‘ਔਰਤ ਹਾਂ ਦੇਵੀ ਨਹੀਂ’

2350

ਹਰਮੀਤ ਬਰਾੜ
‘ਨੈਤਿਕਤਾ ‘ ਇਹ ਲਫਜ਼ ਮੈਨੂੰ ਬਹੁਤ ਤੰਗ ਕਰਦਾ ਰਹਿੰਦਾ ਅਕਸਰ, ਉਸਤੋਂ ਵੀ ਵੱਡੀ ਗੱਲ ਕਿ ਸਾਰੀ ਨੈਤਿਕਤਾ ਸਿਰਫ ਔਰਤਾਂ ਲਈ ਹੀ ਕਿਉਂ? ਕੁਝ ਦਿਨ ਪਹਿਲਾਂ ਇੱਕ ਦੋ ਔਰਤ ਲੇਖਕਾਂ ਦੀਆਂ ਇੰਟਰਵਿਊ ਸੁਣਨ ਨੂੰ ਮਿਲੀਆਂ, ਆਪਣੀ ਇੰਟਰਵਿਊ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਦੇਵੀ ਸਾਬਿਤ ਕਰਨ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰੋਮਾਂਸ ਜਾਂ ਹੋਰ ਖੁੱਲੇ ਵਿਸ਼ਿਆਂ ਤੇ ਇਸ ਨਹੀਂ ਲਿਖਦੀਆਂ ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਦੇ ਭਰਾ, ਪਿਓ ਨੇ ਵੀ ਪੜਨੀਆਂ ਹੁੰਦੀਆਂ।
ਸ਼ਾਇਦ ਉਨ੍ਹਾਂ ਨੂੰ ਪਾਲਿਆ ਈ ਐਵੇਂ ਗਿਆ ਹੋਵੇ ਕਿ ਲਿਖਣ ਵੇਲੇ ਵੀ ਉਨ੍ਹਾਂ ਤੇ ਨੈਤਿਕਤਾ ਐਨੀ ਭਾਰੀ ਹੁੰਦੀ ਹੈ। ਪਰ ਮੈਂ ਵਾਕਿਆ ਈ ਹੈਰਾਨ ਹਾਂ ਕਿ ਕੀ ਲਿਖਣ ਵੇਲੇ ਉਹ ਇਹ ਨਹੀਂ ਜਾਣਦੀਆਂ ਕਿ ਰੋਮਾਂਸ ਬਾਰੇ ਲਿਖਣਾ ਕੋਈ ਪਾਪ ਨਹੀਂ ਜਿਸ ਬਾਰੇ ਉਨ੍ਹਾਂ ਦੇ ਪਿਓ ਜਾਂ ਭਰਾ ਨੂੰ ਕੁਝ ਪਤਾ ਈ ਨਾ ਹੋਵੇ।
ਅਸਲ ਵਿਚ ਮੈਨੂੰ ਇਹ ਗੱਲਾਂ ਪ੍ਰੇਸ਼ਾਨ ਕਰਦੀਆਂ ਨੇ। ਮੇਰੀ ਇੱਕ ਦੋਸਤ ਨੇ ਪਿਤਰਕੀ ਨੂੰ ਵੰਗਾਰਦਿਆਂ ਬੇਹੱਦ ਖੂਬਸੂਰਤ ਲਿਖਤਾਂ ਲਿਖੀਆਂ ਜਿਸ ਵਿਚ ਔਰਤ ਦੀ ਮਾਹਵਾਰੀ ਅਤੇ ਸਰੀਰਕ ਬਣਤਰ ਬਾਰੇ ਮਰਦ ਦੇ ਨਜ਼ਰੀਏ ਨੂੰ ਬਿਆਨਿਆ ਗਿਆ, ਜੇ ਮੈਂ ਕਹਾਂ ਕਿ ਮੇਰੀ ਨਜ਼ਰੇ ਉਹ ਬੇਹੱਦ ਉਮਦਾ ਲਿਖਤਾਂ ਸਨ ਤਾਂ ਗਲਤ ਸ਼ਬਦ ਨਹੀਂ ਹੋਣਗੇ। ਪਰ ਮੈਂ ਓਦੋਂ ਬੇਹੱਦ ਹੈਰਾਨ ਹੋਈ ਜਦੋਂ ਇੱਕ ਹੋਰ ਔਰਤ ਲੇਖਕ ਨੇ ਉਸਦੇ ਸ਼ਬਦਾਂ ਤੇ ਹਮਲਾ ਬੋਲਦਿਆਂ ਲਿਖਿਆ ਕਿ ਇਹ ਆਜਾਦੀ ਨਹੀਂ। ਇਹ ਹਾਸੋਹੀਣਾ ਪਰ ਤਕਲੀਫਦੇਹ ਹੁੰਦਾ ਹੈ ਜਦੋਂ ਥੋਡੇ ਵਿਚਾਰ ਇੱਕ ਦਾਇਰੇ ਵਿਚ ਸੰਕੀਰਣ ਹੋ ਕੇ ਰਹਿ ਜਾਣ, ਜਦੋਂ ਲਿਖਣ ਲੱਗਿਆਂ ਤੁਸੀਂ ਪਿਤਰਕੀ ਤੋਂ ਅਣਜਾਣੇ ਚ ਹੀ ਐਨੇ ਪ੍ਰਭਾਵਿਤ ਹੋਵੋਂ ਕਿ ਤੁਸੀਂ ਖੁਦ ਅੰਦਾਜ਼ਾ ਨਾ ਲਗਾ ਸਕੋ ਕਿ ਸਹੀ ਕੀ ਹੈ ਤੇ ਗਲਤ ਕੀ?
ਜਦੋਂ ਇੱਕ ਔਰਤ ਬਰਾਬਰੀ ਦੀ ਗੱਲ ਕਰੇ ਤਾਂ ਉਸਦਾ ਮਤਲਬ ਹਰਗਿਜ਼ ਆਦਮੀ ਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ ਬਲਕਿ ਉਸਦੀ ਤਕਲੀਫ ਨੂੰ ਮਰਦ ਸਮਝੇ ਇਹ ਜਰੂਰੀ ਹੁੰਦਾ ਹੈ। ਮੇਰੀ ਉਨ੍ਹਾਂ ਸਭ ਔਰਤਾਂ ਨਾਲ ਹਮਦਰਦੀ ਹੈ ਜੋ ਆਪਣੀ ਆਵਾਜ਼ ਨੂੰ ਸਿਰਫ ਇਸ ਲਈ ਬੰਦ ਰੱਖਦੀਆਂ ਨੇ ਤਾਂ ਜੋ ਉਨ੍ਹਾਂ ਦੇ ਘਰ ਦੇ ਨਰਾਜ਼ ਨਾ ਹੋ ਜਾਣ।
ਅਸਲ ਵਿਚ ਔਰਤ ਦੀ ਪਰਵਰਿਸ਼ ਦਾ ਇੱਕ ਵੱਡਾ ਹਿੱਸਾ ਇਸ ਦਬਾਅ ਹੇਠ ਗੁਜ਼ਰਿਆ ਹੁੰਦਾ ਹੈ, ਉਸਨੂੰ ਉੱਚੀ ਹੱਸਣ, ਬੋਲਣ ਤੋਂ ਲੈ ਕੇ ਪੜਾਈ ਦੇ ਵਿਸ਼ੇ, ਜੀਵਨ ਸਾਥੀ ਚੁਣਨ ਤੱਕ ਦੇ ਫੈਸਲੇ ਘਰਦਿਆਂ ਵਲੋਂ ਲਏ ਜਾਂਦੇ ਹਨ। ਇਹੀ ਸਭ ਕਾਰਨ ਉਸਦੀ ਜਿੰਦਗੀ ਤੇ ਇਸ ਕਦਰ ਹਾਵੀ ਹੋ ਜਾਂਦੇ ਹਨ ਕਿ ਨਾ ਚਾਹੁੰਦਿਆਂ ਵੀ ਉਹ ਆਪਣੀ ਸੋਚ ਤੋਂ ਪਹਿਲਾਂ ਸਮਾਜ ਜਾਂ ਪਰਿਵਾਰ ਦੀ ਸੋਚ ਨੂੰ ਤਰਜੀਹ ਦੇਣ ਲੱਗਦੀ ਹੈ। ਦੂਜੀ ਗੱਲ ਜੋ ਮੈਂ ਸਮਝਦੀ ਆਂ ਕਿ ਕਿਤੇ ਇਸ ਮਗਰੋਂ ਮੇਰੇ ਤੋਂ ਲਿਖਣ ਵਾਲੀ ਕਲਮ ਜਾਂ ਬੋਲਣ ਦਾ ਹੱਕ ਹੀ ਖੋਹ ਨਾ ਲਿਆ ਜਾਵੇ ਉਹ ਸੰਕੋਚ ਕੇ ਲਿਖਦੀ ਜਾਂ ਬੋਲਦੀ ਹੈ।
