ਦਿਨੋਂ ਦਿਨੋਂ ਪੇਚੀਦਾ ਹੁੰਦਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ

932

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ। ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਅੱਜ ਤਕ ਪੂਰਾ ਪੰਥ ਭਾਰਤ ਸਰਕਾਰ ਕੋਲੋਂ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਪ੍ਰਪਾਤ ਕਰਨ ਲਈ ਤਰਲੇ ਮਾਰਦਾ ਆ ਰਿਹਾ ਹੈ ਪਰ ਪੰਥ ਨੇ ਕਦੇ ਵੀ ਅਪਣੇ ਗਿਰੇਬਾਣ ਵਿਚ ਝਾਤੀ ਮਾਰ ਕੇ ਨਹੀਂ ਦੇਖਿਆ। ਹਰ ਰੋਜ਼ ਸਾਹਮਣੇ ਆ ਰਹੇ ਨਵੇਂ ਦਸਤਾਵੇਜ਼ਾਂ ਨਾਲ ਇਹ ਮਾਮਲਾ ਹੋਰ ਵੀ ਸ਼ੱਕੀ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਵੱਖ ਵੱਖ ਤਰੀਕਾਂ ਤੇ ਇਹ ਸਾਰਾ ਸਮਾਨ ਵਾਪਸ ਮਿਲਦਾ ਗਿਆ, ਪ੍ਰਭਾਵਸ਼ਾਲੀ ਅਹੁਦਿਆਂ ‘ਤੇ ਬੈਠੇ ਲੋਕ ਅਪਣੀ ਮਰਜ਼ੀ ਨਾਲ ਇਸ ਸਮਾਨ ਨੂੰ ਖ਼ੁਰਦ ਬੁਰਦ ਕਰਦੇ ਗਏ।
ਤਖ਼ਤਾਂ ਦੇ ਜਥੇਦਾਰ, ਅਕਾਲੀ ਦਲਾਂ ਦੇ ਆਗੂ, ਸ਼੍ਰੋਮਣੀ ਕਮੇਟੀ ਦੇ ਮਂੈਬਰ ਅਤੇ ਕੁੱਝ ਵਿਦਵਾਨ ਹਰ ਕਿਸੇ ਨੇ ਵੀ ਇਸ ਵਗਦੀ ਗੰਗਾ ਵਿਚੋਂ ਹੱਥ ਧੋਣ ਵਿਚ ਕਸਰ ਬਾਕੀ ਨਹੀਂ ਰੱਖੀ। ਜਾਣਕਾਰ ਦਸਦੇ ਹਨ ਕਿ ਸੀ ਬੀ ਆਈ ਤੇ ਫ਼ੌਜ ਵਲੋਂ ਕਰੀਬ 10500 ਕਿਤਾਬਾਂ ਅਤੇ ਇਤਿਹਾਸਕ ਗ੍ਰੰਥ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲ ਗਏ ਸਨ। ਇਨ੍ਹਾਂ ਵਿਚ ਅੰਗ੍ਰੇਜ਼ੀ ਦੀਆਂ 3496 ਕਿਤਾਬਾਂ, ਪੰਜਾਬੀ ਦੀਆਂ 4587, ਉਰਦੂ 1400 ਅਤੇ ਹਿੰਦੀ ਦੀਆਂ 466 ਕਿਤਾਬਾਂ ਸ਼ਾਮਲ ਸਨ। ਇਹ ਮਾਮਲਾ 11 ਜੂਨ 2000 ਨੂੰ ਸਾਹਮਣੇ ਆਇਆ ਸੀ ਤਾਂ ਕਮੇਟੀਆਂ ਬਣਾਉਣ ਦਾ ਦੌਰ ਸ਼ੁਰੂ ਹੋ ਗਿਆ।
ਇਸ ਮਾਮਲੇ ‘ਤੇ ਆਖ਼ਰੀ ਸਬ ਕਮੇਟੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਵਿਚ ਬਣੀ। ਸ਼੍ਰੋਮਣੀ ਕਮੇਟੀ ਨੇ ਲਾਇਬ੍ਰੇਰੀ ਮਾਮਲੇ ਦੀ ਜਾਂਚ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰੀਪੋਰਟ ਅੱਜ 10 ਸਾਲ ਬਾਅਦ ਵੀ ਜਨਤਕ ਨਹੀਂ ਹੋ ਸਕੀ। ਸਮੇਂ ਸਮੇਂ ‘ਤੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਪ੍ਰਧਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਦੇ ਬਿਆਨ ਤਾਂ ਦਾਗਦੇ ਰਹੇ ਪਰ ਕਿਸੇ ਵੀ ਪ੍ਰਧਾਨ ਨੇ ਇਸ ਗੱਲ ਦੀ ਛਾਣਬੀਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਪਿੱਛੇ ਅਸਲ ਸੱਚ ਕੀ ਹੈ।
