ਪਿਤਾ ਦੇ ਸਰਧਾਂਜਲੀ ਸਮਾਗਮ ਸਮੇਂ ਪਾਈ ਨਵੀਂ ਪਿਰਤ-ਲੋਕਾਂ ’ਚ ਛਿੜੀ ਚਰਚਾ

922

ਬਠਿੰਡਾ/ 9 ਜੂਨ/ ਬਲਵਿੰਦਰ ਸਿੰਘ ਭੁੱਲਰ

ਚੰਗੇ ਇਨਸਾਨ ਦੀ ਮੌਤ ਵੀ ਕਈ ਵਾਰ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦੇ ਜਾਂਦੀ ਹੈ, ਪਰ ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ,ਜੇਕਰ ਉਸਦੇ ਵਾਰਸ ਅਗਾਂਹਵਧੂ ਤੇ ਵਿਗਿਆਨਕ ਸੋਚ ਦੇ ਧਾਰਨੀ ਹੋਣ। ਅਜਿਹਾ ਸੁਨੇਹਾ ਹੀ ਇੱਕ ਸੁਨੇਹਾ ਸ੍ਰ: ਸੁਰਜੀਤ ਸਿੰਘ ਵਾਸੀ ਘਣੀਆਂ ਦੀ ਮੌਤ ਤੋਂ ਲੋਕਾਂ ਨੂੰ ਮਿਲਿਆ, ਜਿਸਨੇ ਇਲਾਕੇ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ।
ਪੰਜਾਬੀ ਦੇ ਉਘੇ ਸ਼ਾਇਰ ਤੇ ਲੇਖਕ ਸ੍ਰੀ ਸੁਰਿੰਦਰ ਪ੍ਰੀਤ ਸਿੰਘ ਘਣੀਆਂ ਦੇ ਪਿਤਾ ਸ੍ਰ: ਸੁਰਜੀਤ ਸਿੰਘ ਬਿਰਧ ਅਵਸਥਾ ਕਾਰਨ ਕੁਝ ਦਿਨ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਬੀਤੇ ਕੱਲ੍ਹ ਉਹਨਾਂ ਨਮਿੱਤ ਪਿੰਡ ਘਣੀਆਂ ਜਿਲ੍ਹਾ ਫਰੀਦਕੋਟ ਵਿਖੇ ਸਰਧਾਂਜਲੀ ਸਮਾਗਮ ਹੋਇਆ। ਪਿਤਾ ਦਾ ਵਿਛੋੜਾ ਭਾਵੇਂ ਅਤੀ ਦੁਖਦਾਈ ਹੁੰਦਾ ਹੈ, ਪਰ ਸ੍ਰ: ਸੁਰਜੀਤ ਸਿੰਘ ਵੱਲੋਂ ਆਪਣੇ ਪੁੱਤਰਾਂ ਤੇ ਵਾਰਸਾਂ ਨੂੰ ਦਿੱਤੀਆਂ ਸਿੱਖਿਆਵਾਂ ਅਨੁਸਾਰ ਪਰਿਵਾਰ ਨੇ ਇਸ ਦਿਨ ਨੂੰ ਲੋਕਾਈ ਲਈ ਇੱਕ ਸੁਨੇਹਾ ਦੇਣ ਦੇ ਰੂਪ ਵਿੱਚ ਸਿਰੇ ਚੜ੍ਹਾਇਆ। ਇਸ ਮੌਕੇ ਮ੍ਰਿਤਕ ਸੁਰਜੀਤ ਸਿੰਘ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਏ ਉਹਨਾਂ ਦੇ ਪਿੰਡ ਵਿੱਚ ਸਥਿਤ ਨਿਰਮਲ ਕੁਟੀਆ ਵਿੱਚ ਦਬਾਉਂਦਿਆਂ ਉਸ ਉੱਪਰ ਬੋਹੜ ਦਾ ਦਰਖਤ ਲਗਾਇਆ ਗਿਆ। ਇਸਤੋਂ ਇਲਾਵਾ ਪਿੰਡ ਦੀਆਂ ਜਨਤਕ ਥਾਵਾਂ ਤੇ ਛਾਂਦਾਰ ਦਰਖਤ ਲਗਾਏ ਗਏ। ਇੱਥੇ ਹੀ ਬੱਸ ਨਹੀਂ ਲੋਕਾਂ ਵਿੱਚ ਵਿਗਿਆਨਕ ਤੇ ਸਾਹਿਤਕ ਰੁਚੀ ਪੈਦਾ ਕਰਨ ਲਈ ਪੀਪਲਜ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਰਦਰਸਨੀ ਲਗਾਈ ਗਈ, ਜਿੱਥੋਂ ਪੁਸਤਕਾਂ ਦੀ ਚੰਗੀ ਵਿੱਕਰੀ ਹੋਈ। ਛਾਂਦਾਰ ਦਰਖਤ ਲਗਾਉਣੇ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਵਾਲੀ ਬੇਲੋੜੀ ਕਾਰਗੁਜਾਰੀ ਦੇ ਉਲਟ ਉਹਨਾਂ ਨੂੰ ਖਾਦ ਵਜੋਂ ਇੱਕ ਵੱਡੇ ਦਰਖਤ ਦੀ ਖੁਰਾਕ ਦੇ ਰੂਪ ਵਿੱਚ ਵਰਤੋਂ ਕਰਨੀ ਅਤੇ ਲੋਕਾਂ ਨੂੰ ਸਾਹਿਤ ਨਾਲ ਜੋੜਣ ਦੇ ਕੀਤੇ ਯਤਨ ਦੀ ਇਲਾਕੇ ਭਰ ਵਿੱਚ ਚਰਚਾ ਹੋ ਰਹੀ ਹੈ। ਇਸਨੂੰ ਬੁੱਧੀਜੀਵੀ ਲੋਕ ਇੱਕ ਵੱਡਾ ਤੇ ਵਿਗਿਆਨਕ ਸੁਨੇਹਾ ਦੇਣ ਵਜੋਂ ਵੇਖ ਰਹੇ ਹਨ।
ਇਸ ਮੌਕੇ ਸ੍ਰ: ਸੁਰਜੀਤ ਸਿੰਘ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆਂ ਪ੍ਰਸਿੱਧ ਕਹਾਣੀਕਾਰ ਮਾ: ਅਤਰਜੀਤ ਨੇ ਕਿਹਾ ਘਣੀਆਂ ਪਰਿਵਾਰ ਨੇ ਆਪਣੇ ਪਿਤਾ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਇੱਕ ਨਵੀਂ ਵਿਗਿਆਨਕ ਪਿਰਤ ਪਾਈ ਹੈ, ਜੋ ਵਿਛੜ ਚੁੱਕੇ ਬਜੁਰਗਾਂ ਪ੍ਰਤੀ ਇੱਕ ਸੱਚੀ ਸਰਧਾਂਜਲੀ ਹੈ। ਉਹਨਾਂ ਕਿਹਾ ਕਿ ਇਸ ਸਰਧਾਂਜਲੀ ਸਮਾਗਮ ਸਮੇਂ ਮਿਲੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ, ਜੋ ਲੋਕਾਈ ਦੇ ਹਿਤ ਵਿੱਚ ਹੋਵੇਗਾ। ਸਰਧਾ ਦੇ ਫੁੱਲ ਭੇਂਟ ਕਰਦਿਆਂ ਸ੍ਰੀ ਕੇ ਸੀ ਪਰਿੰਦਾ ਸਾਬਕਾ ਤਹਿਸੀਲਦਾਰ, ਪ੍ਰਿ: ਅਮਰਜੀਤ ਸਿੰਘ, ਜਗਰੂਪ ਸਿੰਘ ਸਾਬਕਾ ਸਰਪੰਚ, ਲਛਮਣ ਸਿੰਘ ਮਲੂਕਾ ਨੇ ਮ੍ਰਿਤਕ ਸੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਕੀਤੇ ਇਸ ਵਿਲੱਖਣ ਸਮਾਗਮ ਦੀ ਸਲਾਘਾ ਕਰਦਿਆਂ ਨਵੀਂ ਪਿਰਤ ਪਾਉਣ ਤੇ ਵਧਾਈ ਦਿੱਤੀ। ਇਸ ਮੌਕੇ ਰਾਜਨੀਤਕ, ਸਾਹਿਤਕ, ਸਮਾਜਿਕ, ਅਕਾਦਮਿਕ ਖੇਤਰ ਦੀਆਂ ਸਖ਼ਸੀਅਤਾਂ ਮੌਜੂਦ ਸਨ। ਆਖ਼ਰ ਵਿੱਚ ਸ੍ਰੀ ਸੁਰਿੰਦਰ ਪ੍ਰੀਤ ਘਣੀਆਂ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।

Real Estate