ਮੁੱਖ ਮੰਤਰੀ ਨੂੰ ਲੋਕਾਂ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

1820

ਫਤਿਹਵੀਰ ਮੌਤ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਨਾ ਮਹਿੰਗਾ ਸਾਬਤ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ਼ ਤੇ ਟਵਿੱਟਰ ’ਤੇ ਜਿਵੇਂ ਹੀ ਅਫਸੋਸ ਦਾ ਸੁਨੇਹਾ ਪਾਇਆ ਤਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਹੀ ਮੁੱਖ ਮੰਤਰੀ ਨੂੰ ਘੇਰ ਲਿਆ। ਕੁਮੈਂਟਾਂ ਦੀ ਮਿੰਟਾਂ ਵਿੱਚ ਹੀ ਝੜੀ ਲੱਗ ਗਈ। ਫੇਸਬੁੱਕ ਪੇਜ਼ ’ਤੇ ਤਾਂ ਸ਼ਾਮ ਤੱਕ 8500 ਤੋਂ ਵੱਧ ਕੁਮੈਂਟ ਆ ਚੁੱਕੇ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਕੁਮੈਂਟ ਕਾਂਗਰਸ ਸਰਕਾਰ ਦੇ ਖ਼ਿਲਾਫ਼ ਸਨ, ਲੋਕਾਂ ਨੇ ਕੁਮੈਂਟ ਕਰਕੇ ਸਰਕਾਰ ਨੂੰ ਘੇਰਿਆ ਤੇ ਸਰਕਾਰ ਦੀ ਲਾਪ੍ਰਵਾਹੀ ਦੀ ਨਿੰਦਾ ਕੀਤੀ। ਕੁਮੈਂਟ ਕਰਨ ਵਾਲਿਆਂ ਵਿੱਚ ਪੰਜਾਬ ਦੇ ਲ ਹੀ ਸਨ, ਨਾਲ ਹੀ ਵਿਦੇਸ਼ਾਂ ਵਿੱਚ ਵਸੇ ਐਨਆਰਆਈਜ਼ ਨੇ ਵੀ ਸਰਕਾਰ ਦੀ ਇਸ ਲਾਪ੍ਰਵਾਹੀ ’ਤੇ ਆਪਣੀ ਭੜਾਸ ਕੱਢੀ।
ਦਰਅਸਲ, ਅੱਜ ਸਵੇਰੇ ਪਿੰਡ ਭਗਵਾਨਪੁਰਾ ਵਿਖੇ ਜਦੋਂ ਐਨਡੀਆਰਐਫ਼ ਦੀ ਟੀਮ ਨੇ ਫ਼ਤਹਿਵੀਰ ਨੂੰ ਬੋਰ ਵਿੱਚੋਂ ਬਾਹਰ ਕੱਢਿਆ ਤੇ ਉਸ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਭੇਜਿਆ ਤਾਂ ਉਸ ਤੋਂ ਬਾਅਦ ਕਰੀਬ 11 ਵਜੇ ਫੇਸਬੁੱਕ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੇਜ਼ ’ਤੇ ਮੁੱਖ ਮੰਤਰੀ ਵੱਲੋਂ ਫ਼ਤਹਿਵੀਰ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਨ ਦਾ ਸੰਦੇਸ਼ ਪਾਇਆ ਗਿਆ। ਮੁੱਖ ਮੰਤਰੀ ਨੇ ਲਿਖਿਆ ਕਿ ‘ਮਾਸੂਮ ਫ਼ਤਹਿ ਵੀਰ ਦੀ ਮੌਤ ਦੀ ਖ਼ਬਰ ਬਹੁਤ ਹੀ ਅਸਹਿ ਹੈ, ਵਾਹਿਗੁਰੂ ਉਸ ਦੇ ਪਰਿਵਾਰ ਨੂੰ ਹੌਂਸਲਾ ਰੱਖਣ ਦਾ ਬਲ ਬਖਸ਼ੇ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਅਫ਼ਸਰਾਂ ਤੋਂ ਸੂਬੇ ਵਿੱਚ ਖੁੱਲ੍ਹੇ ਬੋਰਵੈਲਾਂ ਦੀ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਦਰਦਨਾਕ ਹਾਦਸੇ ਦੁਬਾਰਾ ਨਾ ਵਾਪਰਨ।’’ ਇਸ ਸੁਨੇਹਾ ਤੋਂ ਬਾਅਦ ਤਾਂ ਲੋਕਾਂ ਨੇ ਫੇਸਬੁੱਕ ਪੇਜ਼ ’ਤੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ। ਦੇਖਦੇ ਹੀ ਦੇਖਦੇ ਸੈਂਕੜੇ ਕੁਮੈਂਟ, ਹਜ਼ਾਰਾਂ ਵਿੱਚ ਬਦਲ ਗਏ। ਸ਼ਾਮ ਨੂੰ 7 ਵਜੇ ਤੱਕ ਫੇਸਬੁੱਕ ’ਤੇ 8500 ਲੋਕ ਕੁਮੈਂਟ ਕਰ ਚੁੱਕੇ ਸਨ। ਜ਼ਿਆਦਾਤਰ ਲੋਕਾਂ ਨੇ ਮਾਸੂਮ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਸਰਕਾਰ ਦੀ ਲਾਪ੍ਰਵਾਹੀ ਨੂੰ ਠਹਿਰਾਇਆ।
ਕੁਮੈਂਟਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਲਿਖਿਆ ਕਿ ਮੁੱਖ ਮੰਤਰੀ ਪਹਾੜਾਂ ਵਿੱਚ ਛੁੱਟੀਆਂ ਮਨਾ ਰਹੇ ਹਨ ਤੇ ਬੱਚੇ ਬੋਰਵੈਲਾਂ ਵਿੱਚ ਡਿੱਗ ਰਹੇ ਹਨ। ਕਿਸੇ ਨੇ ਲਿਖਿਆ ਕਿ ਮੁੱਖ ਮੰਤਰੀ ਨੇ ਕੁੱਝ ਨਹੀਂ ਕੀਤਾ। ਕੁਝ ਲੋਕਾਂ ਨੇ ਡੀਸੀ ਤੇ ਐਸਡੀਐਮ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਉਧਰ, ਟਵਿੱਟਰ ਪੇਜ਼ ’ਤੇ ਵੀ ਮੁੱਖ ਮੰਤਰੀ ਨੂੰ ਲੋਕਾਂ ਦੀਆਂ ਖ਼ਰੀਆਂ ਖੋਟੀਆਂ ਸੁਣਨੀਆਂ ਪਈਆਂ। ਟਵਿੱਟਰ ’ਤੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤੇ ਹੋਏ ਹਨ।

Real Estate