ਇਸ ਮਾਮਲੇ ‘ਤੇ ਰੋਜ਼ਾਨਾ ਸਪੋਕਸਮੈਨ ਦੇ ਹੱਥ ਲੱਗੇ ਨਵੇ ਦਸਤਾਵੇਜ਼ ਦਸਦੇ ਹਨ ਕਿ ਫ਼ੌਜ 6 ਜੂਨ 1984 ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ 125 ਬੋਰੇ ਭਰ ਕੇ ਸਿੱਖ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਯੂਥ ਹੋਸਟਲ ਅੰਮ੍ਰਿਤਸਰ ਲੈ ਗਈ ਸੀ। ਜਿਥੇ ਫ਼ੌਜ ਨੇ ਅਪਣੇ ਨੰਬਰ ਲਗਾਏ ਤੇ ਇਹ ਸਾਰਾ ਖ਼ਜ਼ਾਨਾ ਮੇਰਠ ਛਾਉਣੀ ਲਿਜਾਇਆ ਗਿਆ। ਇਸ ਸਾਰੇ ਖ਼ਜ਼ਾਨੇ ਦਾ ਇਕ ਵੱਡਾ ਭਾਗ 29 ਸਤੰਬਰ 1984, 31 ਅਕਤੂਬਰ 1984, 5 ਜੁਲਾਈ 1985,13 ਅਕਤੂਬਰ 1989, 20 ਜੂਨ 1990 ਅਤੇ 28 ਦਸੰਬਰ 1990 ਨੂੰ ਬਕਾਇਦਾ ਵਸੂਲੀ ਪੱਤਰਾਂ ਤੇ ਦਸਤਖ਼ਤ ਕਰ ਕੇ ਸ਼੍ਰੋਮਣੀ ਕਮੇਟੀ ਨੇ ਵਾਪਸ ਲਿਆ ਪਰ ਉਹ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਪੁੱਜਾ ਜਾਂ ਨਹੀ ਇਹ ਇਕ ਜਾਂਚ ਦਾ ਵਿਸ਼ਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ 185 ਸਰੂਪਾਂ ਦੀ ਤਿੰਨ ਪੰਨਿਆਂ ਦੀ ਇਕ ਸੂਚੀ ਜਿਸ ਵਿਚ ਕਰੀਬ 66 ਸਰੂਪਾਂ ਦਾ ਵੇਰਵਾ ਹੈ ਨੂੰ ਭਾਈ ਗਿਆਨ ਸਿੰਘ ਨਿਹੰਗ ਨੇ ਤਿਆਰ ਕੀਤਾ ਸੀ। ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਕੀਤੇ ਗੁਰੂ ਗ੍ਰੰਥ ਸਾਹਿਬ ਦੇ 185 ਸਰੂਪਾਂ ਵਿਚ ਉਹ ਸਰੂਪ ਵੀ ਸ਼ਾਮਲ ਹੈ ਜਿਸ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਜਿਸ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਹਨ, ਨੂੰ ਗੁਰੂ ਸਾਹਿਬ ਨੇ ਅਪਣੇ ਹੱਥੀਂ ਭਾਈ ਹਰਿਦਾਸ ਨਾਮਕ ਵਿਅਕਤੀ ਨੂੰ ਦਿਤਾ ਜੋ ਕਿ ਜੱਸਾ ਸਿੰਘ ਰਾਮਗ੍ਹੜੀਆ ਦੇ ਦਾਦਾ ਜੀ ਸਨ। ਹੁਣ ਦੇਖਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਈ ਮੀਟਿੰਗ ਵਿਚ ਲਾਇਬ੍ਰੇਰੀ ਦਾ ਕਿਹੜਾ ਸੱਚ ਸਾਹਮਣੇ ਆਉਂਦਾ ਹੈ।
ਸਪੋਕਸਮੈਨ

Real Estate