੋ ਕੇ ਇਹ ਕਾਰਾ ਕੀਤਾ ਅਤੇ ਬੇਸ਼ਰਮੀ ਦੇ ਨਾਲ ਕਹਿ ਦਿੱਤਾ ਕਿ ਮੈਂ ਨਹੀਂ ਕੀਤਾ। ਅੱਜ ਕ੍ਰਾਈਸਟਚਰਚ ਹਾਈਕੋਰਟ ਦੇ ਵਿਚ ਇਸਦੀ ਪੇਸ਼ੀ ਆਡੀਓ-ਵਾਡੀਓ ਲਿੰਕ ਰਾਹੀਂ ਕੀਤੀ ਗਈ ਜਦ ਕਿ ਇਸਨੂੰ ਪਾਰੇਮੋਰੀਮੋ ਜ਼ੇਲ੍ਹ ਔਕਲੈਂਡ ਦੇ ਵਿਚ ਰੱਖਿਆ ਹੋਇਆ ਹੈ। ਇਸਦੀ ਸ਼ਕਲ ਸਿਰਫ ਜੱਜ ਸਾਹਿਬਾਨ ਅਤੇ ਵਕੀਲ ਹੀ ਵੇਖ ਸਕਦੇ ਸਨ। ਪੇਸ਼ੀ ਦੌਰਾਨ ਇਹ ਮਿੰਨ੍ਹਾ-ਮਿੰਨ੍ਹਾ ਹੱਸਿਆ ਵੀ ਅਤੇ ਇਧਰ ਉਧਰ ਵੇਖਦਾ ਰਿਹਾ। ਮ੍ਰਿਤਕ ਪਰਿਵਾਰਾਂ ਦੇ ਲੋਕਾਂ ਨਾਲ ਅੱਜ ਅਦਾਲਤ ਪੂਰੀ ਤਰ੍ਹਾਂ ਭਰੀ ਹੋਈ ਸੀ। 16 ਅਗਸਤ ਤੱਕ ਇਸ ਦੋਸ਼ੀ ਦਾ ਰਿਮਾਂਡ ਫਿਰ ਦੇ ਦਿੱਤਾ ਗਿਆ ਹੈ ਤੇ ਉਸ ਦਿਨ ਸਵਾ 9 ਵਜੇ ਫਿਰ ਪੇਸ਼ੀ ਹੋਵੇਗੀ। ਇਸ ਦੋਸ਼ੀ ਉਤੇ ਅੱਤਵਾਦ ਕਾਨੂੰਨ ਦੇ ਤਹਿਤ ਵੀ ਦੋ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਨੇ ਉਸਦੀ ਸਿਹਤ ਸਬੰਧੀ ਟੈਸਟ ਕਰਵਾਏ ਸਨ ਅਤੇ ਉਹ ਪੂਰੀ ਤਰ੍ਹਾਂ ਫਿੱਟ ਪਾਇਆ ਗਿਆ। ਅਦਾਲਤ ਨੇ ਇਸ ਦੋਸ਼ੀ ਦਾ ਨਾਂਅ ਛਾਪਣ ਉਤੇ ਪਾਬੰਦੀ ਚੁੱਕ ਲਈ ਹੈ ਅਤੇ ਮ੍ਰਿਤਕਾਂ ਦੇ ਨਾਂਅ ਵੀ ਜਨਤਕ ਕਰਨ ਦੀ ਗੱਲ ਆਖੀ ਹੈ।

Real Estate