ਵਲਿੰਗਟਨ ਵਿਖੇ ਟੈਕਸੀ ਚਾਲਕ ਹਰਪ੍ਰੀਤ ਸਿੰਘ ਉਤੇ ਇਕ ਗੋਰੇ ਯਾਤਰੀ ਵੱਲੋਂ ਚਾਕੂ ਨਾਲ ਹਮਲਾ-ਨਕਦੀ ਲੁੱਟੀ

ਔਕਲੈਂਡ 15 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਤੜ੍ਹਕੇ ਲਗਪਗ 2:55 ਉਤੇ ਵਲਿੰਗਟਨ ਸਥਿਤ ਟੈਕਸੀ ਕੰਪਨੀ ‘ਹੱਟ ਐਂਡ ਸਿਟੀ’ ਦੇ ਵਿਚ ਟੈਕਸੀ ਬਿਜਨਸ ਕਰ ਰਹੇ ਚਾਲਕ ਸ। ਹਰਪ੍ਰੀਤ ਸਿੰਘ ਦੀ ਉਸ ਵੇਲੇ ਬੜੀ ਸਿਆਣਪ ਨਾਲ ਜਾਨ ਬਚ ਗਈ ਜਦੋਂ ਇਕ 30 ਕੁ ਸਾਲਾ ਗੋਰਾ ਵਿਅਕਤੀ ਜੋ ਕਿ ਸਵਾਰੀ ਦੇ ਰੂਪ ਵਿਚ ਆਇਆ ਸੀ ਅਤੇ ਕੁਝ ਕੁ ਮਿੰਟਾਂ ਬਾਅਦ ਰਸਤੇ ਵਿਚ ਟੈਕਸੀ ਰੁਕਵਾ ਕੇ ਗਰਦਨ ਉਤੇ ਚਾਕੂ ਨਾਲ ਵਾਰ ਕਰਨ ਦੇ ਰੌਂਅ ਵਿਚ ਸੀ ਤੇ ਪੈਸੇ ਦੀ ਮੰਗ ਕਰਨ ਲੱਗਾ ਸੀ। ਘਟਨਾ ਤੋਂ ਪਹਿਲਾਂ ਉਸਨੇ ਟੈਕਸੀ ਸਟੈਂਡ ਉਤੇ ਆ ਕੇ ਵਾਟਰਲੂ ਦੁਕਾਨਾਂ ‘ਤੇ ਜਾਣ ਵਾਸਤੇ ਕਿਹਾ। ਉਹ ਮੂਹਰਲੀ ਸੀਟ ਉਤੇ ਬੈਠਿਆ, ਉਸਨੇ ਹੁੱਡੀ ਪਹਿਨੀ ਹੋਈ ਸੀ ਅਤੇ ਉਸ ਕੋਲ ਇਕ ਬੈਗ ਵੀ ਸੀ। ਉਸੇ ਸੁੰਨਸਾਨ ਰਸਤਾ ਜਿੱਥੇ ਹਨ੍ਹੇਰਾ ਸੀ, ਟੈਕਸੀ ਰੁਕਵਾ ਲਈ। ਉਸਨੇ ਝੱਟ ਦੇਣੀ ਬੈਗ ਵਿਚੋਂ ਰਸੋਈ ਵਾਲਾ ਚਾਕੂ ਕੱਢ ਕੇ ਟੈਕਸੀ ਚਾਲਕ ਹਰਪ੍ਰੀਤ ਸਿੰਘ ਦੀ ਗਰਦਨ ਉਤੇ ਰੱਖ ਦਿੱਤਾ ਅਤੇ ਪੈਸੇ ਮੰਗਣ ਲੱਗਾ। ਹਰਪ੍ਰੀਤ ਸਿੰਘ ਨੇ ਹੁਸ਼ਿਆਰੀ ਨਾਲ ਉਸ ਦਾ ਗੁੱਟ ਇਕ ਹੱਥ ਨਾਲ ਫੜ ਲਿਆ ਅਤੇ ਦੂਜੇ ਹੱਥ ਦੇ ਨਾਲ ਚਾਕੂ ਫੜ ਕੇ ਉਸਦੀ ਬਾਂਹ ਹੇਠਾਂ ਜ਼ੋਰ ਨਾਲ ਧੱਕ ਦਿੱਤੀ। ਇਸ ਤਰ੍ਹਾਂ ਕਰਨ ਨਾਲ ਚਾਕੂ ਪਿੱਛੇ ਹੱਠ ਗਿਆ। ਵਸ ਨਾ ਚਲਦਾ ਵੇਖ ਕੇ ਹਰਪ੍ਰੀਤ ਦੇ ਨੱਕ ਦੇ ਉਤੇ ਜ਼ੋਰ ਨਾਲ ਮੁੱਕਾ ਮਾਰ ਦਿੱਤਾ ਜਿਸ ਨਾਲ ਨੱਕ ਚੋਂ ਖੂਨ ਵਹਿਣ ਲੱਗਾ। ਟੈਕਸੀ ਦੇ ਵਿਚ ਪੈਨਿਕ ਬਟਨ ਤਾਂ ਸੀ ਪਰ ਦੱਬਣ ਦਾ ਮੌਕਾ ਹੀ ਨਹੀਂ ਮਿਲਿਆ। ਹਰਪ੍ਰੀਤ ਦਾ ਨੱਕ ਅਜੇ ਵੀ ਸੁੱਜਿਆ ਹੋਇਆ ਹੈ। ਸੱਜੇ ਹੱਥ ਦੇ ਗੂਠੇ ਉਤੇ ਜ਼ਖਮ ਵੀ ਹੋ ਗਿਆ ਪਰ ਇਸਨੇ ਚਾਕੂ ਨੂੰ ਆਜ਼ਾਦ ਨਹੀਂ ਹੋਣ ਦਿੱਤਾ ਜਿਸ ਨਾਲ ਬਚਾਅ ਹੋ ਗਿਆ। ਇਸ ਦੌਰਾਨ ਬੜੀ ਫੁਰਤੀ ਦੇ ਨਾਲ ਹਰਪ੍ਰੀਤ ਸਿੰਘ ਨੇ ਬਾਰੀ ਖੋਲ੍ਹੀ ਅਤੇ ਬਾਰੀ ਨੂੰ ਪੈਰ ਦੇ ਨਾਲ ਧੱਕ ਕੇ ਬਾਹਰਵਾਰ ਕੀਤਾ ਅਤੇ ਉਥੋਂ ਨਸ ਗਿਆ। ਉਹ ਗੋਰਾ ਹਮਲਾਵਰ ਕਾਰ ਦੇ ਵਿਚੋਂ ਬਾਹਰ ਨਿਕਲਿਆ, ਥੋੜ੍ਹਾ ਜਿਹਾ ਪਿੱਛਾ ਕੀਤਾ, ਪਰ ਮਗਰ ਭੱਜਣ ਦੀ ਬਜਾਏ ਉਸਨੇ ਟੈਕਸੀ ਅੰਦਰ ਪਏ ਪੈਸੇ ਚੁਰਾ ਲਏ ਜੋ ਕਿ 250 ਡਾਲਰ ਦੇ ਕਰੀਬ ਸਨ ਅਤੇ ਕੁਝ ਹੋਰ 70-80 ਡਾਲਰ ਦੀ ਭਾਨ ਵੀ ਸੀ। ਇਸ ਹਫੜਾ-ਦਫੜੀ ਦੌਰਾਨ ਹਰਪ੍ਰੀਤ ਸਿੰਘ ਦਾ ਫੋਨ ਗੱਡੀ ਦੇ ਵਿਚ ਹੀ ਰਹਿ ਗਿਆ ਸੀ ਜਿਸ ਕਰਕੇ ਉਹ ਪੁਲਿਸ ਨੂੰ ਖੁਦ ਸੁਨੇਹਾ ਨਹੀਂ ਦੇ ਸਕਿਆ। ਉਹ ਕਿਸੀ ਤਰ੍ਹਾਂ ਕਿਸੇ ਘਰੋਂ ਸਹਾਇਤਾ ਲੈਣ ਦੀ ਤਾਕ ਵਿਚ ਸੀ ਤਾਂ ਐਨੇ ਨੂੰ ਇਕ ਹੋਰ ਟੈਕਸੀ ਚਾਲਕ ਆਪਣੇ ਘਰ ਦਾ ਬਾਹਰ ਦਿਸਿਆ ਅਤੇ ਉਸ ਕੋਲੋਂ ਫਿਰ ਇਸਨੇ ਸਹਾਇਤਾ ਲਈ। ਉਹ ਟੈਕਸੀ ਡ੍ਰਾਈਵਰ ਹਰਪ੍ਰੀਤ ਨੂੰ ਨਾਲ ਲੈ ਕੇ ਲੁੱਟ ਦਾ ਸ਼ਿਕਾਰ ਹੋਈ ਟੈਕਸੀ ਕੋਲ ਲੈ ਗਿਆ। ਐਨੇ ਨੂੰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ, ਪਰ ਲੁਟੇਰਾ ਉਸ ਵੇਲੇ ਤੱਕ ਭੱਜ ਗਿਆ ਸੀ। ਪੁਲਿਸ ਨੇ ਲੁੱਟੀ ਹੋਈ ਟੈਕਸੀ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਹਰਪ੍ਰੀਤ ਨੂੰ ਹਸਪਤਾਲ ਪਹੁੰਚਾਇਆ। 4-5 ਘੰਟੇ ਬਾਅਦ ਹਸਪਤਾਲ ਤੋਂ ਪੱਟੀ ਆਦਿ ਕਰਕੇ ਛੁੱਟੀ ਕਰ ਦਿੱਤੀ ਗਈ। ਨੱਕ ਦੇ ਅੰਦਰ ਹੱਡੀ ਆਦਿ ਟੁੱਟੀ ਹੋਣ ਬਾਰੇ ਅਜੇ ਦੁਬਾਰਾ ਚੈਕ-ਅਪ ਹੋਣਾ ਹੈ। ਸ। ਹਰਪ੍ਰੀਤ ਸਿੰਘ ਨੇ ਸਾਰੇ ਟੈਕਸੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਦੀ ਸ਼ਿਫਟ ਵੇਲੇ ਸਾਵਧਾਨੀ ਵਰਤਣ, ਜੇਕਰ ਕੋਈ ਹੂਡੀ ਆਦਿ ਪਹਿਨ ਕੇ ਬੈਠਦਾ ਹੈ ਤਾਂ ਉਸਨੂੰ ਹੂਡੀ ਹੇਠਾਂ ਕਰਕੇ ਬੈਠਣ ਲਈ ਕਿਹਾ ਜਾ ਸਕਦਾ ਹੈ, ਹੋ ਸਕੇ ਤਾਂ ਇਕ ਹੋਰ ਛੋਟਾ ਫੋਨ ਕਿਸੀ ਹੋਰ ਜਗ੍ਹਾ ਲੁਕੋ ਕੇ ਕੱਪੜਿਆਂ ਵਿਚ ਰੱਖਣਾ ਚਾਹੀਦਾ ਹੈ। ਟੈਕਸੀ ਕੰਪਨੀ ਵੀ ਪੁਲਿਸ ਦੇ ਨਾਲ ਤਾਲ-ਮੇਲ ਕਰ ਰਹੀ ਹੈ ਅਤੇ ਜ਼ੋਰ ਪਾ ਰਹੀ ਹੈ ਕਿ ਉਸ ਦੋਸ਼ੀ ਨੂੰ ਫੜਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ। ਸੋ ਲੁਟੇਰਿਆਂ ਦੀ ਕੋਈ ਨਸਲ ਅਤੇ ਧਰਮ ਨਹੀਂ ਹੁੰਦਾ ਸੋ ਅਜਿਹੇ ਬਦਮਾਸ਼ ਕਿਸਮ ਦੇ ਲੋਕ ਕਿਤੇ ਵੀ ਮਿਲ ਸਕਦੇ ਹਨ, ਬਚਾਅ ਰੱਖਣਾ ਬਹੁਤ ਜਰੂਰੀ ਹੈ।

Real Estate