ਸਿੱਧੂ ਕੈਪਟਨ ਵਿਵਾਦ ਪਹੁੰਚਿਆ ਕਾਂਗਰਸ ਦੇ ਦਿੱਲੀ ਦਰਬਾਰ

1191

ਸਿੱਧੂ ਕੈਪਟਨ ਵਿਵਾਦ ਕਾਂਗਰਸ ਦੇ ਦਿੱਲੀ ਦਰਬਾਰ ਪਹੁੰਚ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਹਾਈਕਮਾਨ ਨੂੰ ਚਿੱਠੀ ਸੌਂਪ ਕੇ ਪੰਜਾਬ ਦੀ ਸਿਆਸਤ ਬਾਰੇ ਕਈ ਖੁਲਾਸੇ ਕੀਤੇ ਹਨ। ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਕੈਪਟਨ ਦੀ ਕਾਰਵਾਈ ਖਿਲਾਫ ਆਪਣਾ ਰੋਸ ਜ਼ਾਹਿਰ ਕੀਤੇ ਜਾਣ ਦੀਆਂ ਖ਼ਬਰਾਂ ਹਨ। ਸਿੱਧੂ ਨੇ ਇਸ ਚਿੱਠੀ ਨੂੰ ਗੁਪਤ ਰੱਖਦਿਆਂ ਇਸ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਪੱਤਰ ਵਿੱਚ ਉਨ੍ਹਾਂ ਨੇ ਪੰਜਾਬ ਕਾਂਗਰਸ ਦੀਆਂ ਕਈ ਗਤੀਵਿਧੀਆਂ ਤੋਂ ਪਰਦਾ ਚੁੱਕਿਆ ਹੈ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਦੀ ਗੱਲ ਸੁਣਨ ਮਗਰੋਂ ਸੀਨੀਅਰ ਲੀਡਰ ਅਹਿਮਦ ਪਟੇਲ ਨੂੰ ਇਸ ਮੁੱਦਾ ਹੱਲ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਨਵਜੋਤ ਸਿੱਧੂ ਨੇ ਖ਼ੁਦ ਨੂੰ ਅਹਿਮ ਵਿਭਾਗ ‘ਚੋਂ ਹਟਾਏ ਜਾਣ ਦੇ ਕੁਝ ਦਿਨਾਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਅੱਜ ਦਿੱਲੀ ‘ਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਦੇ ‘ਹਾਲਾਤ’ ਤੋਂ ਜਾਣੂੰ ਕਰਾਇਆ। ਇਸ ਸੰਬੰਧੀ ਸਿੱਧੂ ਨੇ ਟਵੀਟ ਕੀਤਾ, ”ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਆਪਣੀ ਚਿੱਠੀ ਸੌਂਪੀ, ਉਨ੍ਹਾਂ ਨੂੰ ਹਾਲਾਤ ਤੋਂ ਜਾਣੂੰ ਕਰਾਇਆ।” ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੇ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸੀਨੀਅਰ ਨੇਤਾ ਅਹਿਮਦ ਪਟੇਲ ਨਾਲ ਆਪਣੀ ਇੱਕ ਤਸਵੀਰ ਵੀ ਟਵਿੱਟਰ ‘ਤੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਕੈਬਨਿਟ ‘ਚ ਫੇਰਬਦਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗਾਂ ਦਾ ਕਾਰਜਭਾਰ ਲੈ ਲਿਆ ਸੀ। ਉਨ੍ਹਾਂ ਨੂੰ ਬਿਜਲੀ ਅਤੇ ਨਵਿਆਉਣ ਯੋਗ ਊਰਜਾ ਵਿਭਾਗ ਸੌਂਪਿਆ ਗਿਆ ਹੈ।

Real Estate