ਪੰਜਾਬ ’ਚ ਹਜ਼ਾਰਾਂ ਪ੍ਰਚਾਰ ਕੇਂਦਰ ਚਲਾ ਰਹੀ ਹੈ RSS: ਸ੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਨੇ ਮੀਚੀ ਰੱਖੀਆਂ ਹਨ ਅੱਖਾਂ

1360

ਬਠਿੰਡਾ/ 13 ਜੂਨ/ ਬਲਵਿੰਦਰ ਸਿੰਘ ਭੁੱਲਰ

ਭਾਰਤ ਧਰਮ ਨਿਰਪੱਖ ਦੇਸ਼ ਹੈ, ਇੱਥੇ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦੀ ਪੂਰੀ ਖੁੱਲ੍ਹ ਹੈ, ਪਰ ਕਿਸੇ ਵਿਅਕਤੀ ਦਾ ਧਰਮ ਪਰਵਰਤਨ ਕਰਾਉਣਾ ਜੁਰਮ ਮੰਨਿਆਂ ਜਾਂਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਬਹੁਗਿਣਤੀ ਸਿੱਖ ਧਰਮ ਨਾਲ ਸਬੰਧਤ ਹੈ ਅਤੇ ਸਿੱਖ ਗੁਰੂਆਂ ਦੇ ਆਸ਼ੇ ਅਨੁਸਾਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪਰ ਇਸ ਰਾਜ ਵਿੱਚ ਚੱਲ ਰਹੀ ਇੱਕ ਅਤੀ ਗੰਭੀਰ ਸਾਜਿਸ ਦਾ ਪਰਦਾਫਾਸ਼ ਹੋਇਆ ਹੈ, ਜਿਸ ਤਹਿਤ ਆਰ ਐੱਸ ਐੱਸ ਦਾ ਪਾਠ ਪੜ੍ਹਾ ਕੇ ਹਿੰਦੂਤਵ ਦਾ ਏਜੰਡਾ ਲਾਗੂ ਕਰਦਿਆਂ ਦੇਸ਼ ਨੂੰ ਹਿੰਦੂ ਰਾਸਟਰ ਬਣਾਉਣ ਦੇ ਯਤਨ ਸਦਕਾ ਪੜ੍ਹਾਈ ਦੇ ਨਾਂ ਹੇਠ ਸਿੱਖ ਧਰਮ ਨਾਲ ਸਬੰਧਤ ਬੱਚਿਆਂ ਨੂੰ ਆਰ ਐੱਸ ਐੱਸ ਦੇ ਗਲ ਲੱਗਣ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਲਈ ਥੋੜੀ ਜਿਹੀ ਤਨਖਾਹ ਦੇ ਕੇ ਸਿੱਖ ਲੜਕੀਆਂ ਨੂੰ ਹੀ ਵਰਤਿਆ ਜਾ ਰਿਹਾ ਹੈ। ਇਹ ਸਾਜਿਸ ਆਉਣ ਵਾਲੇ ਸਮੇਂ ’ਚ ਕਿਸੇ ਵੱਡੇ ਦੁਖਾਂਤ ਹੋਣ ਦਾ ਖਦਸ਼ਾ ਪ੍ਰਗਟ ਕਰਦੀ ਹੈ।
ਏਕਲ ਵਿਦਿਆਲਿਆ ਸੰਸਥਾ ਦੁਨੀਆਂ ਭਰ ਵਿੱਚ ਕੰਮ ਕਰ ਰਹੀ ਹੈ, ਇਸ ਵੱਲੋਂ ਅਮਰੀਕਾ, ਭਾਰਤ, ਆਸਟਰੇਲੀਆ, ਦੁਬਈ, ਨੇਪਾਲ, ਕੈਨੇਡਾ ਆਦਿ ਬਹੁਤ ਸਾਰੇ ਦੇਸਾਂ ਵਿੱਚ ਸੈਂਟਰ ਖੋਹਲੇ ਗਏ ਹਨ। ਜਿਸਦਾ ਅਸਲ ਕੰਮ ਬੱਚਿਆਂ ਨੂੰ ਬੁਨਿਆਦੀ ਸਿੱਖਿਆ ਦੇਣੀ, ਉਹਨਾਂ ਵਿੱਚ ਆਤਮ ਵਿਸਵਾਸ ਪੈਦਾ ਕਰਨਾ ਅਤੇ ਸਫ਼ਲ ਜਿੰਦਗੀ ਜਿਉਣ ਦੇ ਯੋਗ ਬਣਾਉਣਾ ਹੈ। ਪਰ ਭਾਰਤ ਵਿੱਚ ਅਜਿਹੇ ਸੈਂਟਰਾਂ ਵਿੱਚ ਪੜ੍ਹਾਈ ਦੇ ਨਾਲ ਨਾਲ ਆਰ ਐੱਸ ਐੱਸ ਦਾ ਪ੍ਰਚਾਰ ਵੀ ਕੀਤਾ ਜਾ
ਰਿਹਾ ਹੈ। ਇਸ ਸੰਸਥਾ ਦੇ ਭਾਰਤ ਵਿੱਚ 86401 ਸਕੂਲ ਹਨ, ਜਿਹਨਾਂ ਵਿੱਚ 23,40,902 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਪੰਜਾਬ ਵਿੱਚ ਏਕਲ ਵਿਦਿਆਲਿਆ ਫਾਊਂਡੇਸਨ ਵੱਲੋਂ 2280 ਸੈਂਟਰ ਖੋਹਲੇ ਗਏ ਹਨ, ਜਿਹਨਾਂ ਵਿੱਚ 26962 ਲੜਕੇ ਅਤੇ 29433 ਲੜਕੀਆਂ ਸਿੱਖਿਆ ਹਾਸਲ ਕਰ ਰਹੀਆਂ ਹਨ। ਪਰ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਉਹ ਸਿੱਖਿਆ ਕਿਹੋ ਜਿਹੀ ਪ੍ਰਾਪਤ ਕਰਦੇ ਹਨ। ਇਹਨਾਂ ਸੈਂਟਰਾਂ ਵਿੱਚ ਸਕੂਲ ਪੜ੍ਹਦੇ ਛੋਟੇ ਬੱਚਿਆਂ ਅਤੇ ਸਕੂਲਾਂ ਵਿੱਚ ਨਾ ਜਾਣ ਵਾਲੇ ਬੱਚਿਆਂ ਨੂੰ ਬੁਲਾ ਕੇ ਪੜ੍ਹਾਉਣ ਦਾ ਕੰਮ ਕੀਤਾ ਜਾਂਦਾ ਹੈ। ਇਸ ਕੰਮ ਲਈ ਪਿੰਡਾਂ ਦੀਆਂ ਪੜ੍ਹੀਆਂ ਹੋਈਆਂ ਕੁੜੀਆਂ ਨੂੰ ਨੌਂ ਸੌ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ, ਜੋ ਬੱਚਿਆਂ ਨੂੰ ਬੁਲਾ ਕੇ ਸੈਂਟਰ ਵਿੱਚ ਲਿਆਉਂਦੀਆਂ ਹਨ ਅਤੇ ਕਰੀਬ ਤਿੰਨ ਘੰਟੇ ਰੋਜਾਨਾ ਪੜ੍ਹਾਉਂਦੀਆਂ ਹਨ।
ਪੰਜਾਬ ਵਿੱਚ ਇਹ ਸਕੀਮ 1999 ਵਿੱਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਸਮੇਂ ਸੁਰੂ ਕੀਤੀ ਗਈ ਸੀ ਅਤੇ ਪੰਜਾਬ ਵਿੱਚ ਚਲਾਏ ਜਾ ਰਹੇ ਇਹਨਾਂ ਸੈਂਟਰਾਂ ਲਈ ਉਸ ਸਮੇਂ ਵੱਡੀ ਗਰਾਂਟ ਵੀ ਜਾਰੀ ਕੀਤੀ ਗਈ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਉਸ ਸਮੇਂ ਪੰਜਾਬ ਵਿੱਚ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਦੀ ਸਰਕਾਰ ਸੀ। ਇਸ ਉਪਰੰਤ ਸਾਲ 2005 ਵਿੱਚ ਕਾਂਗਰਸ ਸਰਕਾਰ ਨੇ ਇਹ ਮਹਿਸੂਸ ਕਰਦਿਆਂ ਕਿ ਇਹ ਸਕੀਮ ਘੱਟ ਗਿਣਤੀਆਂ ਲਈ ਨੁਕਸਾਨਦੇਹ ਹੈ, ਬੰਦ ਕਰ ਦਿੱਤੀ ਸੀ। ਕਾਂਗਰਸ ਸਰਕਾਰ ਦੀ ਮਿਆਦ ਖਤਮ ਹੋਣ ਤੇ ਰਾਜ ਵਿੱਚ ਮੁੜ ਇਹ ਕੇਂਦਰ ਚਾਲੂ ਹੋ ਗਏ ਸਨ। ਹੁਣ ਜਿਲ੍ਹਾ ਤਰਨਤਾਰਨ ਤੋਂ ਇਲਾਵਾ ਫਿਰੋਜਪੁਰ ਵਿੱਚ 300, ਪਠਾਨਕੋਟ 125, ਫਾਜਿਲਕਾ ’ਚ 280, ਅਮ੍ਰਿਤਸਰ ਵਿੱਚ 50 ਅਜਿਹੇ ਸੈਂਟਰ ਖੋਹਲੇ ਜਾ ਚੁੱਕੇ ਹਨ। ਏਨੇ ਲੰਬੇ ਸਮੇਂ ਤੋਂ ਚੱਲ ਰਹੀ ਇਹ ਸਕੀਮ ਕਦੇ ਚਰਚਾ ਵਿੱਚ ਨਹੀਂ ਸੀ ਆਈ। ਲੋਕ ਭਲਾਈ ਦੇ ਕੰਮ ਕਰਦਿਆਂ ਇੱਕ ਐੱਨ ਜੀ
ਓ ਨੇ ਹੁਣ ਇਹਨਾਂ ਸੈਂਟਰਾਂ ਦਾ ਪਰਦਾਫਾਸ ਕੀਤਾ ਹੈ। ਐੱਨ ਜੀ ਓ ਦੀ ਇੱਕ ਟੀਮ ਵਾਤਾਵਰਣ ਦੀ ਸੁੱਧਤਾ ਲਈ ਦਰਖਤ ਲਾਉਣ ਲਈ ਜਿਲ੍ਹਾ ਤਰਨਤਾਰਨ ਦੇ ਇੱਕ ਪਿੰਡ ਵਿੱਚ ਪਹੁੰਚੀ। ਇੱਥੇ ਉਹਨਾਂ ਦਾ ਧਿਆਨ ਇਸ ਪਿੰਡ ਵਿੱਚ ਚਲਦੇ ਇੱਕ ਅਜਿਹੇ ਸੈਂਟਰ ਤੇ ਚਲਾ ਗਿਆ। ਉਹਨਾਂ ਇਸ ਬਾਰੇ ਪੜਤਾਲ ਕੀਤੀ ਤਾਂ ਇੱਥੋਂ ਪਤਾ ਲੱਗਾ ਕਿ ਰਾਜ ਭਰ ਵਿੱਚ ਅਜਿਹੇ ਕਰੀਬ 22 ਸੌ ਸੈਂਟਰ ਕੰਮ ਕਰ ਰਹੇ ਹਨ, ਜਿਹਨਾਂ ਨੂੰ ਚਲਾਉਣ ਲਈ ਪਿੰਡਾਂ ਦੀਆਂ ਹੀ ਕੁੜੀਆਂ ਨੂੰ ਥੋੜੀ ਤਨਖਾਹ ਤੇ ਰੱਖਿਆ ਹੋਇਆ ਹੈ, ਜੋ ਆਪ ਮਿਹਨਤ ਕਰਕੇ ਪਿੰਡ ਦੇ ਬੱਚਿਆਂ ਨੂੰ ਸੈਂਟਰ ਵਿੱਚ ਲੈ ਕੇ ਆਉਂਦੀਆਂ ਹਨ। ਇਹਨਾਂ ਕੁੜੀਆਂ ਨੂੰ ਆਰ ਐੱਸ ਐੱਸ ਦੇ ਵੱਡੇ ਕੈਂਪਾਂ ਵਿੱਚ ਵੀ ਲਿਜਾਇਆ ਜਾਂਦਾ ਹੈ, ਜਿੱਥੇ ਉਹਨਾਂ ਦੀ ਸਕੂਲਿੰਗ ਕੀਤੀ
ਜਾਂਦੀ ਹੈ।