ਪਿਛਲੇ ਦਿਨੀਂ ਕੁਝ ਦੋਸਤਾਂ ਵਿਚ ਬੈਠਿਆਂ ਜਾਤੀਵਾਦ ਦੇ ਵਿਸ਼ੇ ਤੇ ਬਹਿਸ ਛਿੜੀ। ਜਦੋਂ ਮੈਂ ਇਸ ਦਾ ਵਿਰੋਧ ਜਿਤਾਇਆ ਤਾਂ ਮੇਰੇ ਇੱਕ ਦੋਸਤ ਨੇ ਕਿਹਾ ਕਿ ਸੱਚ ਦੱਸੀਂ ਕੀ ਤੂੰ ਆਪਣੇ ਬੱਚਿਆਂ ਦੇ ਵਿਆਹ ਜੱਟਾਂ ਤੋਂ ਇਲਾਵਾ ਜਾਂ ਦਲਿਤ ਨਾਲ ਕਰ ਸਕੇੰਗੀ? ਮੇਰਾ ਉਸ ਵੇਲੇ ਜਵਾਬ ਸੀ ਕਿ ਪਹਿਲੀ ਗੱਲ ਮੈਨੂੰ ਹੱਕ ਹੀ ਨਹੀਂ ਜਿਸ ਨਾਲ ਮੇਰੇ ਬੱਚਿਆਂ ਨੇ ਜਿੰਦਗੀ ਬਿਤਾਉਣੀ ਹੋਵੇ ਉਸਦੀ ਚੋਣ ਮੈੰ ਕਰਾਂ। ਦੂਜੀ ਗੱਲ ਉਹ ਜਿੱਥੇ ਵੀ ਵਿਆਹ ਕਰਵਾਉਣਾ ਚਾਹੁਣ ਮੇਰੇ ਵਲੋਂ ਕਦੇ ਨਾਂਹ ਨਹੀਂ ਹੋਵੇਗੀ ਫੇਰ ਚਾਹੇ ਦਲਿਤ, ਗੋਰਾ, ਕਾਲਾ, ਜੱਟ, ਬਾਹਮਣ ਕੋਈ ਵੀ ਹੋਵੇ।
ਮੈਂ ਜਾਣਦੀ ਆਂ ਕਿ ਬਹੁਤਿਆਂ ਨੂੰ ਆਜਾਦੀ ਦੇ ਨਾਮ ਤੇ ਇਹ ਆਡੰਬਰ ਲੱਗ ਸਕਦਾ ਹੈ, ਪਰ ਮੈਂ ਐਵੇਂ ਦੀ ਹੀ ਹਾਂ। ਤੁਸੀਂ ਇਸ ਨੂੰ ਕੋਈ ਵੀ ਨਾਮ ਦੇ ਸਕਦੇ ਓਂ, ਪਰ ਮੇਰੇ ਲਈ ਆਜ਼ਾਦੀ ਦਾ ਮਤਲਬ ਸਿਰਫ ਸ਼ਬਦੀ ਨਹੀਂ ਬਲਕਿ ਪੂਰਨ ਆਜ਼ਾਦੀ ਹੈ।
ਇੱਕ ਹੋਰ ਅਜੀਬ ਵਿਚਾਰ ਸੋਸ਼ਲ ਮੀਡੀਆ ਤੇ ਪੜਨ ਨੂੰ ਮਿਲਦੇ ਨੇ ਕਿ ਅੱਜ-ਕੱਲ੍ਹ ਕੁੜੀਆਂ ਨੂੰ ਪੜਨ ਦਿੱਤਾ ਜਾ ਰਿਹਾ ਹੈ, ਕੀ ਤੁਸੀਂ ਇਸਨੂੰ ਆਜਾਦੀ ਨਹੀਂ ਮੰਨਦੇ? ਮੈਨੂੰ ਇਹਨਾਂ ਗੱਲਾਂ ਤੇ ਹਾਸਾ ਆਉੰਦਾ ਹੈ ਕਿ ਜਿਸਦੀ ਆਜਾਦੀ ਬਾਰੇ ਪਰਿਭਾਸ਼ਾ ਈ ਐਨੀ ਸੀਮਤ ਹੈ, ਉਹ ਇਸਦਾ ਮਤਲਬ ਸਮਝ ਹੀ ਕਿਵੇਂ ਸਕਦਾ ਹੈ?