ਇਸ ਪਿੰਡ ਵਿੱਚ ਸੈਂਟਰ ਚਲਾ ਰਹੀ ਇੱਕ ਲੜਕੀ ਨੇ ਦੱਸਿਆ ਕਿ ਸੈਂਟਰ ਵਿੱਚ ਪੜ੍ਹਾਇਆ ਜਾਣ ਵਾਲਾ ਸਿਲੇਬਸ ਪਹਿਲਾਂ ਹਿੰਦੀ ਵਿੱਚ ਹੁੰਦਾ ਸੀ, ਪਰ ਹੁਣ ਇਹ ਸਿਲੇਬਸ ਪੰਜਾਬੀ ਵਿੱਚ ਭੇਜਿਆ ਗਿਆ ਹੈ। ਇਸ ਸੈਂਟਰ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਪੈੱਨ ਕਾਗਜ ਆਦਿ ਸਭ ਕੁੱਝ ਮੁਫ਼ਤ ਦਿੱਤਾ ਜਾਂਦਾ ਹੈ। ਉਸਨੇ ਦੱਸਿਆ ਕਿ ਇੱਥੇ ਆਉਣ ਵਾਲੇ ਬੱਚਿਆਂ ਨੂੰ ਸਰਸਵਤੀ ਬੰਧਨਾ, ਸੰਸਕਾਰ ਪ੍ਰਚ, ਚੁਪੱਈਆ, ਦੋਹੇ, ਓਮ ਦਾ ਉਚਾਰਣ, ਜਨੇਊ ਧਾਰਨ ਕਰਨ ਦੇ ਲਾਭ ਤੇ ਯੁੱਗ ਬੋਧ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਸ ਅਨੁਸਾਰ ਇੱਕ ਹਰਜੀਤ ਕੌਰ ਦੀਦੀ ਨੇ ਉਸਨੂੰ ਸੈਂਟਰ ਚਲਾਉਣ ਲਈ ਉਤਸਾਹਿਤ ਕੀਤਾ ਸੀ ਅਤੇ ਉਹ ਹੀ ਉਸਨੂੰ ਆਰ ਐੱਸ ਐੱਸ ਦੇ ਕਪੂਰਥਲਾ ਵਿਖੇ ਲੱਗੇ ਇੱਕ ਵਿਸੇਸ਼ ਕੈਂਪ ਵਿੱਚ ਲੈ ਕੇ ਗਈ ਸੀ, ਜਿੱਥੇ ਪੰਜਾਬ ਭਰ ਚੋਂ ਕਰੀਬ 2 ਸੌ ਲੜਕੇ ਲੜਕੀਆਂ ਪਹੁੰਚੇ ਹੋਏ ਸਨ। ਉਸ ਲੜਕੀ ਨੇ ਦੱਸਿਆ ਕਿ ਮੈਨੂੰ ਮਹਿਸੂਸ ਤਾਂ ਹੋ ਰਿਹਾ ਸੀ, ਕਿ ਅਜਿਹਾ ਪੜ੍ਹਾਉਣਾ ਠੀਕ ਨਹੀਂ, ਪਰ ਜਦ ਮੇਰੇ ਇੱਕ ਅਧਿਆਪਕ ਨੂੰ ਇਸ ਸੈਂਟਰ ਬਾਰੇ ਪਤਾ ਲੱਗਾ ਤਾਂ ਉਸਨੇ ਸੁਝਾਅ ਦਿੱਤਾ ਕਿ ਇਹ ਧਰਮ ਪਰਵਰਤਨ ਵਾਲਾ ਕੰਮ ਹੋ ਰਿਹਾ ਹੈ ਜੋ ਠੀਕ ਨਹੀਂ, ਜੇਕਰ ਪੜ੍ਹਾਉਣਾ ਹੈ ਤਾਂ ਕੇਵਲ ਸਕੂਲ ਵਾਲਾ ਸਿਲੇਬਸ ਹੀ ਬੱਚਿਆਂ ਨੂੰ ਪੜ੍ਹਾਇਆ ਜਾਵੇ। ਉਸਤੋਂ ਬਾਅਦ ਉਸਦੀ ਦਿਲਚਸਪੀ ਘਟ ਗਈ ਹੈ ਅਤੇ ਹੁਣ ਕੁਝ ਦਿਨਾਂ ਵਿੱਚ ਉਸਨੂੰ ਨੌਕਰੀ ਮਿਲਣ ਵਾਲੀ ਹੈ ਤੇ ਇਹ ਕੰਮ ਛੱਡ ਰਹੀ ਹੈ। ਇਸੇ ਇਲਾਕੇ ਦੇ ਹੋਰ ਕਈ ਪਿੰਡਾਂ ਵਿੱਚ ਵੀ ਅਜਿਹੇ ਸੈਂਟਰ ਚੱਲ ਰਹੇ ਹਨ।
ਹੁਣ ਸੁਆਲ ਇਹ ਉਠਦਾ ਹੈ ਕਿ ਅਜਿਹੇ ਸੈਂਟਰ ਸਿੱਖੀ ਦਾ ਗੜ੍ਹ ਮੰਨੇ ਜਾਂਦੇ ਜਿਲ੍ਹਾ ਤਰਨਤਾਰਨ ਵਿੱਚ ਚੱਲ ਰਹੇ ਹਨ। ਲੋਕ ਭਲਾਈ ਦੇ ਕੰਮ ਕਰ ਰਹੀ ਇੱਕ ਸੂਝਵਾਨ ਬੀਬੀ ਨੇ ਤਾਂ ਇਸ ਵੱਡੀ ਸਜਿਸ ਦਾ ਪਰਦਾਫਾਸ ਕਰ ਦਿੱਤਾ ਹੈ, ਪਰ ਇਹਨਾਂ ਪਿੰਡਾਂ ਵਿਚਲੇ ਪੜ੍ਹੇ ਲਿਖੇ ਲੋਕ, ਸਿੱਖ ਧਰਮ ਨਾਲ ਸਬੰਧਤ ਲੋਕ, ਇਲਾਕੇ ਦੇ ਸਿੱਖ ਆਗੂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਪਰਦਾਵਾਂ ਜਾਂ ਸਿੱਖ ਟਕਸਾਲਾਂ ਨੇ ਅੱਖਾਂ ਕਿਉਂ ਮੀਚੀਆਂ ਹੋਈਆਂ ਹਨ, ਉਹਨਾਂ ਦੀ
ਨਿਗਾਹ ਅਜਿਹੇ ਸੈਂਟਰਾਂ ਵੱਲ ਕਿਉਂ ਨਹੀਂ ਗਈ? ਧਰਮ ਦੇ ਅਧਾਰਤ ਮੋਰਚਿਆਂ ਸੰਘਰਸਾਂ ਲਹਿਰਾਂ ਵਿੱਚ ਪਹਿਲਾਂ ਹੀ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਪਰ ਇਸ ਸਾਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੇ ਦੁਖਾਂਤ ਹੋਣ ਦਾ ਖਦਸ਼ਾ ਵੀ ਉਜਾਗਰ ਹੁੰਦਾ ਹੈ।
ਇਸ ਮਾਮਲੇ ਸਬੰਧੀ ਜਦ ਪੰਜ ਪਿਆਰਿਆਂ ਚੋਂ ਇੱਕ ਭਾਈ ਸਤਨਾਮ ਸਿੰਘ ਕੰਡਾ ਨਾਲ ਉਸ ਬੀਬੀ ਨੇ ਗੱਲ ਕੀਤੀ ਤਾਂ ਉਹਨਾਂ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਸਾਜਿਸਾਂ ਰੋਕਣ ਲਈ ਬੱਚਿਆਂ ਨੂੰ ਸਾਖੀਆਂ ਤੇ ਗੁਰਬਾਣੀ ਆਦਿ ਦੀ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਗੁਰਦੁਆਰਿਆਂ ਨੂੰ ਕੇਵਲ ਸਿੱਖੀ ਦਾ ਧੁਰਾ ਬਣਾ ਕੇ ਪ੍ਰਚਾਰ ਕਰਨ ਦੀ ਜਰੂਰਤ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੌਸਹਿਰਾ ਪੰਨੂਆਂ ਤੋਂ ਮੈਂਬਰ ਸ੍ਰ: ਗੁਰਬਚਨ ਸਿੰਘ ਕਰਮੂੰਵਾਲਾ ਤੋਂ ਇਸ ਸਬੰਧੀ ਪੁੱਛਿਆ ਤਾਂ ਪੰਜਾਬ ਵਿੱਚ ਚਲਦੇ ਅਜਿਹੇ ਹਜਾਰਾਂ ਸੈਂਟਰਾਂ ਦੀ ਜਾਣਕਾਰੀ ਨਾ ਹੋਣਾ ਕਹਿੰਦਿਆਂ ਉਹਨਾਂ ਕਿਹਾ ਕਿ ਉਹਨਾਂ ਤਾਂ ਏਕਲ ਦਾ ਕਦੇ ਨਾ ਵੀ ਨਹੀਂ ਸੁਣਿਆ, ਪਰ ਹੁਣ ਪਤਾ ਜਰੂਰ ਕਰਨਗੇ। ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖੀ ਦਾ ਧੁਰਾ ਮੰਨੇ ਜਾਂਦੇ ਤਰਨਤਾਰਨ ਅਮ੍ਰਿਤਸਰ ਜਿਲ੍ਹੇ ਦੇ ਕਮੇਟੀ ਮੈਂਬਰਾਂ ਨੂੰ ਉਹਨਾਂ ਸੈਂਟਰਾਂ ਦੀ ਕੋਈ ਜਾਣਕਾਰੀ ਹੀ ਨਹੀਂ ਜਿੱਥੋਂ ਆਰ ਐੱਸ ਐੱਸ ਦਾ ਪ੍ਰਚਾਰ ਕਰਕੇ ਸਿੱਖ ਧਰਮ ਨੂੰ ਢਾਅ ਲਾਉਣ ਦੀਆਂ ਕੋਸਿਸਾਂ ਹੋ ਰਹੀਆਂ ਹਨ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਗੋਬਿੰਦ ਸਿੰਘ ਲੌਂਗੋਵਾਲ ਤੋਂ ਪੱਖ ਜਾਣਨ ਲਈ ਕਈ ਵਾਰ ਫੋਨ ਤੇ ਸੰਪਰਕ ਕਰਨ ਦੇ ਯਤਨ ਕੀਤੇ, ਪਰ ਉਹਨਾਂ ਫੋਨ ਸੁਣਨ ਦੀ ਜਹਿਮਤ ਹੀ ਨਹੀਂ ਉਠਾਈ। ਸ੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਅਹੁਦੇਦਾਰ ਜ: ਅਲਵਿੰਦਰ ਪਾਲ ਸਿੰਘ ਪੱਖੋ ਕੇ ਦਾ ਕਹਿਣਾ ਹੈ ਕਿ ਕਿਸੇ ਇੱਕ ਧਰਮ ਦੇ ਬੱਚਿਆਂ ਨੂੰ ਦੂਜੇ ਧਰਮ ਲਈ ਭਰਮਾਉਣ ਦੀ ਕਾਰਵਾਈ ਨੂੰ ਚੰਗਾ ਤਾਂ ਨਹੀਂ ਕਿਹਾ ਜਾ ਸਕਦਾ। ਉਹਨਾਂ ਸਮੇਂ ਸਮੇਂ ਸਿੱਖ ਧਰਮ ਦੇ ਵਿਰੁਧ ਚੱਲੀਆਂ ਚਾਲਾਂ ਦਾ ਜਿਕਰ ਕਰਦਿਆਂ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇਹਨਾਂ ਸੈਂਟਰਾਂ ਬਾਰੇ ਜਾਣਕਾਰੀ ਮਿਲ ਗਈ ਹੈ ਜਿਸਦੀ ਪੜਤਾਲ ਕੀਤੀ ਜਾਵੇਗੀ।

ਸੈਂਟਰਾਂ ’ਚ ਬੱਚਿਆਂ ਨੂੰ ਕਿਤਾਬਾਂ ਕਾਪੀਆਂ
ਪੈੱਨ ਕਾਗਜ ਆਦਿ ਸਭ ਕੁੱਝ ਮੁਫ਼ਤ ਦਿੱਤਾ ਜਾਂਦਾ
ਹੈ। ਬੱਚਿਆਂ ਨੂੰ ਸਰਸਵਤੀ ਬੰਧਨਾ, ਸੰਸਕਾਰ ਪ੍ਰਚ,
ਚੁਪੱਈਆ, ਦੋਹੇ, ਓਮ ਦਾ ਉਚਾਰਣ, ਜਨੇਊ ਧਾਰਨ
ਕਰਨ ਦੇ ਲਾਭ ਤੇ ਯੁੱਗ ਬੋਧ ਆਦਿ ਦੀ ਸਿੱਖਿਆ
ਦਿੱਤੀ ਜਾਂਦੀ ਹੈ

Real Estate