ਪਿਛਲੇ ਦਿਨੀਂ ਇੱਕ ਬੱਚੀ ਨੇ ਸੋਸ਼ਲ ਮੀਡੀਆ ਤੇ ਸਵਾਲ ਚੁੱਕਿਆ ਕਿ ਪਿਛਲੀ ਪੀੜੀ ਸਾਰੀ ਨੈਤਿਕਤਾ ਸਾਡੇ ਮੋਢਿਆਂ ਤੇ ਕਿਉਂ ਸੁੱਟ ਰਹੀ ਹੈ? ਮੈਨੂੰ ਇਹ ਸਵਾਲ ਲਾਜਵਾਬ ਲੱਗਿਆ, ਉਸ ਬਾਰੇ ਗੱਲ ਕਰਨਾ ਵੀ ਜਰੂਰੀ ਸਮਝਦੀ ਆਂ ਕਿ ਨੌਜਵਾਨ ਪੀੜੀ ਵਾਕਿਆ ਈ ਸਾਡੀ ਪੀੜੀ ਤੋਂ ਵੱਧ ਇਮਾਨਦਾਰ ਹੈ। ਉਹ ਜੋ ਕਰਦੇ ਨੇ, ਕਬੂਲਦੇ ਵੀ ਨੇ। ਉਨ੍ਹਾਂ ਚ ਹਿੰਮਤ ਹੈ ਸੱਚ ਬੋਲਣ ਦੀ, ਜਦਕਿ ਪਿਛਲੀ ਪੀੜੀ (ਔਰਤ ਜਾਂ ਮਰਦ ਦੋਵੇਂ ਹੀ) ਨੇ ਵੀ ਓਹੀ ਸਭ ਕੀਤਾ ਪਰ ਨੈਤਿਕਤਾ ਦੀ ਦੁਹਾਈ ਵਾਧੂ ਵਿਚ ਦਿੱਤੀ।
ਸਵਾਲ ਹੋਣਗੇ ਕਿ ਨੈਤਿਕਤਾ ਨਹੀਂ ਤਾਂ ਸਮਾਜ ਕਿਵੇਂ ਰਹਿਣਯੋਗ ਹੋਵੇਗਾ? ਅਸਲ ਵਿਚ ਦੇਵੀ, ਦੇਵਤੇ ਬਣਨ ਦੀ ਲੋੜ ਨਹੀਂ ਹੁੰਦੀ, ਸਮਾਜ ਇਮਾਨਦਾਰੀ ਨਾਲ ਸੁੱਣਖਾ ਹੋਵੇਗਾ ਨਾ ਕਿ ਨੈਤਿਕਤਾ ਨਾਲ। ਆਪਣੇ ਵਿਚਾਰਾਂ ਨੂੰ ਖੁੱਲੇ ਉਡਣ ਦਿਓ, ਸੋਚਾਂ ਦੇ ਖੰਭ ਕੱਟਣ ਦੀ ਜਰੂਰਤ ਨਹੀਂ। ਯਕੀਨ ਕਰੋ ਜੋ ਨਤੀਜੇ ਉਸ ਵੇਲੇ ਮਿਲਣਗੇ, ਥੋਡੀ ਨੈਤਿਕਤਾ ਉਸ ਦੇ ਨੀਚੇ ਡੂੰਘੀ ਕੁਚਲੀ ਮਿਲੇਗੀ।

Real Estate